ਫਾਜ਼ਿਲਕਾ, 13 ਨਵੰਬਰ (ਸੁਰਿੰਦਰਜੀਤ ਸਿੰਘ) – ਆਲ ਇੰਡੀਆ ਸੈਨਿਕ ਸਕੂਲਾਂ ਵਿਚ ਦਾਖਲੇ ਲਈ ਇਮਤਿਹਾਨ 10 ਜਨਵਰੀ 2021 (ਐਤਵਾਰ) ਨੂੰ ਲਿਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਫਾਜ਼ਿਲਕਾ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਆਲ ਇੰਡੀਆ ਸੈਨਿਕ ਸਕੂਲਾਂ ਵਿਚ ਦਾਖਲਾ ਲੈਣ ਲਈ ਪ੍ਰੀਖਿਆ ਮਿਤੀ 10 ਜਨਵਰੀ 2021 ਨੂੰ ਹੋਵੇਗੀ। ਇਸ ਪ੍ਰੀਖਿਆ ਰਾਹੀਂ ਸਫਲ ਹੋਣ ਵਾਲੇ ਲੜਕੇ ਅਤੇ ਲੜਕੀਆਂ ਕਲਾਸ ਛੇਵੀਂ ਵਿਚ ਦਾਖਲਾ ਲੈ ਸਕਦੇ ਹਨ। ਇਸ ਤੋਂ ਇਲਾਵਾ ਕਲਾਸ ਨੌਵੀਂ ਲਈ ਸਿਰਫ ਲੜਕੇ ਦਾਖਲਾ ਲੈ ਸਕਦੇ ਹਨ। ਇਸ ਸਬੰਧੀ ਚਾਹਵਾਨ ਵਿਦਿਆਰਥੀ ਆਪਣੀ ਅਰਜ਼ੀ https://aissee.nta.nic.in/ ’ਤੇ ਮਿਤੀ 19/11/2020 ਤੱਕ ਆਨਲਾਈਨ ਭੇਜ ਸਕਦੇ ਹਨ।
ਇਸ ਪ੍ਰੀਖਿਆ ਲਈ ਪੰਜਾਬ ’ਚ ਤਜਵੀਜ਼ਤ ਸੈਂਟਰ ਅੰਮਿ੍ਰਤਸਰ, ਲੁਧਿਆਣਾ, ਫਰੀਦਕੋਟ, ਪਟਿਆਲਾ, ਕਪੂਰਥਲਾ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਲ ਇੰਡੀਆ ਸੈਨਿਕ ਸਕੂਲ ਵਿਚ ਦਾਖਲਾ ਲੈ ਕੇ ਵਿਦਿਆਰਥੀ ਆਪਣਾ ਭਵਿੱਖ ਉਜਵਲ ਕਰ ਸਕਦੇ ਹਨ।