Menu

ਗੱਲਬਾਤ ਦੌਰਾਨ ਕੇਂਦਰ ਦੇ ਅੜੀਅਲ ਵਤੀਰੇ ਵਿਰੁੱਧ ਕਿਸਾਨਾਂ ਦੀ ਸੰਘਰਸ਼ ਲਲਕਾਰ ਹੋਰ ਉੱਚੀ,14 ਜ਼ਿਲ੍ਹਿਆਂ ਵਿੱਚ ਕੀਤੇ ਵਿਸ਼ਾਲ ਰੋਸ ਮਾਰਚ

ਚੰਡੀਗੜ੍ਹ 18 ਨਵੰਬਰ (  ਹਰਜੀਤ ਮਠਾੜੂ) –  ਕੇਂਦਰੀ ਮੰਤਰੀਆਂ ਵੱਲੋਂ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਸਮੇਂ ਧਾਰਨ ਕੀਤੇ ਅੜੀਅਲ ਵਤੀਰੇ ਵਿਰੁੱਧ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਅੱਜ 14 ਜ਼ਿਲ੍ਹਿਆਂ ਵਿੱਚ ਜਿਲ੍ਹਾ ਪੱਧਰ ਜਾਂ ਸਬ ਡਵੀਜ਼ਨ ਪੱਧਰ ‘ਤੇ ਵਿਸ਼ਾਲ ਰੋਸ ਮਾਰਚ ਕੀਤੇ ਗਏ ਜਿਨ੍ਹਾਂ ਵਿੱਚ ਹਜ਼ਾਰਾਂ ਔਰਤਾਂ ਅਤੇ ਨੌਜਵਾਨਾਂ ਸਮੇਤ ਲੱਖ ਤੋਂ ਵਧੇਰੇ ਕਿਸਾਨ ਮਜ਼ਦੂਰ ਅਤੇ ਹਮਾਇਤੀ ਲੋਕਾਂ ਨੇ ਸ਼ਾਮਲ ਹੋ ਕੇ ਤਿੱਖੇ ਰੋਹ ਪ੍ਰਗਟਾਵੇ ਰਾਹੀਂ ਸੰਘਰਸ਼ ਲਲਕਾਰ ਹੋਰ ਉੱਚੀ ਕੀਤੀ। ਇਕੱਠਾਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਵੱਲੋਂ ਕਿਸਾਨਾਂ ਨੂੰ ਚੌਕਸ ਕੀਤਾ ਗਿਆ ਕਿ ਸਰਕਾਰ ਦੇ ਅੜੀਖੋਰ ਤੇ ਚਾਲਬਾਜ਼ ਵਤੀਰੇ ਨੂੰ ਬੁੱਝਦਿਆਂ ਗੱਲਬਾਤ ਰਾਹੀਂ ਫੌਰੀ ਨਤੀਜਿਆਂ ਦੀਆਂ ਉਮੀਦਾਂ ਦੇ ਭਰਮ ਜਾਲ ਵਿੱਚ ਨਾ ਉਲਝਿਆ ਜਾਵੇ। ਸਗੋਂ ਲੰਬਾ ਦਮ ਰੱਖ ਕੇ ਸਬਰ ਭਰੇ ਅਣਥੱਕ ਸੰਘਰਸ਼ ਲਈ ਤਿਆਰ ਹੋਇਆ ਜਾਵੇ। ਸੂਬਾਈ ਪ੍ਰੈਸ ਰਿਲੀਜ਼ ਜਾਰੀ ਕਰਦਿਆਂ ਜੱਥੇਬੰਦੀ ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਬੇਸ਼ੱਕ ਇਹ ਸਾਢੇ ਚਾਰ ਮਹੀਨਿਆਂ ਤੋਂ ਲੜੇ ਜਾ ਰਹੇ ਅਣਲਿਫ ਕਿਸਾਨ ਸੰਘਰਸ਼ ਦੀ ਪ੍ਰਾਪਤੀ ਹੈ ਕਿ ਸਰਕਾਰ ਨੂੰ ਗੱਲਬਾਤ ਦੀ ਮੇਜ਼ ਤੇ ਆਉਣ ਲਈ ਮਜਬੂਰ ਹੋਣਾ ਪਿਆ ਹੈ। ਪ੍ਰੰਤੂ ਅਜੇ ਵੀ ਕੇਂਦਰੀ ਹਕੂਮਤ ਦਾ ਹਮਲਾਵਰ ਰੁਖ ਜਾਰੀ ਹੈ ਤੇ ਉਹ ਆਪਣੀਆਂ ਸ਼ਰਤਾਂ ਮੰਨਵਾ ਕੇ ਗੱਲਬਾਤ ਕਰਨਾ ਚਾਹੁੰਦੀ ਹੈ ਅਤੇ ਸੰਘਰਸ਼ਸ਼ੀਲ ਲੋਕਾਂ ਨੂੰ ਝਕਾਨੀ ਦੇਣ ਦੀ ਉਮੀਦ ਪਾਲ ਰਹੀ ਹੈ। ਇਸ ਖੋਟੀ ਉਮੀਦ ਦਾ ਮਲੀਆਮੇਟ ਕਰਨ ਲਈ ਅੱਜ ਕੀਤੇ ਜਾ ਰਹੇ ਵਿਸ਼ਾਲ ਰੋਸ ਮਾਰਚਾਂ ਦੇ ਬਰਾਬਰ ਹੀ ਸੂਬਾ ਪ੍ਰਧਾਨ ਜੋੋੋਗਿੰਦਰ ਸਿੰਘ ਉਗਰਾਹਾਂ ਤੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਆਪਣੀ ਜਥੇਬੰਦੀ, 30 ਜਥੇਬੰਦੀਆਂ ਦਾ ਮੰਚ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸਮੇਤ ਪੰਜਾਬ ਦੇ ਤਿੰਨਾਂ ਸੰਘਰਸ਼ਸ਼ੀਲ ਕਿਸਾਨ ਕੇਂਦਰਾਂ ਦੇ ਆਪਸੀ ਤਾਲਮੇਲ ਨੂੰ ਪੂਰਾ ਮਜ਼ਬੂਤ ਕਰਨ ਦੀ ਲਿਖਤੀ ਅਪੀਲ ਲੈ ਕੇ ਚੰਡੀਗੜ੍ਹ ਪੁੱਜੇ ਹਨ। ਜਿਸ ਵਿੱਚ ਦੂਜੇ ਦੋਨਾਂ ਸੰਘਰਸ਼ਸ਼ੀਲ ਕੇਂਦਰਾਂ ਨੂੰ ਸੰਘਰਸ਼ਾਂ ਵਿੱਚ ਵੀ ਅਤੇ ਗੱਲਬਾਤ ਸਮੇਂ ਵੀ ਗੂੜ੍ਹਾ ਆਪਸੀ ਤਾਲਮੇਲ ਕਾਇਮ ਕਰਨ ਉੱਤੇ ਜ਼ੋਰ ਦਿੱਤਾ ਗਿਆ ਹੈ। ਠਾਠਾਂ ਮਾਰਦੇ ਇਕੱਠਾਂ ਨੂੰ ਬੁਲਾਰਿਆਂ ਵੱਲੋਂ ਸੱਦਾ ਦਿੱਤਾ ਗਿਆ ਕਿ 21,22,23 ਨਵੰਬਰ ਨੂੰ “‘ਪਿੰਡਾਂ ਨੂੰ ਜਗਾਓ ਪਿੰਡਾਂ ਨੂੰ ਹਿਲਾ ਦਿਓ”‘ ਮੁਹਿੰਮ ਤਹਿਤ ਔਰਤਾਂ ਦੇ ਮੁਜ਼ਾਹਰੇ ਅਤੇ ਨੌਜਵਾਨਾਂ ਦੇ ਮਸ਼ਾਲ ਮਾਰਚਾਂ ਦਾ ਤਾਂਤਾ ਬੰਨ੍ਹ ਦਿਓ। 26 ਨਵੰਬਰ ਨੂੰ ਦਿੱਲੀ ਜਾਣ ਲਈ ਖਨੌਰੀ ਤੇ ਡੱਬਵਾਲੀ ਦੇ ਰਸਤੇ ਰਾਹੀਂ ਜਥੇਬੰਦੀ ਦੀ ਅਗਵਾਈ ਚ ਡੇੜ੍ਹ ਲੱਖ ਕਿਸਾਨਾਂ ਵੱਲੋਂ ਦਿੱਲੀ ਵੱਲ ਕੂਚ ਕਰਨ ਦਾ ਇਤਿਹਾਸਕ ਟੀਚਾ ਪਾਰ ਕਰ ਦਿਓ। ਬੁਲਾਰਿਆਂ ਨੇ ਪੰਜਾਬ ਸਰਕਾਰ ਵੱਲੋਂ ਪੇਂਡੂ ਖਰੀਦ ਕੇਂਦਰਾਂ ਵਿੱਚ ਝੋਨੇ ਦੀ ਖਰੀਦ ਬੰਦ ਕਰਨ ਦੇ ਕਿਸਾਨ ਮਾਰੂ ਫੈਸਲੇ ਦੀ ਸਖ਼ਤ ਨਿਖੇਧੀ ਕੀਤੀ ਅਤੇ ਇਹ ਫੈਸਲਾ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ। ਪੰਜਾਬ ਸਰਕਾਰ ਨਾਲ ਸੰਬੰਧਿਤ ਮੰਗਾਂ ਲਈ 20 ਨਵੰਬਰ ਨੂੰ ਜਨਤਕ ਵਫਦਾਂ ਰਾਹੀਂ ਡੀ ਸੀ ਦਫਤਰਾਂ ਵਿੱਚ ਯਾਦਪੱਤਰ ਦਿੱਤੇ ਜਾਣਗੇ। ਥਾਂ ਥਾਂ ਮਤੇ ਪਾਸ ਕਰਕੇ 45 ਥਾਂਵਾਂ ‘ਤੇ ਚੱਲ ਰਹੇ ਅਣਮਿਥੇ ਸਮੇਂ ਦੇ ਧਰਨੇ ਘਿਰਾਓ ਡਟ ਕੇ ਜਾਰੀ ਰੱਖਣ ਦਾ ਅਹਿਦ ਕੀਤਾ ਗਿਆ। ਅਤੇ 26 ਨਵੰਬਰ ਨੂੰ ਟ੍ਰੇਡ ਯੂਨੀਅਨ ਕਾਮਿਆਂ ਤੇ ਮੁਲਾਜ਼ਮਾਂ ਵੱਲੋਂ ਨਿੱਜੀਕਰਨ ਦੀਆਂ ਨੀਤੀਆਂ ਵਿਰੁੱਧ ਕੀਤੀ ਜਾ ਰਹੀ ਮੁਲਕ ਪੱਧਰੀ ਹੜਤਾਲ ਦੀ ਜ਼ੋਰਦਾਰ ਹਮਾਇਤ ਕੀਤੀ ਗਈ। ਰੋਸ ਮਾਰਚਾਂ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਜਸਵਿੰਦਰ ਸਿੰਘ ਲੌਂਗੋਵਾਲ, ਸ਼ਿੰਗਾਰਾ ਸਿੰਘ ਮਾਨ, ਜਨਕ ਸਿੰਘ ਭੁਟਾਲ ਤੇ ਹਰਿੰਦਰ ਬਿੰਦੂ ਸਮੇਤ ਸਾਰੇ ਜਿਲ੍ਹਾ ਆਗੂ ਸ਼ਾਮਲ ਸਨ।

Listen Live

Subscription Radio Punjab Today

Our Facebook

Social Counter

  • 18960 posts
  • 1 comments
  • 0 fans

Log In