।
ਬਠਿੰਡਾ, 18 ਅਗਸਤ – ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਬੀ ਸ਼੍ਰੀਨਿਵਾਸ਼ਨ ਵੱਲੋਂ ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਜ਼ਿਲੇ ਵਿੱਚ ਅਗਲੇ ਆਦੇਸ਼ਾਂ ਤੱਕ ਵਾਧੂ ਪਾਬੰਦੀਆਂ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ । ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾ ਤਹਿਤ ਸ਼ਹਿਰੀ ਖੇਤਰਾਂ ਵਿੱਚ ਕੋਵਿਡ-19 ਸਬੰਧੀ ਮਾਮਲਿਆਂ ਵਿੱਚ ਅਚਾਨਕ ਵਾਧਾ ਹੋਣ ਕਰਕੇ ਕੁਝ ਗਤੀਵਿਧੀਆਂ ਤੇ ਵਾਧੂ ਪਾਬੰਦੀਆਂ ਲਾਉਣਾ ਜ਼ਰੂਰੀ ਸਮਝਿਆ ਗਿਆ ਹੈ। ਇਸ ਅਨੁਸਾਰ 18 ਅਗਸਤ ਤੋਂ ਅਗਲੇ ਆਦੇਸ਼ਾਂ ਤੱਕ ਜ਼ਿਲੇ ਦੇ ਸਾਰੇ ਸ਼ਹਿਰਾਂ ਦੀ ਮਿਉਂਸੀਪਲ ਹੱਦਾਂ ਦੇ ਅੰਦਰ ਵਾਧੂ ਪਾਬੰਦੀਆਂ ਲਗਾਈਆਂ ਰਹਿਣਗੀਆਂ।
ਡਿਪਟੀ ਕਮਿਸ਼ਨਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਸਾਰੀਆਂ ਗੈਰ-ਜ਼ਰੂਰੀ ਗਤੀਵਿਧੀਆਂ ਲਈ ਵਿਅਕਤੀਆਂ ਦੀ ਆਵਾਜਾਈ ‘ਤੇ ਜ਼ਿਲੇ ਦੇ ਸਾਰੇ ਸ਼ਹਿਰਾਂ ਦੀ ਮਿਉਂਸੀਪਲ ਹਦੂਦ ਦੇ ਅੰਦਰ ਰਾਤ 9.00 ਵਜੇ ਤੋਂ ਸਵੇਰੇ 5 ਵਜੇ ਤੱਕ ਪਾਬੰਦੀ ਰਹੇਗੀ। ਹਾਲਾਂਕਿ ਮਲਟੀਪਲ ਸਿਫਟਾਂ ਦੇ ਸੰਚਾਲਨ, ਰਾਸ਼ਟਰੀ ਅਤੇ ਰਾਜ ਮਾਰਗਾਂ ‘ਤੇ ਵਿਅਕਤੀਆਂ ਅਤੇ ਜਰੂਰੀ ਚੀਜ਼ਾਂ ਦੀ ਆਵਾਜਾਈ ਅਤੇ ਸਮਾਨ ਨੂੰ ਉਤਾਰਨ ਅਤੇ ਬੱਸਾਂ, ਰੇਲ ਗੱਡੀਆਂ ਅਤੇ ਹਵਾਈ ਜਹਾਜ਼ਾਂ ਤੋਂ ਬਾਅਦ ਵਿਅਕਤੀਆਂ ਨੂੰ ਉਨਾਂ ਦੇ ਸਥਾਨਾਂ ‘ਤੇ ਜਾਣ ਸਮੇਤ ਲਿਆਉਣ-ਲਿਜਾਣ ਦੀ ਆਗਿਆ ਹੋਵੇਗੀ। ਇਸੇ ਤਰਾਂ 2-3 ਸਿਫਟਾਂ ਵਿੱਚ ਚੱਲ ਰਹੇ ਉਦਯੋਗ ਵੀ ਖੁੱਲੇ ਰਹਿਣਗੇ।
ਹੁਕਮਾਂ ਵਿੱਚ ਉਨਾਂ ਅੱਗੇ ਇਹ ਵੀ ਦੱਸਿਆ ਕਿ ਰੈਸਟੋਰੈਂਟ, ਹੋਟਲ ਅਤੇ ਹੋਰ ਪਰਾਹੁਣਚਾਰੀ ਦੀਆਂ ਇਕਾਈਆਂ ਰਾਤ 8.30 ਵਜੇ ਤੱਕ ਖੁੱਲੀਆਂ ਰਹਿਣਗੀਆਂ। ਇਸ ਤੋਂ ਇਲਾਵਾ ਦੁਕਾਨਾਂ ਅਤੇ ਸ਼ਾਪਿੰਗ ਮਾਲ ਸ਼ਾਮ 8 ਵਜੇ ਤੱਕ ਖੁੱਲੇ ਰਹਿਣਗੇ। ਸ਼ਾਪਿੰਗ ਮਾਲਾਂ ਵਿੱਚ ਸਥਿਤ ਰੈਸਟੋਰੈਂਟ/ਹੋਟਲ ਅਤੇ ਸ਼ਰਾਬ ਦੇ ਠੇਕੇ ਰਾਤ 8.30 ਵਜੇ ਤੱਕ ਖੁੱਲੇ ਰਹਿਣਗੇ।
ਇਸ ਤੋਂ ਇਲਾਵਾ ਜ਼ਿਲੇ ਭਰ ਵਿੱਚ ਜ਼ਰੂਰੀ ਚੀਜ਼ਾਂ ਅਤੇ ਸ਼ਾਪਿੰਗ ਮਾਲਾਂ ਵਿੱਚ ਵਪਾਰ ਕਰਨ ਵਾਲਿਆਂ ਤੋਂ ਇਲਾਵਾ 31.07.2020 ਦੀ ਹਦਾਇਤਾਂ ਅਨੁਸਾਰ ਦੁਕਾਨਾ ਐਤਵਾਰ ਨੂੰ ਬੰਦ ਰਹਿਣਗੀਆਂ। ਡਿਪਟੀ ਕਮਿਸ਼ਨਰ ਨੇ ਜ਼ਿਲੇ ਦੇ ਵਸਨੀਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਨੀਵਾਰ ਅਤੇ ਐਤਵਾਰ ਨੂੰ ਬੇਲੋੜੀ ਯਾਤਰਾ ਤੋਂ ਵੀ ਗੁਰੇਜ਼ ਕਰਨ।