ਲੇਹ, 6 ਜੁਲਾਈ – ਅਸਲ ਕੰਟਰੋਲ ਲਾਈਨ (LAC) ਨੇੜੇ ਗਲਵਾਨ ਘਾਟੀ ‘ਚ ਝੜਪ ਵਾਲੀ ਜਗ੍ਹਾ ਤੋਂ ਚੀਨੀ ਫ਼ੌਜ 1-2 ਕਿਲੋਮੀਟਰ ਪਿੱਛੇ ਹਟ ਗਈ ਹੈ। ਚੀਨੀ ਫ਼ੌਜ ਡਿਸਇੰਗੇਜਮੈਂਟ ਪ੍ਰਕਿਰਿਆ ਤਹਿਤ ਪਿੱਛੇ ਹਟੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਚੀਨੀ ਫ਼ੌਜੀਆਂ ਨੇ ਆਪਣੇ ਕੈਂਪ ਵੀ ਪਿੱਛੇ ਹਟਾ ਲਏ ਹਨ। ਲੱਦਾਖ ‘ਚ ਜਾਰੀ ਤਣਾਅ ਦੇ ਮੱਦੇਨਜ਼ਰ ਚੀਨ ਦਾ ਇਹ ਕਦਮ ਕਾਫ਼ੀ ਮਹੱਤਵਪੂਰਨ ਹੈ।
ਭਾਰਤੀ ਫ਼ੌਜ ਦੇ ਸੂਤਰਾਂ ਮੁਤਾਬਿਕ ਚੀਨੀ ਫ਼ੌਜ ਦੀਆਂ ਭਾਰੀ ਬਖ਼ਤਰਬੰਦ ਗੱਡੀਆਂ ਹਾਲੇ ਵੀ ਗਲਵਾਨ ਨਦੀ ਵਾਲੇ ਇਲਾਕੇ ‘ਚ ਗਹਿਰਾਈ ਵਾਲੇ ਖੇਤਰਾਂ ‘ਚ ਮੌਜੂਦ ਹਨ। ਭਾਰਤੀ ਫ਼ੌਜ ਚੌਕਸੀ ਦੇ ਨਾਲ ਸਥਿਤੀ ਦੀ ਨਿਗਰਾਨੀ ਕਰ ਰਹੀ ਹੈ। ਹਾਲਾਂਕਿ ਇਸ ਸਬੰਧੀ ਫ਼ੌਜ ਦਾ ਅਜੇ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।
ਦੱਸ ਦੇਈਏ ਕਿ LAC ‘ਤੇ ਭਾਰਤ-ਚੀਨ ਵਿਚਕਾਰ ਕਰੀਬ 7 ਹਫ਼ਤਿਆਂ ਤੋਂ ਤਣਾਅ ਜਾਰੀ ਹੈ। ਦੋਵਾਂ ਦੇਸ਼ਾਂ ਵਿਚਕਾਰ 15 ਜੂਨ ਨੂੰ ਹਿੰਸਕ ਝੜਪ ਹੋਈ ਸੀ, ਜਿਸ ਵਿਚ 20 ਭਾਰਤੀ ਫ਼ੌਜੀਆਂ ਨੇ ਆਪਣਾ ਬਲੀਦਾਨ ਦਿੱਤਾ ਸੀ। ਇਸ ਦੌਰਾਨ ਚੀਨ ਦੇ ਵੀ 40 ਤੋਂ ਜ਼ਿਆਦਾ ਫ਼ੌਜੀ ਮਾਰੇ ਗਏ ਸਨ।
ਬੇਸ਼ੱਕ ਖਬਰਾਂ ਆ ਰਹੀਆਂ ਹਨ ਕਿ ਚੀਨੀ ਫੌਜ ਪਿੱਛੇ ਹਟੀ ਹੈ ਪਰ ਭਾਰਤੀ ਸੈਨਾ ਚੌਕਸ ਹੈ।