Menu

ਪਲਾਸਟਿਕ ਦੇ ਥੈਲੇ ਦੀ ਵਰਤੋਂ ਨੂੰ ਘਟਾਉਣਾ ਝੋਲਾ ਭੰਡਾਰ ਖੋਲਣ ਦਾ ਮਕਸਦ-ਕਾਰਜ ਸਾਧਕ ਅਫਸਰ

ਫਾਜ਼ਿਲਕਾ, 4 ਅਗਸਤ(ਸੁਰਿੰਦਰਜੀਤ ਸਿੰਘ) – ਪਲਾਸਟਿਕ ਦੇ ਕੈਰੀ ਬੈਗ ਨੂੰ ਵਰਤੋਂ ਵਿੱਚ ਲਿਆਉਣ ਤੋਂ ਗੁਰੇਜ ਕਰਨ ਲਈ ਨਗਰ ਕੌਂਸਲ ਜਲਾਲਾਬਾਦ ਵੱਲੋਂ ਲੋਕਾਂ ਨੂੰ ਪ੍ਰੇਰਿਤ ਕਰਨ ਦੇ ਨਾਲ ਜੂਟ ਦੇ ਬਣੇ ਬੈਗਾਂ ਦੀ ਵੰਡ ਕੀਤੀ ਜਾ ਰਹੀ ਹੈ। ਲੋਕਾਂ ਨੂੰ ਪਲਾਸਟਿਕ ਦੇ ਬੈਗ ਦੇ ਦੁਰਪ੍ਰਭਾਵਾਂ ਬਾਰੇ ਜਾਣੂੰ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਨਗਰ ਕੌਂਸਲ ਜਲਾਲਾਬਾਦ ਦੇ ਕਾਰਜ ਸਾਧਕ ਅਫਸਰ ਸ੍ਰੀ ਨਰਿੰਦਰ ਕੁਮਾਰ ਨੇ ਦਿੱਤੀ।ਉਨਾਂ ਦੱਸਿਆ ਕਿ ਪਲਾਸਟਿਕ ਜਲਦੀ ਗਲਦਾ ਨਹੀਂ ਇਸ ਕਰਕੇ ਸਾਨੂੰ ਸਾਰਿਆਂ ਨੂੰ ਕਪੜੇ ਦੇ ਬਣੇ ਬੈਗ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨਾਂ ਦੱਸਿਆ ਕਿ ਨਗਰ ਕੌਂਸਲ ਜਲਾਲਾਬਾਦ ਵੱਲੋਂ ਝੋਲਾ ਭੰਡਾਰ ਖੋਲਿਆ ਗਿਆ ਹੈ ਜਿਸ ਵਿੱਚ 500 ਝੋਲੇ ਮੁਹੱਈਆ ਕਰਵਾਏ ਗਏ, ਇਸ ਤਹਿਤ ਆਮ ਲੋਕਾਂ ਅਤੇ ਕਮਰਸ਼ੀਅਲ ਏਰੀਏ ਵਿੱਚ ਜੂਟੇ ਦੇ ਬਣੇ ਬੈਗਾਂ ਦੀ ਵੰਡ ਕੀਤੀ ਗਈ।
ਉਨਾਂ ਦੱਸਿਆ ਕਿ ਝੋਲਾ ਭੰਡਾਰ ਖੋਲਣ ਦਾ ਮਕਸਦ ਲੋਕਾਂ ਵੱਲੋਂ ਕੀਤੀ ਜਾ ਰਹੀ ਪਲਾਸਟਿਕ ਦੇ ਥੈਲੇ ਦੀ ਵਰਤੋਂ ਨੂੰ ਘਟਾਇਆ ਜਾ ਸਕੇ। ਉਨਾਂ ਕਿਹਾ ਕਿ ਪਲਾਸਟਿਕ ਦੇ ਬਣੇ ਬੈਗਾਂ ਨੂੰ ਇਕ ਵਾਰ ਵਰਤੋਂ ’ਚ ਲਿਆਉਣ ਤੋਂ ਬਾਅਦ ਸੁੱਟ ਦਿੱਤਾ ਜਾਂਦਾ ਹੈ ਤੇ ਫਿਰ ਉਹ ਪਸ਼ੂ ਤੇ ਗਾਵਾਂ ਆਦਿ ਮੂੰਹ ਵਿੱਚ ਪਾ ਲੈਂਦੇ ਹਨ ਤੇ ਪਲਾਸਟਿਕ ਗਲਣ ਨਾ ਕਾਰਨ ਕਈ ਵਾਰ ਪਸ਼ੂ ਮਰ ਵੀ ਜਾਂਦੇ ਹਨ।ਉਨਾਂ ਕਿਹਾ ਕਿ ਇਸੇ ਮੰਤਵ ਤਹਿਤ ਖਰੀਦਦਾਰੀ ਲਈ ਬਜਾਰ ਜਾਣ ਸਮੇਂ ਸਾਨੂੰ ਕਪੜੇ ਦੇ ਬਣੇ ਬੈਗ ਦੀ ਵਰਤੋਂ ਕਰਨੀ ਚਾਹੀਦੀ ਹੈ ਤੇ ਵਾਪਸ ਘਰ ਲਿਆ ਕੇ ਦੁਬਾਰਾ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ।ਉਨਾਂ ਦੱਸਿਆ ਕਿ ਲੋਕਾਂ ਵੱਲੋਂ ਵੀ ਝੋਲਾ ਭੰਡਾਰ ਖੋਲਣ ਤੋਂ ਬਾਅਦ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ ਤੇ ਪਲਾਸਟਿਕ ਦੇ ਬੈਗਾਂ ਦੀ ਵਰਤੋਂ ਘੱਟ ਕੀਤੀ ਗਈ ਹੈ।
ਇਸ ਤੋਂ ਇਲਾਵਾ ਜਲਾਲਾਬਾਦ ਸ਼ਹਿਰ ਨੂੰ ਕੋਰੋਨਾ ਵਾਇਰਸ ਦੇ ਪ੍ਰਭਾਵ ਤੋਂ ਬਚਾਉਣ ਲਈ ਸੈਨੇਟਾਈਜੇਸ਼ਨ ਦੀ ਪ੍ਰਕਿਰਿਆ ਆਰੰਭੀ ਜਾ ਰਹੀ ਹੈ। ਉਨਾਂ ਦੱਸਿਆ ਕਿ ਸ਼ਹਿਰਵਾਸੀਆਂ ਨੂੰ ਕਰੋਨਾ ਤੋਂ ਨਿਜਾਤ ਦਿਵਾਉਣ ਲਈ ਸਾਵਧਾਨੀਆਂ ਰੱਖਣ ਬਾਰੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਮਿਥੇ ਸ਼ਡਿਉਲ ਮੁਤਾਬਕ ਅੱਜ ਫੂਡ ਸਪਲਾਈ ਦਫਤਰ, ਮਾਈਨਿੰਗ ਵਿਭਾਗ, ਪਨਸਪ ਦਫਤਰ, ਕਾਰਪੋਰੇਸ਼ਨ ਸੋਸਾਇਟੀ, ਬੀ.ਡੀ.ਪੀ.ਓ ਦਫਤਰ, ਥਾਣਾ ਸਦਰ ਅਤੇ ਨਹਿਰੀ ਵਿਭਾਗ ਨੂੰ ਸੈਨੇਟਾਈਜ਼ ਕੀਤਾ ਗਿਆ। ਉਨਾਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਜਦੋਂ ਵੀ ਘਰ ਤੋਂ ਬਾਹਰ ਨਿਕਲਣ ਮਾਸਕ ਲਾਜਮੀ ਪਾਉਣ ਅਤੇ ਸਮਾਜਿਕ ਦੂਰੀ ਜਰੂਰ ਬਰਕਰਾਰ ਰੱਖਣ।

Listen Live

Subscription Radio Punjab Today

Our Facebook

Social Counter

  • 17184 posts
  • 0 comments
  • 0 fans

Log In