ਫਾਜ਼ਿਲਕਾ, 27 ਜੁਲਾਈ(ਸੁਰਿੰਦਰਜੀਤ ਸਿੰਘ) – ਪੰਜਾਬ ਸਰਕਾਰ ਵੱਲੋਂ ਕੋਵਿਡ 19 ਬਿਮਾਰੀ ਤੇ ਕਾਬੂ ਪਾਉਣ ਲਈ ਆਰੰਭ ਕੀਤੇ ਮਿਸ਼ਨ ਫਤਿਹ ਤਹਿਤ ਜ਼ਿਲੇ ਵਿਚ ਕੋਵਿਡ 19 ਦੇ ਮਰੀਜਾਂ ਦਾ ਪਤਾ ਲਗਾਉਣ ਲਈ ਤੇਜੀ ਨਾਲ ਸੈਂਪਿਗ ਜਾਰੀ ਹੈ। ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਦਿੱਤੀ ਹੈ। ਉਨਾਂ ਨੇ ਦੱਸਿਆ ਕਿ ਬੀਤੀ ਸ਼ਾਮ ਤੱਕ ਜ਼ਿਲੇ 14506 ਨਮੂਨੇ ਲਏ ਜਾ ਚੁੱਕੇ ਸਨ ਜਦ ਕਿ ਸੋਮਵਾਰ ਨੂੰ ਵੀ ਖ਼ਬਰ ਲਿਖੇ ਜਾਣ ਤੱਕ ਸਿਵਲ ਹਸਪਤਾਲ ਫਾਜ਼ਿਲਕਾ ਦੀ ਟੀਮ ਨੇ 103 ਨਮੂਨੇ ਵਿਜੈ ਕਲੋਨੀ ਤੋਂ ਅਤੇ 117 ਨਮੂਨੇ ਸਿਵਲ ਹਸਪਤਾਲ ਦੇ ਫਲੂ ਕਾਰਨਰ ਵਿਖੇ ਲਏ ਹਨ। ਉਨਾਂ ਨੇ ਕਿਹਾ ਕਿ ਜੇਕਰ ਕਿਸੇ ਨੂੰ ਕੋਵਿਡ ਦੇ ਲੱਛਣ ਹੋਣ ਤਾਂ ਉਹ ਤਰੰਤ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 ਤੇ ਕਾਲ ਕਰੇ ਜਾਂ ਆਪਣੇ ਨੇੜਲੇ ਸਰਕਾਰ ਹਸਪਤਾਲ ਨਾਲ ਸੰਪਰਕ ਕਰੇ ਜਿੱਥੇ ਕੋਵਿਡ ਦੇ ਟੈਸਟ ਬਿਲਕੁਲ ਮੁਫ਼ਤ ਕੀਤੇ ਜਾ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਬਿਮਾਰੀ ਖਿਲਾਫ ਸਾਡੀ ਲੜਾਈ ਹੁਣ ਮਹੱਤਵਪੂਰਨ ਪੜਾਅ ਵਿਚ ਹੈ। ਇਸ ਲਈ ਸਾਡੀ ਛੋਟੀ ਜਿਹੀ ਲਾਪਰਵਾਹੀ ਨਾ ਕੇਵਲ ਸਾਡੇ ਖੁਦ ਲਈ ਤੇ ਸਾਡੇ ਪਰਿਵਾਰ ਲਈ ਸਗੋਂ ਪੂਰੇ ਸਮਾਜ ਲਈ ਖਤਰਾ ਬਣ ਸਕਦੀ ਹੈ। ਇਸ ਲਈ ਹਰੇਕ ਵਿਅਕਤੀ ਘਰ ਤੋਂ ਬਾਹਰ ਨਿਕਲਣ ਸਮੇਂ ਮਾਸਕ ਜਰੂਰ ਲਾਵੇ ਅਤੇ ਸਮਾਜਿਕ ਦੂਰੀ ਅਤੇ ਵਾਰ ਵਾਰ ਹੱਥ ਧੋਣ ਦੇ ਨਿਯਮ ਦਾ ਸਖ਼ਤੀ ਨਾਲ ਪਾਲਣ ਕੀਤਾ ਜਾਵੇ।
ਓਧਰ ਸਿਵਲ ਸਰਜਨ ਡਾ: ਚੰਦਰ ਮੋਹਨ ਕਟਾਰੀਆ ਨੇ ਦੱਸਿਆ ਕਿ ਬੀਤੀ ਸ਼ਾਮ ਜ਼ਿਲੇ ਵਿਚ 6 ਹੋਰ ਜਣੇ ਕਰੋਨਾ ਨੂੰ ਮਾਤ ਦੇ ਕੇ ਆਪਣੇ ਘਰਾਂ ਨੂੰ ਪਰਤ ਗਏ ਹਨ। ਉਨਾਂ ਨੇ ਕਿਹਾ ਕਿ ਜ਼ਿਲੇ ਵਿਚ ਹੁਣ ਤੱਕ 243 ਪਾਜਿਟਿਵ ਕੇਸ ਆਏ ਹਨ ਪਰ ਜ਼ਿਲੇ ਵਿਚ ਫਿਲਹਾਲ ਐਕਟਿਵ ਕੇਸ 88 ਹੀ ਹਨ।