Menu

ਕੈਪਟਨ ਤੇ ਬਾਦਲਾਂ ਨੇ ਮਿੱਥ ਕੇ ਤਬਾਹ ਕੀਤੀ ਪੰਜਾਬ ‘ਚ ਸਰਕਾਰੀ ਸਕੂਲ ਸਿੱਖਿਆ-ਭਗਵੰਤ ਮਾਨ

ਚੰਡੀਗੜ੍ਹ,  15 ਜੁਲਾਈ – ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਸੂਬਾ ਕੋਰ ਕਮੇਟੀ ਦੇ ਚੇਅਰਮੈਨ ਅਤੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਦਿੱਲੀ ਦੇ ਸਰਕਾਰੀ ਸਕੂਲਾਂ ਦੇ ਸ਼ਾਨਦਾਰ ਨਤੀਜਿਆਂ ਲਈ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਦੇ ਨਾਲ-ਨਾਲ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਸਿੱਖਿਆ ਮੰਤਰੀ ਮੁਨੀਸ਼ ਸਿਸੋਦੀਆ ਨੂੰ ਵਧਾਈ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਲੀ ਸਰਕਾਰ ਕੋਲੋਂ ਸਬਕ ਸਿੱਖਣ ਦੀ ਸਲਾਹ ਦਿੱਤੀ ਹੈ ਤਾਂ ਕਿ ਪੰਜਾਬ ਦੇ ਤਹਿਸ-ਨਹਿਸ ਹੋਏ ਸਰਕਾਰੀ ਸਕੂਲ ਸਿੱਖਿਆ ਢਾਂਚੇ ‘ਚ ਦਿੱਲੀ ਵਾਂਗ ਕ੍ਰਾਂਤੀਕਾਰੀ ਸੁਧਾਰ ਲਿਆਂਦਾ ਜਾ ਸਕੇ।
ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ 1980 ਤੋਂ ਬਾਅਦ ਕਾਂਗਰਸ ਅਤੇ ਅਕਾਲੀ-ਭਾਜਪਾ ਸਰਕਾਰਾਂ ਨੇ ਗਿਣੀ ਮਿਥੀ ਸਾਜ਼ਿਸ਼ ਦੇ ਤਹਿਤ ਪੰਜਾਬ ਦੇ ਸਰਕਾਰੀ ਸਕੂਲ ਸਿੱਖਿਆ ਢਾਂਚੇ ਨੂੰ  ਤਬਾਹ ਕਰਕੇ ਰੱਖ ਦਿੱਤਾ ਹੈ। ਜਦੋਂ 1980 ‘ਚ ਪੰਜਾਬ ਦੀ ਆਬਾਦੀ ਕਰੀਬ 1 ਕਰੋੜ 67 ਲੱਖ ਸੀ, ਉਦੋਂ ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਲਗਭਗ 40 ਲੱਖ ਵਿਦਿਆਰਥੀ ਸਨ, ਅੱਜ ਆਬਾਦੀ 3 ਕਰੋੜ ਤੋਂ ਵੱਧ ਗਈ ਹੈ, ਪਰੰਤੂ ਸਰਕਾਰੀ ਸਕੂਲਾਂ ‘ਚ ਵਿਦਿਆਰਥੀਆਂ ਗਿਣਤੀ ਘੱਟ ਕੇ ਕਰੀਬ 22 ਲੱਖ ਰਹਿ ਗਈ ਹੈ, ਇਸ ਲਈ ਕੈਪਟਨ ਅਤੇ ਬਾਦਲ ਸਭ ਤੋਂ ਵੱਧ ਜ਼ਿੰਮੇਵਾਰ ਹਨ।
ਭਗਵੰਤ ਮਾਨ ਨੇ ਕਿਹਾ ਕਿ 2016 ਤੋਂ ਲੈ ਕੇ ਅੱਜ ਤੱਕ ਦਿੱਲੀ ਦੇ ਸਰਕਾਰੀ ਸਕੂਲਾਂ ਦੀ ਬਾਰ੍ਹਵੀਂ ਜਮਾਤ ਦਾ ਨਤੀਜਾ ਕ੍ਰਮਵਾਰ 88.9 ਪ੍ਰਤੀਸ਼ਤ, 90 ਪ੍ਰਤੀਸ਼ਤ, 94 ਪ੍ਰਤੀਸ਼ਤ ਅਤੇ ਹੁਣ ਘੋਸ਼ਿਤ 2019 ਦਾ ਨਤੀਜਾ 97.92 ਪ੍ਰਤੀਸ਼ਤ ਰਿਹਾ ਹੈ, ਜੋ 70 ਸਾਲਾਂ ਦੇ ਇਤਿਹਾਸ ‘ਚ ਦੇਸ਼ ਦੇ ਸਰਕਾਰੀ ਸਕੂਲਾਂ ਨਾਲੋਂ ਸਭ ਤੋਂ ਵੱਧ ਹੈ। ਇਸੇ ਕਰਕੇ ਦਿੱਲੀ ਦੇ ਸਰਕਾਰੀ ਸਕੂਲਾਂ ‘ਚ ਲਗਾਤਾਰ ਦਾਖ਼ਲੇ ਵਧ ਰਹੇ ਹਨ ਅਤੇ ਦਿੱਲੀ ਦੇ ਸਰਕਾਰੀ ਸਕੂਲਾਂ ਦੇ ਬੈਂਚਾਂ ‘ਤੇ ਅਮੀਰਾਂ ਅਤੇ ਅਫ਼ਸਰਾਂ ਦੇ ਬੱਚਿਆਂ ਬਰਾਬਰ ਗ਼ਰੀਬਾਂ ਦੇ ਬੱਚੇ ਵੀ ਬੈਠਦੇ ਹਨ।
ਦੂਜੇ ਪਾਸੇ ਪੰਜਾਬ ਦੇ ਸਕੂਲਾਂ ਦਾ ‘ਡਰਾਪ ਰੇਟ’ ਚਿੰਤਾਜਨਕ ਹੈ। ਪਹਿਲੀ ਜਮਾਤ ‘ਚ 2 ਲੱਖ ਤੋਂ ਵੱਧ ਬੱਚਾ ਸਰਕਾਰੀ ਸਕੂਲਾਂ ‘ਚ ਦਾਖਲਾ ਲੈਂਦਾ ਹੈ ਅਤੇ 12 ਵੀਂ ਤੱਕ ਪੂਰਾ ਡੇਢ ਲੱਖ ਬੱਚਾ ਵੀ ਨਹੀਂ ਪਹੁੰਚਾ।
ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਅਣਗਿਣਤ ਸਕੂਲਾਂ ‘ਚ ਕਿਤੇ ਅਧਿਆਪਕ ਨਹੀਂ ਹਨ ਅਤੇ ਕਿਤੇ ਬੱਚੇ ਨਹੀਂ ਹਨ। ਸਰਹੱਦੀ ਸਕੂਲਾਂ ਬਾਰੇ ਤਾਜ਼ਾ ਅੰਕੜਾ ਸੁੰਨ ਕਰਨ ਵਾਲਾ ਹੈ। ਜਿੱਥੇ 50 ਸਕੂਲਾਂ ‘ਚ ਇੱਕ ਵੀ ਅਧਿਆਪਕ ਨਹੀਂ ਅਤੇ 150 ਤੋਂ ਵੱਧ ਸਕੂਲਾਂ ‘ਚ ਇੱਕ-ਇੱਕ ਅਧਿਆਪਕ ਹੈ। ਪੂਰੇ ਪੰਜਾਬ ‘ਚ ਅਜਿਹੇ ਸਕੂਲਾਂ ਦੀ ਗਿਣਤੀ ਸੈਂਕੜਿਆਂ ‘ਚ ਹੈ। ਭਗਵੰਤ ਮਾਨ ਨੇ ਕਿਹਾ ਕਿ ਕੈਪਟਨ-ਬਾਦਲਾਂ ਨੇ ਦੇਸ਼ ਦੇ ਨਿਰਮਾਤਾ ਅਧਿਆਪਕਾਂ ਨੂੰ ਸਭ ਤੋਂ ਵੱਧ ਜ਼ਲੀਲ ਕੀਤਾ ਹੈ, ਇੱਕ ਪਾਸੇ ਸੈਂਕੜੇ ਸਕੂਲ ਅਧਿਆਪਕਾਂ ਤੋਂ ਵਾਂਝੇ ਹਨ, ਦੂਜੇ ਪਾਸੇ ਪੜੇ-ਲਿਖੇ ਅਤੇ ਯੋਗਤਾ ਪ੍ਰਾਪਤ ਅਧਿਆਪਕ ਬੇਰੁਜ਼ਗਾਰੀ ਕਾਰਨ ਸੜਕਾਂ ‘ਤੇ ਸੰਘਰਸ਼ ਕਰ ਰਹੇ ਹਨ ਅਤੇ ਮੰਤਰੀਆਂ-ਵਿਧਾਇਕਾਂ ਤੋਂ ਗਾਲ੍ਹਾਂ ਅਤੇ ਪੁਲਸ ਤੋਂ ਡਾਂਗਾਂ ਖਾ ਰਹੇ ਹਨ।
ਮਾਨ ਨੇ ਦੱਸਿਆ ਕਿ 50 ਹਜ਼ਾਰ ਅਧਿਆਪਕ ਸਿਰਫ਼ 7 ਹਜ਼ਾਰ ਰੁਪਏ ਮਹੀਨਾ ਨਿਗੂਣੀ ਤਨਖ਼ਾਹ ‘ਤੇ ਕੰਮ ਕਰ ਰਹੇ ਹਨ। ਦੂਜੇ ਪਾਸੇ ਦਿੱਲੀ ਸਰਕਾਰ ਨੇ ਨਾ ਕੇਵਲ ਅਧਿਆਪਕਾਂ ਦੀਆਂ ਤਨਖ਼ਾਹਾਂ ਵਧਾਈਆਂ ਸਗੋਂ ਅਧਿਆਪਕਾਂ ਨੂੰ ਟਰੇਨਿੰਗ ਲਈ ਅਮਰੀਕਾ ਸਮੇਤ ਵੱਖ-ਵੱਖ ਵਿਕਸਤ ਦੇਸ਼ਾਂ ਦੇ ਦੌਰੇ ਕਰਵਾਏ।
ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਦਿੱਲੀ ਦੇ ਨਤੀਜਿਆਂ ਨੇ ਸਾਬਤ ਕਰ ਦਿੱਤਾ ਹੈ ਕਿ ਜੇਕਰ ਬੱਚਿਆਂ ਨੂੰ ਬਰਾਬਰ ਮੌਕੇ ਦਿੱਤੇ ਜਾਣ ਤਾਂ ਗ਼ਰੀਬ ਅਤੇ ਆਮ ਘਰਾਂ ਦੇ ਬੱਚੇ ਵੀ ਸ਼ਾਨਦਾਰ ਨਤੀਜੇ ਦਿੰਦੇ ਹਨ। ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਵਿੱਦਿਆ ਦੀ ਰੌਸ਼ਨੀ ਹੀ ਗ਼ਰੀਬੀ ਦਾ ਹਨੇਰਾ ਮਿਟਾ ਸਕਦੀ ਹੈ, ਇਸ ਲਈ ਪੰਜਾਬ ਸਰਕਾਰ ਨੂੰ ਦਿੱਲੀ ਸਰਕਾਰ ਵਾਂਗ ਸਿੱਖਿਆ ਬਜਟ ਵਧਾਉਣਾ ਪਵੇਗਾ। ਉਨ੍ਹਾਂ ਦੱਸਿਆ ਕਿ ਇਸ ਸਮੇਂ ਪੰਜਾਬ ‘ਚ 8 ਪ੍ਰਤੀਸ਼ਤ ਅਤੇ ਦਿੱਲੀ ‘ਚ 26 ਪ੍ਰਤੀਸ਼ਤ ਬਜਟ ਸਿੱਖਿਆ ਲਈ ਹੈ।

Listen Live

Subscription Radio Punjab Today

Our Facebook

Social Counter

  • 18511 posts
  • 1 comments
  • 0 fans

Log In