ਨਵੀਂ ਦਿੱਲੀ, 12 ਜੂਨ – ਕੋਰੋਨਾ ਵਾਇਰਸ ਸੰਕ੍ਰਮਣ ਦੇ ਲਗਾਤਾਰ ਵੱਧਦੇ ਮਾਮਲਿਆਂ ਦੇ ਚੱਲਦਿਆਂ ਰਾਜਧਾਨੀ ‘ਚ ਲਾਕਡਾਊਨ ਵਧਾਉਣ ਦੀ ਚਰਚਾ ਵਿਚਕਾਰ ਸਿਹਤ ਮੰਤਰੀ ਸਤੇਂਦਰ ਜੈਨ ਨੇ ਵੱਡਾ ਬਿਆਨ ਦਿੱਤਾ ਹੈ।
ਸ਼ੁੱਕਰਵਾਰ ਨੂੰ ਡਿਜ਼ੀਟਲ ਪ੍ਰੈੱਸ ਗੱਲਬਾਤ ਦੌਰਾਨ ਸਿਹਤ ਮੰਤਰੀ ਸਤੇਂਦਰ ਜੈਨ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਲਾਕਡਾਊਨ ਦਾ ਵਿਸਤਾਰ ਕਰਨ ‘ਤੇ ਚਰਚਾ ਹੋਈ ਹੈ? ਇਸ ‘ਤੇ ਉਨ੍ਹਾਂ ਕਿਹਾ ਕਿ ਦਿੱਲੀ ‘ਚ ਲਾਕਡਾਊਨ ਨਹੀਂ ਵਧਾਇਆ ਜਾਵੇਗਾ। ਇਸ ਬਿਆਨ ਤੋਂ ਬਾਅਦ ਇਸ ‘ਤੇ ਵਿਰਾਮ ਲੱਗਾ ਦਿੱਤਾ ਗਿਆ ਹੈ ਕਿ ਦਿੱਲੀ ‘ਚ ਲਾਕਡਾਊਨ ਵਧਾਉਣ ਦੀ ਦਿੱਲੀ ਸਰਕਾਰ ਦੀ ਕੋਈ ਯੋਜਨਾ ਹੈ।
ਇਸ ਤੋਂ ਪਹਿਲਾਂ ਦਿੱਲੀ ‘ਚ ਸੱਤਾਧਿਰ ਆਮ ਆਦਮੀ ਪਾਰਟੀ ਸਰਕਾਰ ਨੇ ਲਾਕਡਾਊਨ ਸਬੰਧੀ ਚੱਲ ਰਹੀਆਂ ਅਫਵਾਹਾਂ ‘ਤੇ ਧਿਆਨ ਨਾ ਦੇਣ ਦੀ ਗੱਲ ਕਹੀ ਸੀ। ਨਾਲ ਹੀ ਕਿਹਾ ਸੀ ਕਿ ਫਿਲਹਾਲ ਸਰਕਾਰ ਦੀ ਇਸ ਤਰ੍ਹਾਂ ਦੀ ਕੋਈ ਯੋਜਨਾ ਨਹੀਂ ਹੈ।