ਕੈਲੀਫੋਰਨੀਆਂ 19 ਨਵੰਬਰ( ਗੁਰਿੰਦਰਜੀਤ ਨੀਟਾ ਮਾਛੀਕੇ ) – ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਈਬਰ ਸਕਿਓਰਿਟੀ ਅਤੇ ਸੁਰੱਖਿਆ ਏਜੰਸੀ ਦੇ ਡਾਇਰੈਕਟਰ ਨੂੰ ਬਰਖਾਸਤ ਕਰ ਦਿੱਤਾ ਹੈ ਕਿਉਂਕਿ ਇਸ ਅਧਿਕਾਰੀ ਨੇ ਟਰੰਪ ਦੇ ਉਲਟ ਬੋਲਦਿਆਂ 2020 ਦੀਆਂ ਚੋਣਾਂ ਨੂੰ ਸੰਯੁਕਤ ਰਾਜ ਦੇ ਇਤਿਹਾਸ ਵਿੱਚ ਸਭ ਤੋਂ ਸੁਰੱਖਿਅਤ ਦੱਸਿਆ ਸੀ। ਇਸ ਬਾਰੇ ਟਰੰਪ ਨੇ ਮੰਗਲਵਾਰ ਨੂੰ ਟਵੀਟ ਕਰਦਿਆਂ ਦੱਸਿਆ ਕਿ ਕ੍ਰਿਸ ਕ੍ਰੇਬਜ਼ ਨੂੰ ਚੋਣ ਨਤੀਜਿਆਂ ਦੀ ਸ਼ੁੱਧਤਾ ਬਾਰੇ ਬਿਆਨ ਤੋਂ ਬਾਅਦ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ ਜਦਕਿ ਰਾਸ਼ਟਰਪਤੀ ਨੇ ਚੋਣਾਂ ਵਿੱਚ ਧੋਖਾਧੜੀ ਅਤੇ ਬੈਲਟ ਗਿਣਤੀ ਵਿੱਚ ਸਮੱਸਿਆਵਾਂ ਬਾਰੇ ਦਾਅਵੇ ਕੀਤੇ ਹਨ। ਇਸ ਅਧਿਕਾਰੀ ਅਤੇ ਏਜੰਸੀ ਨੇ 12 ਨਵੰਬਰ ਨੂੰ ਇਕ ਬਿਆਨ ਵਿਚ ਟਰੰਪ ਦੇ ਚੋਣਾਂ ਸੰਬੰਧੀ ਗਲਤ ਦਾਅਵਿਆਂ ਦਾ ਖੰਡਨ ਕੀਤਾ ਸੀ। ਇਸ ਦੇ ਬਿਆਨ ਅਨੁਸਾਰ 3 ਨਵੰਬਰ ਦੀ ਚੋਣ ਅਮਰੀਕੀ ਇਤਿਹਾਸ ਵਿਚ ਸਭ ਤੋਂ ਸੁਰੱਖਿਅਤ ਦੱਸੀ ਗਈ ਸੀ । ਇਸ ਤੋਂ ਇਲਾਵਾ ਦੇਸ਼ ਭਰ ਵਿੱਚ, ਚੋਣ ਅਧਿਕਾਰੀ ਨਤੀਜੇ ਨੂੰ ਅੰਤਮ ਰੂਪ ਦੇਣ ਤੋਂ ਪਹਿਲਾਂ ਸਮੁੱਚੀ ਚੋਣ ਪ੍ਰਕਿਰਿਆ ਦੀ ਸਮੀਖਿਆ ਅਤੇ ਦੋਹਰੀ ਜਾਂਚ ਵੀ ਕਰ ਰਹੇ ਹਨ।ਕ੍ਰੇਬਜ਼ ਨਾਲ ਸੰਬੰਧਿਤ ਸਾਈਬਰ ਸਕਿਓਰਿਟੀ ਅਤੇ ਬੁਨਿਆਦੀ ਢਾਂਚੇ ਦੀ ਸੁਰੱਖਿਆ ਏਜੰਸੀ ਹੋਮਲੈਂਡ ਸਿਕਿਓਰਿਟੀ ਵਿਭਾਗ ਦਾ ਇੱਕ ਹਿੱਸਾ ਹੈ।