Menu

ਗੁੰਮ ਹੋਈਆਂ ਪਵਿੱਤਰ ਬੀੜਾਂ ਅਤੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਲੰਗਰ ਵਿੱਚ ਹੋਏ ਘਪਲੇ ਦੇ ਸਬੰਧ ਵਿੱਚ ਸ. ਗੋਬਿੰਦ ਸਿੰਘ ਲੌਂਗੋਵਾਲ ਤੁਰੰਤ ਦੇਣ ਅਸਤੀਫ਼ਾ-ਆਪ

ਚੰਡੀਗੜ੍ਹ, 30 ਜੂਨ – ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸ਼੍ਰੀ ਹਰਮਿੰਦਰ ਸਾਹਿਬ ਵਿਖੇ 267 ਦੇ ਕਰੀਬ ਗੁੰਮ ਹੋਈਆਂ ਪਵਿੱਤਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਅਤੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਲੰਗਰ ਦੀ ਰਸਦ ਵਿੱਚ ਹੋਏ ਘਪਲੇ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਪ੍ਰਧਾਨ ਸ. ਗੋਬਿੰਦ ਸਿੰਘ ਲੌਂਗੋਵਾਲ ਨੂੰ ਤੁਰੰਤ ਅਸਤੀਫ਼ਾ ਦੇਣ ਦੀ ਮੰਗ ਕੀਤੀ।
ਪਾਰਟੀ ਹੈੱਡਕੁਆਟਰ ਤੋਂ ਜਾਰੀ ਸੰਯੁਕਤ ਬਿਆਨ ਰਾਹੀਂ ‘ਆਪ’ ਦੇ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਤਲਵੰਡੀ ਸਾਬੋ ਤੋਂ ਵਿਧਾਇਕ ਬੀਬੀ ਬਲਜਿੰਦਰ ਕੌਰ ਅਤੇ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਸਾਬਕਾ ਸਟਾਫ਼ ਮੈਂਬਰ ਵੱਲੋਂ ਪਵਿੱਤਰ ਸਰੂਪ ਗੁੰਮ ਹੋਣ ਦੇ ਮਾਮਲੇ ‘ਤੇ ਲਗਾਏ ਗਏ ਗੰਭੀਰ ਇਲਜ਼ਾਮ ਕਿਸੇ ਵੱਡੀ ਸ਼ਾਜਿਸ ਵੱਲ ਇਸ਼ਾਰਾ ਕਰਦੇ ਹਨ। ‘ਆਪ’ ਆਗੂਆਂ ਨੇ ਕਿਹਾ ਕਿ ਇਸ ਮਾਮਲੇ ਦੀ ਅਸਲੀਅਤ ਤੱਕ ਪਹੁੰਚਣ ਲਈ ਇਸ ਪੂਰੇ ਘਟਨਾਕ੍ਰਮ ਦੀ ਉੱਚ ਪੱਧਰੀ ਜਾਂਚ ਅਤਿ ਜ਼ਰੂਰੀ ਹੈ, ਤਾਂ ਕਿ ਅਸਲ ਸਚਾਈ ਲੋਕਾਂ ਦੇ ਸਾਹਮਣੇ ਆ ਸਕੇ ਅਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜਾ ਮਿਲ ਸਕੇ।
‘ਆਪ’ ਆਗੂਆਂ ਨੇ ਕਿਹਾ ਕਿ ਇਸ ਪੂਰੇ ਮਾਮਲੇ ਦੀ ਜਾਂਚ ਕੁੰਵਰ ਵਿਜੈ ਪ੍ਰਤਾਪ ਸਿੰਘ ਵਾਲੀ ਸਿੱਟ ਨੂੰ ਸੌਂਪ ਦੇਣੀ ਚਾਹੀਦੀ ਹੈ, ਕਿਉਂਕਿ ਉਹ ਪਹਿਲਾਂ ਤੋਂ ਹੀ ਪੰਜਾਬ ਅੰਦਰ ਹੋਈਆਂ ਸਾਰੀਆਂ ਬੇਅਦਬੀਆਂ ਦੇ ਮਾਮਲੇ ਦੀ ਜਾਂਚ ਕਰ ਰਹੇ ਹਨ। ਆਗੂਆਂ ਨੇ ਖ਼ਦਸ਼ਾ ਪ੍ਰਗਟ ਕੀਤਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਅੰਦਰ ਜੋ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਵੱਡੇ ਪੱਧਰ ‘ਤੇ ਹੋਈਆਂ ਬੇਅਦਬੀਆਂ ਦਾ ਇਨ੍ਹਾਂ ਲਾਪਤਾ ਬੀੜਾਂ ਨਾਲ ਕੋਈ ਸੰਬੰਧ ਹੋ ਸਕਦਾ ਹੈ। ਇਹ ਵੀ ਹੋ ਸਕਦਾ ਹੈ ਕਿ  ਕਿਧਰੇ ਇਹ ਗੁੰਮ ਹੋਈਆਂ ਬੀੜਾਂ ਬੇਅਦਬੀਆਂ ਕਰਨ ਲਈ ਤਾਂ ਨਹੀਂ ਵਰਤੀਆਂ ਗਈਆਂ। ਇਸ ਲਈ ਅਜਿਹੇ ਹਾਲਤ ਵਿੱਚ ਇਸ ਪੂਰੇ ਮਾਮਲੇ ਦੀ ਜਾਂਚ ਲਈ ਸਿੱਟ ਹੀ ਸਹੀ ਅਤੇ ਨਿਰਪੱਖ ਜਾਂਚ ਕਰ ਸਕਦੀ ਹੈ, ਜੋ ਪਹਿਲਾਂ ਹੀ ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਹੈ।
ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਇਹ ਪੂਰਾ ਮਾਮਲਾ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਸ. ਗੋਬਿੰਦ ਸਿੰਘ ਲੌਂਗੋਵਾਲ ਦੇ ਨੱਕ ਹੇਠ ਵਾਪਰਿਆ ਹੈ, ਜੋ ਕਿ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਵੀ ਹਨ। ਇਸ ਲਈ ਅਜਿਹੇ ਹਾਲਤਾਂ ਵਿੱਚ ਉਨ੍ਹਾਂ ਨੂੰ ਆਪਣੀ ਜ਼ਿੰਮੇਵਾਰੀ ਸਵੀਕਾਰ ਕਰਦੇ ਹੋਏ ਸਿੱਖ ਸੰਗਤਾਂ ਤੋਂ ਮੁਆਫ਼ੀ ਮੰਗ ਕੇ ਤੁਰੰਤ ਆਪਣੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।
‘ਆਪ’ ਆਗੂਆਂ ਨੇ ਸ਼੍ਰੀ ਅਨੰਦਪੁਰ ਸਾਹਿਬ ਦੇ ਗੁਰਦੁਆਰਾ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਲੰਗਰ ਵਿਚ ਹੋਏ ਘਪਲੇ ਦੀ ਵੀ ਉੱਚ ਪੱਧਰੀ ਨਿਆਇਕ ਜਾਂਚ ਦੀ ਮੰਗ ਕਰਦੇ ਹੋਏ ਸ. ਗੋਬਿੰਦ ਸਿੰਘ ਲੌਂਗੋਵਾਲ ਦੇ ਅਸਤੀਫ਼ੇ ਦੀ ਮੰਗ ਕੀਤੀ। ‘ਆਪ’ ਵਿਧਾਇਕਾਂ ਨੇ ਕਿਹਾ ਕਿ ‘ਲੰਗਰ ਵਿੱਚ ਘਪਲਾ’ ਹੋਣ ਦੀ ਇਸ ਘਟਨਾ ਨੇ ਸਮੁੱਚੇ ਸਿੱਖ ਜਗਤ ਦੇ ਹਿਰਦੇ ਵਲੂੰਧਰ ਦਿੱਤੇ ਹਨ। ਪਵਿੱਤਰ ਮਰਿਆਦਾ ‘ਲੰਗਰ’ ਦਾ ਘਪਲਾ ਸ਼ਾਇਦ ਇੱਕ ਇਤਿਹਾਸਿਕ ਘਪਲਾ ਹੈ। ਧਾਰਮਿਕ ਅਦਾਰਿਆਂ ਵਿੱਚ ਅਜਿਹੇ ਘਪਲਿਆਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ।

Listen Live

Subscription Radio Punjab Today

Our Facebook

Social Counter

  • 16093 posts
  • 0 comments
  • 0 fans

Log In