ਫਰਿਜ਼ਨੋ(ਕੈਲੀਫੋਰਨੀਆਂ),26 ਅਕਤੂਬਰ(ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਵਿੱਚ ਹਰ ਰੋਜ਼ ਦੇ ਵੱਧਦੇ ਹੋਏ ਵਾਇਰਸ ਦੀ ਲਾਗ ਦੇ ਕੇਸਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਮਾਹਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਆਉਣ ਵਾਲੀਆਂ ਸਰਦੀਆਂ ਵਿੱਚ ਅਮਰੀਕਾ ਵਾਸੀਆਂ ਦੀ ਮੁਸ਼ਕਿਲ ਵੱਧ ਹੋ ਸਕਦੀ ਹੈ। ਸਯੁੰਕਤ ਰਾਜ ਨੇ ਸ਼ੁੱਕਰਵਾਰ ਨੂੰ ਨਵੇਂ ਕੋਰੋਨਾਂ ਵਾਇਰਸ ਦੇ ਕੇਸਾਂ ਦੀ ਰਿਕਾਰਡ ਤੋੜ ਰਿਪੋਰਟ ਕੀਤੀ ਹੈ ਜਿਸ ਕਰਕੇ ਸਿਹਤ ਮਾਹਰਾਂ ਨੇ ਚਿੰਤਾ ਜ਼ਾਹਿਰ ਕੀਤੀ ਹੈ। ਜੌਨਸ ਹੌਪਕਿਨਜ਼ ਯੂਨੀਵਰਸਿਟੀ ਦੁਆਰਾ ਇਕੱਤਰ ਕੀਤੇ ਅੰਕੜਿਆਂ ਅਨੁਸਾਰ ਦੇਸ਼ ਵਿੱਚ ਸ਼ੁੱਕਰਵਾਰ ਨੂੰ 83,700 ਤੋਂ ਵੱਧ ਨਵੇਂ ਕੋਵਿਡ -19 ਕੇਸ ਸਾਹਮਣੇ ਆਏ, ਜੋ 16 ਜੁਲਾਈ ਨੂੰ ਦਰਜ਼ ਹੋਏ ਤਕਰੀਬਨ 77,300 ਕੇਸਾਂ ਨੂੰ ਪਾਰ ਕਰ ਗਏ ਹਨ। ਇਸ ਸੰਬੰਧੀ ਸੰਯੁਕਤ ਰਾਜ ਦੇ ਸਾਬਕਾ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਕਮਿਸ਼ਨਰ ਡਾ. ਸਕਾਟ ਗੌਟਲੀਏਬ ਨੇ ਸ਼ੁੱਕਰਵਾਰ ਸ਼ਾਮ ਨੂੰ ਕਿਹਾ ਕਿ “ਸਰਦੀਆਂ ਬਹੁਤ ਮੁਸ਼ਕਲ ਹੋਣ ਜਾ ਰਹੀਆਂ ਹਨ।” ਸ਼ੁੱਕਰਵਾਰ ਤੱਕ ਦੇਸ਼ ਦੇ 37 ਰਾਜਾਂ ਵਿੱਚ ਕੋਰੋਨਾਂ ਵਾਇਰਸ ਦੇ ਕੇਸਾਂ ਵਿੱਚ 5% ਜਾਂ ਇਸ ਤੋਂ ਵੱਧ ਵਾਧਾ ਹੋਇਆ ਹੈ। ਕੈਲੀਫੋਰਨੀਆਂ ਅਤੇ ਅਲਾਬਮਾ ਵਰਗੇ ਕੁਝ ਰਾਜ ਜੋ ਕਿ ਵਾਇਰਸ ਦੇ ਟੈਸਟ ਵਿੱਚ ਪਿੱਛੇ ਹਨ ਨੇ ਦੇਸ਼ ਦੇ ਨਵੇਂ ਕੇਸਾਂ ਵਿੱਚ ਵਾਧਾ ਕੀਤਾ ਹੈ।
ਬਿਮਾਰੀ ਨਿਯੰਤਰਣ ਅਤੇ ਰੋਕਥਾਮ ਕੇਂਦਰ ਦੇ ਡਿਪਟੀ ਡਾਇਰੈਕਟਰ ਜੇ ਬਟਲਰ ਅਨੁਸਾਰ ਸਰਦੀਆਂ ਵਿੱਚ ਬਾਹਰ ਮੌਸਮ ਠੰਢਾ ਹੋਣ ਕਰਕੇ ਜਿਆਦਾਤਰ ਘਰਾਂ ਵਿੱਚ ਹੀ ਇਕੱਠੇ ਹੋ ਕੇ ਕੰਮ ਕਰਦੇ ਹਨ ਜੋ ਕਿ ਵਾਇਰਸ ਨੂੰ ਫੈਲਣ ਵਿੱਚ ਮੱਦਦ ਕਰੇਗਾ।ਕਈ ਰਾਜਾਂ ਦੇ ਮਾਮਲਿਆਂ ਵਿੱਚ ਵਾਧਾ ਲੋਕਾਂ ਨੂੰ ਹਸਪਤਾਲਾਂ ਵਿੱਚ ਦਾਖਲ ਹੋਣ ਵੱਲ ਲਿਜਾ ਰਿਹਾ ਹੈ ਅਤੇ ਆਖਰਕਾਰ ਇਹ ਵਧੇਰੇ ਮੌਤਾਂ ਦਾ ਕਾਰਨ ਬਣੇਗਾ। ਲਗਭੱਗ 13 ਰਾਜਾਂ ਵਿੱਚ ਸ਼ੁੱਕਰਵਾਰ ਨੂੰ ਹਫਤਾਵਰੀ ਔਸਤ ਦੇ ਆਧਾਰ ਤੇ ਹਸਪਤਾਲ ਵਿੱਚ ਦਾਖਲ ਹੋਏ ਲੋਕਾਂ ਦੇ ਅੰਕੜੇ ਵੀ ਜਿਆਦਾ ਹਨ। ਉਨ੍ਹਾਂ ਵਿੱਚੋਂ ਬਹੁਤ ਸਾਰੇ ਪੱਛਮ ਅਤੇ ਮਿਡਵੈਸਟ ਵਿੱਚ ਹਨ ਜਿਨ੍ਹਾਂ ਵਿੱਚ ਆਇਓਵਾ, ਮੋਂਟਾਨਾ, ਨੌਰਥ ਡਕੋਟਾ, ਨੇਬਰਾਸਕਾ, ਓਹੀਓ, ਓਕਲਾਹੋਮਾ, ਵਿਸਕਾਨਸਿਨ ਅਤੇ ਵਿਯੋਮਿੰਗ ਆਦਿ ਸ਼ਾਮਿਲ ਹਨ।