Menu

ਪੰਜਾਬ ਪੁਲਸ ਨੇ ਮਾਨ, ਚੀਮਾ ਸਮੇਤ ‘ਆਪ’ ਵਿਧਾਇਕਾਂ ਤੇ ਲੀਡਰਾਂ ਨੂੰ 2 ਘੰਟੇ ਤੱਕ ਥਾਣੇ ‘ਚ ਡੱਕਿਆ

ਚੰਡੀਗੜ੍ਹ, 4 ਅਗਸਤ – ਮਾਝੇ ਦੇ ਤਿੰਨ ਜ਼ਿਲ੍ਹਿਆਂ ਤਰਨਤਾਰਨ,  ਅਮ੍ਰਿਤਸਰ ਅਤੇ ਬਟਾਲਾ (ਗੁਰਦਾਸਪੁਰ) ‘ਚ ਜ਼ਹਿਰੀਲੀ ਸ਼ਰਾਬ ਕਾਰਨ ਕਰੀਬ ਸਵਾ 100 ਲੋਕਾਂ ਦੀਆਂ ਜਾਨਾਂ ਚਲੀਆਂ ਜਾਣ ਦੇ ਬਾਵਜੂਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (ਜਿੰਨਾ ਕੋਲ ਗ੍ਰਹਿ ਅਤੇ ਆਬਕਾਰੀ ਮੰਤਰਾਲੇ ਵੀ ਹਨ) ਵੱਲੋਂ ਅਜੇ ਤੱਕ ਲੋਕਾਂ ‘ਚ ਨਾ ਜਾਣ ‘ਤੇ ਤਿੱਖਾ ਗ਼ੁੱਸਾ ਪ੍ਰਗਟ ਕਰਦੇ ਹੋਏ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਮੰਗਲਵਾਰ ਨੂੰ ਆਪਣੇ ਵਿਧਾਇਕਾਂ ਅਤੇ ਲੀਡਰਾਂ ਨੂੰ ਨਾਲ ਲੈ ਕੇ ਮੁੱਖ ਮੰਤਰੀ ਦੇ ਚੰਡੀਗੜ੍ਹ ਨੇੜਲੇ ਆਲੀਸ਼ਾਨ ਸਿੱਸਵਾਂ ‘ਫਾਰਮ ਹਾਊਸ’ ‘ਤੇ ਕੈਪਟਨ ਅਮਰਿੰਦਰ ਸਿੰਘ ਨੂੰ ਲੱਭਣ ਗਏ, ਪਰੰਤੂ ਨਿਉਂ ਚੰਡੀਗੜ੍ਹ ‘ਚ ਪਹਿਲਾਂ ਹੀ ਤੈਨਾਤ ਪੁਲਸ ਫੋਰਸ ਨੇ ਸਾਰੇ ‘ਆਪ’ ਲੀਡਰਾਂ ਨੂੰ ਰੋਕ ਲਿਆ।
ਇਸ ਮੌਕੇ ਭਗਵੰਤ ਮਾਨ, ਹਰਪਾਲ ਸਿੰਘ ਚੀਮਾ ਸਮੇਤ ਬਾਕੀ ‘ਆਪ’ ਵਿਧਾਇਕਾਂ ਅਤੇ ਆਗੂਆਂ ਨਾਲ ਪੁਲਸ ਪ੍ਰਸ਼ਾਸਨ ਦੀ ਤਿੱਖੀ ਨੌਂਕ-ਝੌਂਕ ਵੀ ਹੋਈ। ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਅਤੇ ਪੁਲਸ ਬੈਰੀਕੇਡ ਟੱਪਣ ਦੀ ਕੋਸ਼ਿਸ਼ ਦੌਰਾਨ ਗੜ੍ਹਸ਼ੰਕਰ ਤੋਂ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਸਮੇਤ ਕੁੱਝ ਆਗੂਆਂ ਨੂੰ ਸੱਟਾ-ਚੋਟਾਂ ਵੀ ਆਈਆਂ।
ਇਸ ਮੌਕੇ ਪੰਜਾਬ ਸਰਕਾਰ ਦੀ ਇਸ ਬੇਵਜ੍ਹਾ ਸਖ਼ਤੀ ਦਾ ਤਿੱਖਾ ਵਿਰੋਧ ਕਰਦੇ ਹੋਏ ਕਿਹਾ, ”ਜਿੱਥੇ ਸ਼ਰੇਆਮ ਮਾਫ਼ੀਆ ਜ਼ਹਿਰ ਵੇਚ ਰਿਹਾ ਹੈ, ਉੱਥੇ ਕਾਂਗਰਸੀ ਆਗੂਆਂ/ਵਿਧਾਇਕਾਂ/ਵਜ਼ੀਰਾਂ ਨੇ ਪੁਲਸ ਪ੍ਰਸ਼ਾਸਨ ਦਾ ਮਾਫ਼ੀਆ ਨਾਲ ਨਾਪਾਕ ਗੱਠਜੋੜ ਕਰਵਾਇਆ ਹੋਇਆ ਹੈ। ਜਿੰਨੀ ਮਰਜ਼ੀ ਜ਼ਹਿਰ ਵਿਕੇ ਬੱਸ ਵਿਧਾਇਕ ਜਾਂ ਵਜ਼ੀਰ ਸਾਹਿਬ ਨੂੰ ਸ਼ਾਮ ਦੀ ‘ਕੁਲੈਕਸ਼ਨ’ ਦਾ ਫ਼ਿਕਰ ਰਹਿੰਦਾ ਹੈ। ਕੋਈ ਸਖ਼ਤੀ ਨਹੀਂ, ਪੁਲਸ ਥਾਣਿਆਂ ਕੋਲੋਂ ‘ਡੇਲੀ’ ਵਸੂਲੀ ਜਾਂਦੀ ਹੈ ਅਤੇ ਮਾਫ਼ੀਆ ਕਦੇ ਚਿੱਟਾ ਅਤੇ ਕਦੇ ਜ਼ਹਿਰੀਲੀ ਸ਼ਰਾਬ ਪੂਰੇ ਧੜੱਲੇ ਨਾਲ ਵੇਚਦਾ ਹੈ। ਇੱਥੇ ਅੱਜ ਅਸੀਂ ਆਪਣੇ ਲੋਕਾਂ ਦੇ ਚੁਣੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਉਸ ਦੇ ‘ਮਹਿਲ’  ‘ਚੋਂ ਜਗਾਉਣ ਚੱਲੇ ਹਾਂ, ਪੂਰਾ ਇਲਾਕਾ ਇੰਜ ਪੁਲਸ ਛਾਉਣੀ ‘ਚ ਬਦਲ ਦਿੱਤਾ ਜਿਵੇਂ ਅਸੀਂ (‘ਆਪ’ ਵਾਲੇ) ਕੋਈ ਜੁਰਮ ਕਰਨ ਜਾ ਰਹੇ ਹੋਈਏ?”
ਭਗਵੰਤ ਮਾਨ ਨੇ ਕਿਹਾ ਕਿ ਮੁੱਖ ਵਿਰੋਧੀ ਧਿਰ ਦੇ ਨਾਤੇ ਸਮੇਂ-ਸਮੇਂ ‘ਤੇ ਸਰਕਾਰ ਨੂੰ ਜਗਾਉਣਾ ਅਤੇ ਹਲੂਣਾ ਦੇਣਾ ਪੰਜਾਬ ਦੇ ਲੋਕਾਂ ਵੱਲੋਂ ਆਮ ਆਦਮੀ ਪਾਰਟੀ ਦੀ ਜਮਹੂਰੀਅਤ ਤਹਿਤ ਲਗਾਈ ਗਈ ਡਿਊਟੀ ਹੈ।
ਭਗਵੰਤ ਮਾਨ ਨੇ ਕਿਹਾ, ”ਸਵਾ 100 ਦੇ ਕਰੀਬ ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ। ਇਹ ਕਿਹੋ ਜਿਹੀ ‘ਮੋਤੀਆਂ ਵਾਲੀ ਸਰਕਾਰ’ ਹੈ, ਜੋ ਆਪਣੇ ਪੋਤੇ-ਦੋਹਤਿਆਂ ਨੂੰ ਜਨਮ ਦਿਨਾਂ ਦੀਆਂ ਵਧਾਈਆਂ ਦਿੰਦੇ ਹਨ। ਬੇਝਿਜਕ ਹੇ ਕੇ ਟਿੱਕ-ਟਾਕ ਸਟਾਰਜ਼ ਨਾਲ ਗੱਲਾਂ ਕਰਦੇ ਹਨ। ਸਾਨੂੰ ਕੋਈ ਇਤਰਾਜ਼ ਨਹੀਂ, ਪਰੰਤੂ ਉਨ੍ਹਾਂ ਉੱਜੜੇ ਘਰਾਂ ਦੀ ਸਾਰ ਲੈਣਾ ਵੀ ਤਾਂ ਮੁੱਖ ਮੰਤਰੀ ਅਤੇ ਉਸ ਦੇ ਵਿਧਾਇਕਾਂ-ਵਜ਼ੀਰਾਂ ਦਾ ਫ਼ਰਜ਼ ਹੈ, ਜੋ ਸਰਕਾਰ ਦੇ ਭ੍ਰਿਸ਼ਟ ਅਤੇ ਮਾਫ਼ੀਆ ਰਾਜ ਦੀ ਭੇਂਟ ਚੜ ਗਏ ਹਨ।
ਭਗਵੰਤ ਮਾਨ ਨੇ ਕਿਹਾ ਕਿ ਬੇਸ਼ੱਕ ਪੰਜਾਬ ਸਰਕਾਰ ਅਤੇ ਉਸ ਦੀ ਪੁਲਸ ਸਾਨੂੰ (ਆਪ) ਨੂੰ ਜੇਲ੍ਹਾਂ ‘ਚ ਸੁੱਟ ਦੇਵੇ ਪਰੰਤੂ ਅਸੀਂ ਆਮ ਅਤੇ ਸਿਸਟਮ ਦੇ ਸਾਰੇ ਲੋਕਾਂ ਲਈ ਹਰ ਪੱਧਰ ਦੀ ਜੰਗ ਲੜਾਂਗੇ। ਜਦੋਂ ਤੱਕ ਕੈਪਟਨ ਅਤੇ ਉਸ ਦੇ ਮੰਤਰੀ ਲੋਕਾਂ ‘ਚ ਜਾ ਕੇ ਨੈਤਿਕ ਤੌਰ ‘ਤੇ ਅਸਤੀਫ਼ੇ ਨਹੀਂ ਦੇਣਗੇ, ਇਸ ਲੋਕ ਮਾਰੂ ਸਰਕਾਰ ਵਿਰੁੱਧ ਸਾਡੀ ਆਵਾਜ਼ ਨਹੀਂ ਦੱਬੇਗੀ।
ਇਸ ਮੌਕੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬਾਦਲਾਂ ਦੇ ਮਾਫ਼ੀਏ ਰਾਜ ਦੀ ਪੂਰੀ ਕਮਾਨ ਹੁਣ ਕਾਂਗਰਸੀਆਂ ਨੇ ਸੰਭਾਲੀ ਹੋਈ ਹੈ। ਚੀਮਾ ਨੇ ਕਿਹਾ ਕਿ ਚੰਡੀਗੜ੍ਹ ਦੀਆਂ ਪਹਾੜੀਆਂ ‘ਚ ਸੁਖਬੀਰ ਸਿੰਘ ਬਾਦਲ ਦੇ ‘ਸੁੱਖਬਿਲਾਸ’ ਦੇ ਬਿਲਕੁਲ ਨਾਲ ਕੈਪਟਨ ਵੱਲੋਂ ਆਪਣਾ ‘ਸ਼ਾਹੀ ਫਾਰਮ ਹਾਊਸ’ ਬਣਾਉਣ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਦੋਵਾਂ ਟੱਬਰਾਂ ‘ਚ ਕਿਸ ਪੱਧਰ ਦੀ ਸਾਂਝ ਪੈ ਚੁੱਕੀ ਹੈ, ਜਿਸ ਦੀ ਕੀਮਤ ਪੂਰਾ ਪੰਜਾਬ ਚੁੱਕਾ ਰਿਹਾ ਹੈ।

Listen Live

Subscription Radio Punjab Today

Our Facebook

Social Counter

  • 17184 posts
  • 0 comments
  • 0 fans

Log In