ਬਠਿੰਡਾ, 24 ਅਗਸਤ – ਜਿਲਾ ਬਾਲ ਸੁਰੱਖਿਆ ਅਫਸਰ ਰਵਨੀਤ ਕੌਰ ਸਿੱਧੂ ਨੇ ਦੱਸਿਆ ਕਿ ਇੱਕ ਗੁੰਮਸ਼ੁਦਾ ਬੱਚਾ ਕਨਿਸ਼ ਜਿਸ ਦੀ ਉਮਰ ਲਗਭਗ 10 ਸਾਲ ਜੋ ਕਿ ਰੇਲਵੇ ਪੁਲਿਸ ਬਠਿੰਡਾ ਨੂੰ ਮਿਤੀ 1 ਫਰਵਰੀ 2020 ਨੂੰ ਮਿਲਿਆ ਸੀ। ਬੱਚੇ ਦੇ ਮਾਪਿਆਂ ਦੀ ਭਾਲ ਕਰਨ ਲਈ ਬੱਚੇ ਦੀ ਲਗਾਤਾਰ ਕਾਉਂਸਲਿੰਗ ਕੀਤੀ ਗਈ ਪਰੰਤੂ ਉਸਦੇ ਮਾਪਿਆਂ ਦੀ ਭਾਲ ਨਹੀਂ ਹੋ ਸਕੀ।
ਉਨਾਂ ਅੱਗੇ ਦੱਸਿਆ ਕਿ ਇਹ ਬੱਚਾ ਸਿਰਫ ਆਪਣਾ ਪਤਾ ਦਿੱਲੀ ਬਾਰੇ ਦਸਦਾ ਸੀ ਕਿਉੰਕਿ ਉਸ ਦਾ ਪਿਛੋਕੜ ਬਿਹਾਰ ਦਾ ਸੀ ਅਤੇ ਉਨਾਂ ਵੱਲੋਂ ਬਿਹਾਰ ਅਤੇ ਹਰਿਆਣਾ ਪੁਲਿਸ ਨਾਲ ਵੀ ਤਾਲਮੇਲ ਕੀਤਾ ਗਿਆ ਪਰੰਤੂ ਸਫਲਤਾ ਪ੍ਰਾਪਤ ਨਹੀਂ ਹੋਈ ਅੰਤ ਵਿੱਚ 06 ਮਹੀਨਿਆਂ ਦੀ ਮਿਹਨਤ ਉਪਰੰਤ ਬੱਚੇ ਦਾ ਪਰਿਵਾਰ ਸ਼ਾਹਬਾਅਦ ਡੇਅਰੀ ਨਵੀਂ ਦਿੱਲੀ ਵਿੱਚ ਮਿਲ ਗਿਆ।
ਉਨਾਂ ਇਹ ਵੀ ਦੱਸਿਆ ਕਿ ਬੱਚੇ ਦੇ ਪਿਤਾ ਕਨਇਆ ਲੇਬਰ ਦਾ ਕੰਮ ਕਰਦੇ ਹਨ ਅਤੇ ਬੱਚੇ ਦੀ ਮਾਤਾ ਦੀ ਮੌਤ ਹੋ ਚੁੱਕੀ ਹੈ। ਬਾਲ ਭਲਾਈ ਕਮੇਟੀ, ਬਠਿੰਡਾ ਵੱਲੋਂ ਪੁਲਿਸ ਚੌਕੀ ਸ਼ਾਹਬਾਅਦ ਡੇਅਰੀ ਦੇ ਮੁਲਾਜ਼ਿਮ ਦੀ ਹਾਜ਼ਰੀ ਵਿੱਚ ਪਰਿਵਾਰ ਦੇ ਦਸਤਾਵੇਜ ਚੈੱਕ ਕਰਨ ਉਪਰੰਤ ਪਿਤਾ ਦੇ ਹਵਾਲੇ ਕੀਤਾ ਗਿਆ।
ਇਸ ਮੌਕੇ ਉਪਰ ਡਾ ਫੁਲਇੰਦਰਪ੍ਰੀਤ, ਐਡਵੋਕੇਟ ਰਾਕੇਸ਼ ਕੁਮਾਰ ਗਾਰਗੀ, ਸ਼੍ਰੀ ਸਾਧੂ ਰਾਮ ਕੌਸ਼ਲਾ- ਮੈਂਬਰ ਬਾਲ ਭਲਾਈ ਕਮੇਟੀ, ਸ਼੍ਰੀ ਸੰਜੈ ਕੁਮਾਰ (ਪੁਲਿਸ ਵਿਭਾਗ ਨਵੀਂ ਦਿੱਲੀ), ਸ਼੍ਰੀ ਰਾਜਵਿੰਦਰ ਸਿੰਘ (ਲੀਗਲ – ਕਮ- ਪ੍ਰੋਬੇਸ਼ਨ ਅਫਸਰ), ਸ਼੍ਰੀ ਗਗਨਦੀਪ (ਕੇਸ ਵਰਗਰ ਚਿਲਡਰਨ ਹੋਮ ਫਾਰ ਬੁਆਏਜ), ਸ਼੍ਰੀਮਤੀ ਰਜਨੀ ਅਤੇ ਸ਼੍ਰੀ ਬਿੱਕਰ ਸਿੰਘ ਆਦਿ ਹਾਜ਼ਰ ਸਨ।