ਮੋਹਾਲੀ, 8 ਸਤੰਬਰ – ਬਲਵੰਤ ਸਿੰਘ ਮੁਲਤਾਨੀ ਹੱਤਿਆ/ਅਗਵਾਹ/ਲਾਪਤਾ ਮਾਮਲੇ ‘ਚ ਘਿਰੇ ਸਾਬਕਾ ਡੀਜੀਪੀ ਨੂੰ ਹਾਈ ਕੋਰਟ ਤੋਂ ਵੀ ਰਾਹਤ ਨਹੀਂ ਮਿਲੀ। ਖ਼ਬਰ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵੀ ਸੁਮੇਧ ਸਿੰਘ ਸੈਣੀ ਦੀ ਪੇਸ਼ਗੀ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਹੈ। ਸੈਣੀ ਇਸ ਵੇਲੇ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਆਪਣੀ ਸੁਰੱਖਿਆ ਛਤਰੀ ਛੱਡ ਕੇ ਫਰਾਰ ਹੈ।ਪੁਲਿਸ ਉਸ ਦੀ ਗ੍ਰਿਫਤਾਰੀ ਲਈ ਛਾਪੇ ਮਾਰ ਰਹੀ ਹੈ।
ਕਿਹਾ ਜਾ ਰਿਹਾ ਹੈ ਕਿ ਉਹ ਹੁਣ ਉਹ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾ ਸਕਦਾ ਹੈ।ਇਸ ਤੋਂ ਪਹਿਲਾਂ 1 ਸਤੰਬਰ ਨੂੰ ਸੈਣੀ ਨੂੰ ਮੋਹਾਲੀ ਦੀ ਜ਼ਿਲ੍ਹਾ ਅਦਾਲਤ ਨੇ ਵੀ ਇਹ ਕਹਿ ਕੇ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਮੁਲਜ਼ਮ/ਬਿਨੈਕਾਰ ਸੈਣੀ ਘਿਨੌਣੇ ਅਪਰਾਧਾਂ ਦੇ ਦੋਸ਼ਾਂ ‘ਚ ਘਿਰਿਆ ਹੋਇਆ ਹੈ, ਇਸ ਲਈ ਉਹ ਪੇਸ਼ਗੀ ਜ਼ਮਾਨਤ ਵਰਗੀ ਅਸਾਧਰਨ ਰਾਹਤ ਦਾ ਹੱਕਦਾਰ ਨਹੀਂ ਹੈ। ਪੁਲਿਸ ਉਸ ਦੇ ਸੰਭਾਵਿਤ ਟਿਕਾਣਿਆਂ ‘ਤੇ ਛਾਪੇਮਾਰੀ ਕਰ ਰਹੀ ਹੈ ਪਰ 8 ਦਿਨਾਂ ਤੋਂ ਉਸਦਾ ਹਾਲੇ ਕੋਈ ਥਹੁ-ਪਤਾ ਨਹੀਂ ਲੱਗ ਸਕਿਆ।