ਨਵੀਂ ਦਿੱਲੀ, 9 ਜੂਨ – ਆਏ ਦਿਨ ਜਿੱਥੇ ਕਰੋਨਾ ਮਰੀਜ਼ਾਂ ਦਾ ਅੰਕੜਾ ਵਧਦਾ ਜਾ ਰਿਹਾ ਹੈ, ਉਥੇ ਹੀ ਕੁੱਝ ਵੱਡੇ ਦਿੱਗਜ਼ ਸਿਆਸੀ ਆਗੂਆਂ ਦੇ ਕਰੋਨਾ ਪੀੜਤ ਹੋਣ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਬੁਖਾਰ ਅਤੇ ਗਲੇ ਦੀ ਸ਼ਿਕਾਇਤ ਤੋਂ ਬਾਅਦ ਕਰੋਨਾ ਟੈਸਟ ਲਈ ਸੈਂਪਲ ਲਿਆ ਗਿਆ ਸੀ। ਇਸ ਦੀ ਰਿਪੋਰਟ ਅੱਜ ਸ਼ਾਮ ਤਕ ਆਉਣ ਦੀ ਸੰਭਾਵਨਾ ਹੈ।
ਹੁਣ ਇਸ ਵਾਇਰਸ ਦੇ ਸੰਕ੍ਰਮਣ ਦੀ ਲਪੇਟ ‘ਚ ਭਾਜਪਾ ਨੇਤਾ ਜਿਓਤਿਰਾਦਿੱਤਿਆ ਸਿੰਧਿਆ ਅਤੇ ਉਨ੍ਹਾਂ ਦੀ ਮਾਂ ਵੀ ਆ ਗਈ ਹੈ। ਮੱਧ ਪ੍ਰਦੇਸ਼ ਦੇ ਗੁਨਾ ਤੋਂ ਸਾਬਕਾ ਸੰਸਦ ਅਤੇ ਭਾਜਪਾ ਦੇ ਸੀਨੀਅਰ ਨੇਤਾ ਜਿਓਤਿਰਾਦਿੱਤਿਆ ਸਿੰਧਿਆ ਅਤੇ ਉਨ੍ਹਾਂ ਦੀ ਮਾਂ ਨੂੰ ਕੋਰੋਨਾ ਹੋ ਗਿਆ ਹੈ। ਉਨ੍ਹਾਂ ਨੂੰ ਇਲਾਜ ਲਈ ਮੈਕਸ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਹਸਪਤਾਲ ਨੇ ਉਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਹੋਣ ਦੀ ਪੁਸ਼ਟੀ ਕਰ ਦਿੱਤੀ ਹੈ। ਦਿੱਲੀ ਦੇ ਸਾਕੇਤ ਮੈਕਸ ਹਸਪਤਾਲ ‘ਚ ਫਿਲਹਾਲ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਦੱਸ ਦੇਈਏ ਕਿ ਸਾਕੇਤ ਦਾ ਮੈਕਸ ਹਸਪਤਾਲ ਕੋਵਿਡ-19 ਹਸਪਤਾਲ ‘ਚ ਬਦਲ ਗਿਆ ਹੈ, ਤਾਂਕਿ ਇਹ ਕੋਰੋਨਾ ਦੀ ਜੰਗ ‘ਚ ਅਤੇ ਚੰਗੇ ਤਰੀਕੇ ਨਾਲ ਆਪਣੀ ਸੇਵਾ ਦੇਵੇ।