ਅਬੋਹਰ, 25 ਜੂਨ – ਬੀਤੀ ਰਾਤ ਅਬੋਹਰ ਦੀ ਬਸੰਤ ਨਗਰੀ ਵਾਸੀ ਅਤੇ ਬਤੌਰ ਸੀ ਆਈ ਡੀ ਅਫਸਰ ਫ਼ਾਜ਼ਿਲਕਾ ਵਿਖੇ ਤਾਇਨਾਤ ਗੁਰਵਿੰਦਰ ਸਿੰਘ ( 30 ) ਨੂੰ ਗੋਲੀਆਂ ਮਾਰ ਕੇ ਉਸ ਵਕਤ ਹਲਾਕ ਕਰ ਦਿਤਾ ਗਿਆ, ਜਦੋ ਉਹ ਖਾਣਾ ਖਾਣ ਮਗਰੋਂ ਘਰ ਤੋਂ ਬਾਹਰ ਸੈਰ ਕਰਨ ਲਈ ਬਸੰਤ ਨਗਰੀ ਨੂੰ ਜਾਣ ਵਾਲੀ ਗਲੀ ਦੇ ਸਾਹਮਣੇ ਅਬੋਹਰ-ਸੀਤੋ ਮੁੱਖ ਮਾਰਗ ‘ਤੇ ਬਣੇ ਇੱਕ ਬਿਊਟੀ ਪਾਰਲਰ ਦੇ ਬਾਹਰ ਬਣੇ ਥੜੇ ‘ਤੇ ਬੈਠਾ ਸੀ , ਜਦੋ ਹਮਲਾਵਰ ਆਇਆ ਅਤੇ ਬਿਲਕੁਲ ਨੇੜਿਓਂ ਹੀ ਉਸਨੇ ਉਸਦੇ ਸਿਰ ‘ਤੇ ਵਾਰ ਕੀਤੇ , ਦੱਸਿਆ ਜਾ ਰਿਹਾ ਹੈ ਕਿ ਤਿੰਨ ਗੋਲੀਆਂ ਮਾਰੀਆਂ ਗਈਆਂ ਹਨ ਜਿਸ ਵਿਚੋਂ ਦੋ ਗੋਲੀਆਂ ਮੱਥੇ ‘ਤੇ ਮਾਰੀਆਂ ਗਈਆਂ ਅਤੇ ਇੱਕ ਗੋਲੀ ਪੁੜਪੜੀ ‘ਚ ਮਾਰੀ । ਮੌਕੇ ‘ਤੇ ਹੀ ਉਸਦੀ ਮੌਤ ਹੋ ਗਈ । ਕਾਰਨਾ ਦਾ ਫਿਲਹਾਲ ਪਤਾ ਨਹੀ ਚਲ ਸਕਿਆ ਹੈ । ਪੁਲਿਸ ਵੱਲੋਂ ਪੂਰੇ ਇਲਾਕੇ ਦੀ ਨਾਕਾਬੰਦੀ ਕਰ ਦਿੱਤੀ ਗਈ ਹੈ ।
ਐਸ ਐਸ ਪੀ ਫਾਜ਼ਿਲਕਾ ਹਰਜੀਤ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਇਸ ਮਾਮਲੇ ਦੀ ਜਾਂਚ ਹਰ ਪਹਿਲੂ ਤੋਂ ਕਰ ਰਹੀ ਹੈ ਅਤੇ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਵੀ ਖੰਘਾਲੀ ਜਾ ਰਹੀ ਹੈ । ਉਨ੍ਹਾਂ ਦਾਅਵਾ ਕੀਤਾ ਜਲਦ ਹੀ ਇਸ ਕਤਲ ਕਾਂਡ ਮਾਮਲੇ ਦੀ ਗੁੱਥੀ ਸੁਲਝਾ ਲਈ ਜਾਵੇਗੀ ਅਤੇ ਮੁਲਜ਼ਮ ਸਲਾਖਾਂ ਪਿਛੇ ਹੋਣਗੇ ।