ਸ਼੍ਰੀਨਗਰ, 9 ਜੁਲਾਈ – ਉੱਤਰੀ ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ‘ਚ ਅੱਤਵਾਦੀਆਂ ਨੇ ਬੁੱਧਵਾਰ ਦੇਰ ਸ਼ਾਮ ਵੱਡਾ ਹਮਲਾ ਕੀਤਾ। ਅੱਤਵਾਦੀਆਂ ਨੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸ਼ੇਖ ਵਸੀਮ ਉਰਫ ਵਸੀਮ ਬਾਰੀ, ਉਨ੍ਹਾਂ ਦੇ ਪਿਤਾ ਤੇ ਭਰਾ ਦੀਆਂ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ। ਵਾਰਦਾਤ ਨੂੰ ਅੰਜਾਮ ਦੇਣ ਪਿੱਛੋਂ ਅੱਤਵਾਦੀ ਫ਼ਰਾਰ ਹੋ ਗਏ। ਸੁਰੱਖਿਆ ਦਸਤਿਆਂ ਨੇ ਪੂਰੇ ਇਲਾਕੇ ਨੂੰ ਘੇਰ ਕੇ ਅੱਤਵਾਦੀਆਂ ਦੀ ਗ੍ਰਿਫ਼ਤਾਰੀ ਲਈ ਵੱਡੇ ਪੱਧਰ ‘ਤੇ ਕਾਰਵਾਈ ਕੀਤੀ ਜਾ ਰਹੀ ਹੈ। ਦੇਰ ਰਾਤ ਤਕ ਅੱਤਵਾਦੀ ਫੜੇ ਨਹੀਂ ਗਏ ਸਨ, ਪਰ ਪੁਲਿਸ ਨੇ ਭਾਜਪਾ ਨੇਤਾ ਦੀ ਸੁਰੱਖਿਆ ‘ਚ ਲਾਏ ਗਏ ਅੱਠ ਸੁਰੱਖਿਆ ਮੁਲਾਜ਼ਮਾਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਹਮਲੇ ਦੌਰਾਨ ਕੋਈ ਸੁਰੱਖਿਆ ਮੁਲਾਜ਼ਮ ਉਨ੍ਹਾਂ ਦੇ ਨਾਲ ਨਹੀਂ ਸੀ। ਫਿਲਹਾਲ, ਕਿਸੇ ਅੱਤਵਾਦੀ ਜਮਾਤ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਸੀ।
ਜਾਣਕਾਰੀ ਮੁਤਾਬਕ, ਰਾਤ ਕਰੀਬ 8.50 ਵਜੇ ਆਧੁਨਿਕ ਹਥਿਆਰਾਂ ਨਾਲ ਲੈਸ ਅੱਤਵਾਦੀਆਂ ਦਾ ਇਕ ਦਸਤਾ ਬਾਂਦੀਪੋਰਾ ਦੇ ਮੁਸਲਿਮਾਬਾਦ ਇਲਾਕੇ ‘ਚ ਆਇਆ। ਅੱਤਵਾਦੀਆਂ ਨੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸ਼ੇਖ ਵਸੀਮ ਦੇ ਮਕਾਨ ਦੇ ਨਿਸ਼ਾਨਦੇਹੀ ਕੀਤੀ। ਅੱਤਵਾਦੀਆਂ ਨੇ ਮਕਾਨ ਦੇ ਬਾਹਰ ਖੜ੍ਹੇ ਵਸੀਮ, ਉਨ੍ਹਾਂ ਦੇ ਪਿਤਾ ਬਸ਼ੀਰ ਸ਼ੇਖ਼ ਤੇ ਭਰਾ ਉਮਰ ‘ਤੇ ਅੰਨ੍ਹੇਵਾਹ ਗੋਲ਼ੀਆਂ ਚਲਾ ਦਿੱਤੀਆਂ। ਤਿੰਨੇ ਗੰਭੀਰ ਰੂਪ ‘ਚ ਜ਼ਖ਼ਮੀ ਹੋ ਕੇ ਜ਼ਮੀਨ ‘ਤੇ ਡਿੱਗ ਪਏ। ਅੱਤਵਾਦੀ ਤਿੰਨਾਂ ਨੂੰ ਮਰਿਆ ਸਮਝ ਕੇ ਉੱਥੋਂ ਭੱਜ ਗਏ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਨੇ ਦਮ ਤੋੜ ਦਿੱਤਾ।
ਪ੍ਰਧਾਨ ਮੰਤਰੀ ਨੇ ਘਟਨਾ ‘ਤੇ ਦੁੱਖ ਜਤਾਉਂਦੇ ਹੋਏ ਪਰਿਵਾਰ ਨਾਲ ਡੂੰਘੀ ਸੰਵੇਦਾਨਾ ਜਤਾਈ ਹੈ।