Menu

ਕੱਚੇ ਘਰਾਂ ‘ਚ ਰਹਿਣ ਵਾਲਿਆਂ ਲਈ ਮਸੀਹਾ ਸਾਬਿਤ ਹੋਈ ਆਵਾਸ ਯੋਜਨਾ

ਫਾਜ਼ਿਲਕਾ 8 ਅਗਸਤ(ਸੁਰਿੰਦਰਜੀਤ ਸਿੰਘ) – ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਸਰਕਾਰ ਵੱਲੋਂ ਚਲਾਈ ਜਾ ਰਹੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਜ਼ਿਲੇ ਦੇ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਹਰ ਵਰਗ ਦੇ ਲੋਕਾਂ ਲਈ ਲਾਹੇਵੰਦ ਸਾਬਿਤ ਹੋ ਰਹੀ ਹੈ। ਉਨਾਂ ਦੱਸਿਆ ਕਿ ਇਸ ਯੋਜਨਾ ਤਹਿਤ ਸਾਲ 2019-20 ਦੇ 1473 ਲਾਭਪਾਤਰੀਆਂ ਨੂੰ 4 ਕਰੋੜ 41 ਲੱਖ 90 ਹਜ਼ਾਰ ਰੁਪਏ ਦੀ ਪਹਿਲੀ ਕਿਸ਼ਤ ਮੁਹੱਈਆ ਕਰਵਾਈ ਜਾ ਚੁੱਕੀ ਹੈ। ਇਸ ਯੋਜਨਾ ਤਹਿਤ 478 ਲਾਭਪਾਤਰੀਆਂ ਨੂੰ 3 ਕਰੋੜ 44 ਲੱਖ ਤੋਂ ਵਧੇਰੇ ਦੀ ਦੂਜੀ ਕਿਸ਼ਤ ਜਾਰੀ ਕੀਤੀ ਗਈ ਹੈ। ਉਨਾਂ ਕਿਹਾ ਕਿ ਇਸ ਯੋਜਨਾ ਤਹਿਤ ਸਰਕਾਰ ਵੱਲੋਂ ਤੈਅ ਕੀਤੇ ਮਾਪਦੰਡ ਦੇ ਅਧਾਰ ‘ਤੇ ਲਾਭਪਾਤਰੀਆਂ ਦੀ ਪੜਤਾਲ ਕਰਕੇ ਉਨਾਂ ਦੇ ਕੱਚੇ ਮਕਾਨਾਂ ਨੂੰ ਪੱਕਾ ਕਰਨ ਲਈ ਤਿੰਨ ਕਿਸ਼ਤਾਂ ਰਾਹੀਂ 1 ਲੱਖ 20 ਹਜਾਰ ਰੁਪਏ ਦੀ ਰਾਸ਼ੀ ਮੁਹੱਈਆ ਕਰਵਾਈ ਜਾਂਦੀ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਨਵਲ ਰਾਮ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਉਨਾਂ ਹਰ ਵਰਗ ਦੇ ਲੋਕਾਂ ਨੂੰ ਕਵਰ ਕੀਤਾ ਜਾਂਦਾ ਹੈ ਜਿਨਾਂ ਦੇ ਬੀ.ਪੀ.ਐਲ. ਕਾਰਡ ਬਣੇ ਹੋਏ ਹਨ, ਜੋ ਕਿ ਗਰੀਬੀ ਰੇਖਾ ਤੋਂ ਹੇਠਾਂ ਹਨ। ਉਨਾਂ ਦੱਸਿਆ ਕਿ ਬਲਾਕ ਅਬੋਹਰ ਵਿਚ 364 ਲਾਭਪਾਤਰੀਆਂ, ਅਰਨੀਵਾਲਾ ਵਿਖੇ 145, ਫ਼ਾਜ਼ਿਲਕਾ ਵਿਖੇ 203, ਜਲਾਲਾਬਾਦ ਵਿਖੇ 364, ਖੂਈਆਂ ਸਰਵਰ ਵਿਖੇ 397 ਲਾਭਪਾਤਰੀਆਂ ਨੂੰ ਰਾਸ਼ੀ ਦਿੱਤੀ ਗਈ ਹੈ।
ਉਨਾਂ ਕਿਹਾ ਕਿ ਇਸ ਯੋਜਨਾ ਤਹਿਤ ਲਾਭਪਾਤਰੀਆਂ ਦੀ ਪੜਤਾਲ ਕਰਨ ਉਪਰੰਤ ਯੋਗ ਪਾਏ ਗਏ ਲੋਕਾਂ ਦੇ ਕੱਚੇ ਮਕਾਨਾਂ ਨੂੰ ਪੱਕਾ ਕਰਨ ਵਾਸਤੇ ਲੜੀ ਵਾਰ ਪਹਿਲੀ ਕਿਸ਼ਤ 30000, ਦੂਜੀ ਕਿਸ਼ਤ 72000 ਤੇ ਤੀਜ਼ੀ ਕਿਸ਼ਤ 18000 ਰੁਪਏ ਦਿੱਤੀ ਜਾਂਦੀ ਹੈ। ਇਹ ਰਾਸ਼ੀ ਯੋਗ ਲਾਭਪਾਤਰੀਆਂ ਦੇ ਬੈਂਕ ਖਾਤੇ ਵਿੱਚ ਸਿੱਧੇ ਹੀ ਜਮਾਂ ਕਰਵਾਈ ਜਾਂਦੀ ਹੈ।  ਉਨਾਂ ਇਹ ਵੀ ਕਿਹਾ ਕਿ ਰਾਸ਼ੀ ਦੇਣ ਦੇ ਨਾਲ-ਨਾਲ ਇਹ ਵੀ ਨਿਰੀਖਣ ਕੀਤਾ ਜਾਂਦਾ ਹੈ ਕਿ ਮਕਾਨਾਂ ਨੂੰ ਪੱਕਾ ਕਰਨ ਲਈ ਮਟੀਰੀਅਲ ਵਧੀਆ ਕੁਆਲਟੀ ਦਾ ਹੀ ਵਰਤਿਆ ਜਾਵੇ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਯੋਜਨਾ ਤਹਿਤ ਲਾਭਪਾਤਰੀ ਲਈ ਕਈ ਮਾਪਦੰਡ ਅਪਣਾਏ ਗਏ ਹਨ ਜਿਵੇਂ ਕਿ ਲਾਭਪਾਤਰੀ ਕੋਲ ਇੰਜਣ ਤੇ ਮਸ਼ੀਨ ਨਾਲ ਚੱਲਣ ਵਾਲੇ ਦੋ, ਤਿੰਨ ਤੇ ਚਾਰ ਪਹੀਆ ਖੇਤੀਬਾੜੀ ਜੰਤਰ ਨਾ ਹੋਣ, 50 ਹਜ਼ਾਰ ਤੋਂ ਵਧੇਰੇ ਕਰਜ਼ਾ ਲਿਮਟ ਵਾਲਾ ਕਿਸਾਨ ਕ੍ਰੈਡਿਟ ਕਾਰਡ ਦਾ ਨਾ ਹੋਣਾ ਅਤੇ ਘਰ ਵਿੱਚ ਕੋਈ ਸਰਕਾਰੀ ਨੌਕਰੀ ਨਾ ਕਰਦੇ ਹੋਣਾ ਲਾਜ਼ਮੀ ਕੀਤਾ ਗਿਆ ਹੈ। ਉਨਾਂ ਕਿਹਾ ਕਿ ਲਾਭਪਾਤਰੀ ਵਾਲਾ ਘਰ ਗੈਰ ਖੇਤੀਬਾੜੀ ਅਦਾਰੇ ਵਿੱਚ ਰਜਿਸਟਰ ਨਾ ਹੋਵੇ, ਪਰਿਵਾਰ ਦਾ ਮੈਂਬਰ 10000 ਰੁਪਏ ਮਹੀਨਾ ਤੋਂ ਵੱਧ ਨਾ ਕਮਾਉਂਦਾ ਹੋਵੇ, ਇਨਕਮ ਤੇ ਪੇਸ਼ੇਵਰ ਟੈਕਸ ਨਾ ਭਰਦਾ ਹੋਵੇ, ਨਾ ਹੀ ਉਸ ਕੋਲ ਆਪਣਾ ਫਰਿਜ ਤੇ ਲੈਂਡਲਾਈਨ ਫੋਨ ਹੋਵੇ। ਇਸ ਤੋਂ ਇਲਾਵਾ ਵਿਅਕਤੀ ਕੋਲ ਇਕ ਸਿੰਚਾਈ ਉਪਕਰਨ ਦੇ ਨਾਲ-ਨਾਲ ਦੋ ਜਾਂ ਦੋ ਤੋਂ ਵੱਧ ਫਸਲੀ ਮੌਸਮ ਵਾਲੀ 2.5 ਏਕੜ ਤੋਂ ਜ਼ਿਆਦਾ ਸਿੰਚਾਈ ਵਾਲੀ ਜ਼ਮੀਨ ਨਾ ਹੋਵੇ। ਇਸ ਸਕੀਮ ਦੇ ਲਾਭਪਾਤਰੀ ਪ੍ਰੀਤਮ ਸਿੰਘ ਪਿੰਡ ਮੌਜਮ ਨੇ ਕਿਹਾ ਕਿ ਇਸ ਸਕੀਮ ਨੇ ਉਸਦਾ ਪੱਕੇ ਘਰ ਦਾ ਸੁਪਨਾ ਪੂਰਾ ਕਰ ਦਿੱਤਾ ਹੈ।

Listen Live

Subscription Radio Punjab Today

Our Facebook

Social Counter

  • 17184 posts
  • 0 comments
  • 0 fans

Log In