ਜਲਾਲਾਬਾਦ 21 ਨਵੰਬਰ(ਸੁਰਿੰਦਰਜੀਤ ਸਿੰਘ) – ਸਾਫ-ਸਫਾਈ ਦੀ ਮਹੱਤਤਾ ਨੂੰ ਵੇਖਦਿਆਂ ਹੋਇਆ ਪੂਰੇ ਦੇਸ਼ ਅੰਦਰ ਸਵੱਛ ਭਾਰਤ ਅਭਿਆਨ ਚਲਾਇਆ ਜਾ ਰਿਹਾ ਹੈ।ਇਸ ਅਭਿਆਨ ਤਹਿਤ ਫਾਜ਼ਿਲਕਾ ਜ਼ਿਲੇ੍ਹ ਦੇ ਉਪਮੰਡਲ ਜਲਾਲਾਬਾਦ ਵਿਖੇ ਵੀ ਨਗਰ ਕੌਂਸਲ ਵੱਲੋਂ ਜ਼ੋਰਾਂ-ਸ਼ੋਰਾਂ ਨਾਲ ਗਤੀਵਿਧੀਆਂ ਆਰੰਭੀਆਂ ਜਾ ਰਹੀਆਂ ਹਨ। ਜਲਾਲਾਬਾਦ ਦੇ ਐਸ ਡੀ ਐਮ ਸ. ਸੂਬਾ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਸ੍ਰੀ ਨਰਿੰਦਰ ਕੁਮਾਰ ਵੱਲੋਂ ਸਵੱਛਤਾ ਰੈਂਕਿੰਗ `ਚ ਅੱਗੇ ਆਉਣ ਲਈ ਕਾਰਵਾਈਆਂ ਕਰਦਿਆਂ ਟੀਮਾਂ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਦਿਖ ਨੂੰ ਸੁਧਾਰਨ ਤੇ ਗੰਦਗੀ ਮੁਕਤ ਬਣਾਉਣ ਲਈ ਟੀਮਾਂ ਦਾ ਅਹਿਮ ਰੋਲ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਟੀਮਾਂ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ ਤਾਂ ਜ਼ੋ ਸਬੰਧਤ ਅਧਿਕਾਰੀਆਂ ਵੱਲੋਂ ਤਨਦੇਹੀ ਨਾਲ ਇਸ ਅਭਿਆਨ ਤਹਿਤ ਕੰਮ ਮੁਕੰਮਲ ਕੀਤੇ ਜਾ ਸਕਣ। ਨਗਰ ਕੌਂਸਲ ਜਲਾਲਾਬਾਦ ਦੇ ਸੈਨੇਟਰੀ ਇੰਸਪੈਕਟਰ ਸ੍ਰੀ ਜਗਦੀਪ ਅਰੋੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਠਿਤ ਕੀਤੀਆਂ ਗਈਆਂ ਟੀਮਾਂ ਵੱਲੋਂ ਅਲੱਗ ਅਲੱਗ ਏਰੀਆ ਦੇ ਸਕੂਲਾਂ, ਮੁਹੱਲਾ ਐਸੋਸੀਏਸ਼ਨਾਂ, ਸਰਕਾਰੀ ਅਦਾਰਿਆਂ, ਹਸਪਤਾਲਾਂ ਆਦਿ ਦੀ ਚੈਕਿੰਗ ਕੀਤੀ ਗਈ। ਇਸ ਚੈਕਿੰਗ ਦੇ ਅੰਤਰਗਤ ਕਮਰੇ, ਵਾਸ਼ਰੂਮ ਲਾਇਬ੍ਰੇਰੀਆਂ, ਕੰਪੋਸਟ ਆਦਿ ਦੀ ਚੈਕਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਟੀਮਾਂ ਵੱਲੋਂ ਜਾਂਚ ਦੌਰਾਨ ਕਮਰਿਆਂ ਦੀ ਸਫਾਈ ਵੱਲ ਪੂਰਾ ਧਿਆਨ ਦਿੱਤਾ ਗਿਆ, ਖਾਸ ਕਰਕੇ ਇਹ ਜਾਂਚ ਕੀਤੀ ਗਈ ਕਿ ਵਾਸਰੂਮ ਸਾਫ਼ ਹਨ ਜਾ ਨਹੀ, ਕੂੜੇ ਦਾ ਨਿਪਟਾਰਾ ਸਹੀ ਢੰਗ ਨਾਲ ਹੋ ਰਿਹਾ ਹੈ ਜਾਂ ਨਹੀਂ। ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਪਾਈਆਂ ਖਾਮੀਆਂ ਸਬੰਧੀ ਟੀਮਾਂ ਵੱਲੋਂ ਸਕੂਲਾਂ ਅਤੇ ਸਰਕਾਰੀ ਅਦਾਰਿਆਂ ਦੇ ਮੁਖੀਆਂ ਨੂੰ ਜਾਣੂ ਕਰਵਾਇਆ ਗਿਆ ਤਾਂ ਜ਼ੋ ਹੋਰ ਬਿਹਤਰ ਤਰੀਕੇ ਨਾਲ ਸਾਫ-ਸਫਾਈ ਹੋ ਸਕੇ ਅਤੇ ਬਿਮਾਰੀਆਂ ਤੋਂ ਨਿਜਾਤ ਮਿਲ ਸਕੇ।