ਸ੍ਰੀ ਮੁਕਤਸਰ ਸਾਹਿਬ,4 ਅਗਸਤ( ਪਰਗਟ ਸਿੰਘ ) – ਮੁਕਤਸਰ ਦੇ ਫੈਕਟਰੀ ਰੋਡ ‘ਤੇ ਘਰੇਲੂ ਕਲੇਸ਼ ਦੇ ਚਲਦਿਆਂ ਭਰਾ ਵੱਲੋਂ ਭਰਾ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਥਾਣਾ ਸਿਟੀ ਮੁਕਤਸਰ ਪੁਲਿਸ ਦੇ ਇੰਚਾਰਜ਼ ਮੋਹਨ ਲਾਲ ਨੇ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ ‘ਤੇ ਪਹੁੰਚ ਕੇ ਲਾਸ਼ ਨੂੰ ਕਬਜੇ ‘ਚ ਲੈ ਕੇ 12 ਘੰਟਿਆਂ ਦੇ ਅੰਦਰ ਕਾਤਲ ਨੂੰ ਗ੍ਰਿਫ਼ਤਾਰ ਕਰਕੇ ਉਸਤੋਂ ਕਤਲ ਸਮੇਂ ਵਰਤਿਆਂ ਦਸਤੀ ਚਾਕੂ ਬਰਾਮਦ ਕਰ ਲਿਆ ਹੈ। ਜਾਣਕਾਰੀ ਅਨੁਸਾਰ ਮੁਹੇਸ਼ ਕੁਮਾਰ, ਕਰਨ ਕੁਮਾਰ ਤੇ ਭਾਰਤ ਕੁਮਾਰ ਤਿੰਨੋਂ ਭਰਾ ਸਥਾਨਕ ਫੈਕਟਰੀ ਰੋਡ ਤੇ ਮੰਦਰ ਵਾਲੀ ਗਲੀ ਕੋਲ ਇਕੱਠੇ ਇੱਕੋ ਘਰ ਵਿੱਚ ਰਹਿੰਦੇ ਸੀ ਜਿਨ੍ਹਾਂ ‘ਚ ਘਰ ਛੋਟਾ ਹੋਣ ਕਾਰਨ ਅਕਸਰ ਹੀ ਲੜਾਈ ਝਗੜਾ ਰਹਿੰਦਾ ਸੀ। ਬੀਤੀ ਰਾਤ ਸਭ ਤੋਂ ਛੋਟਾ ਭਰਾ ਭਾਰਤ ਕੁਮਾਰ ਜਦ ਆਪਣੇ ਚੁਬਾਰੇ ਵੱਲ ਜਾ ਰਿਹਾ ਸੀ ਤਾਂ ਸਭ ਤੋਂ ਵੱਡੇ ਭਰਾ ਮੁਹੇਸ਼ ਕੁਮਾਰ ਨੇ ਪਿੱਛੇ ਆ ਕੇ ਉਸ ਉਪਰ ਦਸਤੀ ਚਾਕੂ ਨਾਲ ਵਾਰ ਕਰ ਦਿੱਤਾ ਜਿਸ ਕਾਰਨ ਭਾਰਤ ਕੁਮਾਰ ਜਖ਼ਮੀ ਹੋ ਗਈ। ਇਸ ਦੌਰਾਨ ਜਦ ਮੁਹੇਸ਼ ਕੁਮਾਰ ਨੇ ਫਿਰ ਦੁਬਾਰਾ ਭਾਰਤ ਕੁਮਾਰ ਤੇ ਵਾਰ ਕਰਨਾ ਚਾਹਿਆ ਤਾਂ ਉਸਦਾ ਵਿਚਕਾਰਲਾ ਭਰਾ ਕਰਨ ਕੁਮਾਰ (30) ਉਸਨੂੰ ਰੋਕਣ ਲਈ ਆ ਗਿਆ ਜਿਸਤੇ ਚਾਕੂ ਕਰਨ ਕੁਮਾਰ ਦੇ ਗਰਦਨ ਵਿੱਚ ਲੱਗਾ ਤੇ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਇਕ ਲੜਕੀ, ਲੜਕਾ ਤੇ ਪਤਨੀ ਛੱਡ ਗਿਆ। ਓਧਰ ਥਾਣਾ ਸਿਟੀ ਪੁਲਿਸ ਨੇ ਮ੍ਰਿਤਕ ਦੇ ਛੋਟੇ ਭਰਾ ਭਾਰਤ ਕੁਮਾਰ ਦੇ ਬਿਆਨਾਂ ‘ਤੇ ਮੁਲਜ਼ਮ ਮੁਹੇਸ਼ ਕੁਮਾਰ ਖਿਲਾਫ਼ ਧਾਰਾ 302,324 ਤਹਿਤ ਮਾਮਲਾ ਦਰਜ਼ ਕਰਦਿਆਂ 12 ਘੰਟਿਆਂ ਅੰਦਰ ਉਸਨੂੰ ਗ੍ਰਿਫ਼ਤਾਰ ਕਰ ਕੇ ਕਤਲ ਸਮੇਂ ਵਰਤਿਆ ਹਥਿਆਰ ਦਸਤੀ ਚਾਕੂ ਬਰਾਮਦ ਕਰ ਕੇ ਅੱਗੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ।