Menu

ਕਿਸਾਨਾਂ ਨਾਲ ਕੋਝਾ ਮਜ਼ਾਕ ਹੈ ਝੋਨੇ ਦੇ ਮੁੱਲ ‘ਚ ਮਾਮੂਲੀ ਵਾਧਾ-ਭਗਵੰਤ ਮਾਨ

ਚੰਡੀਗੜ੍ਹ, 2 ਜੂਨ- ਆਮ ਆਦਮੀ ਪਾਰਟੀ (ਆਪ) ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਝੋਨੇ ਸਮੇਤ ਸਾਉਣੀ ਦੀਆਂ ਹੋਰ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ) ‘ਚ ਕੀਤੇ ਮਾਮੂਲੀ ਵਾਧੇ ਨੂੰ ਪੰਜਾਬ ਸਮੇਤ ਦੇਸ਼ ਭਰ ਦੇ ਅੰਨਦਾਤਾ ਨਾਲ ਕੋਝਾ ਮਜ਼ਾਕ ਕਰਾਰ ਦਿੱਤਾ ਹੈ।
ਮੰਗਲਵਾਰ ਨੂੰ ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਫ਼ਸਲਾਂ ਦੀ ਲਾਗਤ (ਖ਼ਰਚ) ਉੱਪਰ ਕਿਸਾਨਾਂ ਨੂੰ 50 ਪ੍ਰਤੀਸ਼ਤ ਮੁਨਾਫ਼ੇ ਬਾਰੇ ਡਾ. ਸਵਾਮੀਨਾਥਨ ਦੀਆਂ ਸਿਫ਼ਾਰਿਸ਼ਾਂ ਰੱਦੀ ਦੀ ਟੋਕਰੀ ‘ਚ ਸੁੱਟ ਕੇ ਮੋਦੀ ਸਰਕਾਰ ਬੇਸ਼ਰਮੀ ਨਾਲ ਝੂਠ ਬੋਲਣ ਲੱਗੀ ਹੈ। ਭਗਵੰਤ ਮਾਨ ਨੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਵੱਲੋਂ ਨਵੀਆਂ ਕੀਮਤਾਂ ਦਾ ਐਲਾਨ ਕਰਨ ਮੌਕੇ ਇਹ ਦਾਅਵਾ ਕਰਨਾ, ਨਵੀਂ ਐਮ.ਐਸ.ਪੀ ਤੈਅ ਹੋਣ ਨਾਲ ਕਿਸਾਨਾਂ ਨੂੰ ਉਨ੍ਹਾਂ ਦੀ ਲਾਗਤ ਉੱਪਰ 50 ਤੋਂ 83 ਪ੍ਰਤੀਸ਼ਤ ਜ਼ਿਆਦਾ ਕੀਮਤ ਮਿਲੇਗੀ, ਬੜੀ ਢੀਠਤਾ ਨਾਲ ਬੋਲਿਆ ਗਿਆ ਕੋਰਾ ਝੂਠ ਹੈ। ਦੇਸ਼ ਦੇ ਅੰਨਦਾਤਾ ਨਾਲ ਅਜਿਹਾ ‘ਪਾਪ’ ਕਮਾਉਣ ਵਾਲੇ ਨਰਿੰਦਰ ਤੋਮਰ ਨੂੰ ਖੇਤੀਬਾੜੀ ਮੰਤਰੀ ਬਣੇ ਰਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਰਹਿ ਜਾਂਦਾ। ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਅਤੇ ਖੇਤੀਬਾੜੀ ਮੰਤਰੀ ਨੂੰ ਮੁਖ਼ਾਤਬ ਹੁੰਦਿਆਂ ਕਿਹਾ, ” ਇਹ ਦੇਸ਼ ਅਤੇ ਦੇਸ਼ ਦੇ ਅੰਨਦਾਤਾ ਦੀ ਬਦਕਿਸਮਤੀ ਹੈ ਕਿ ਤੁਹਾਡੇ ਵਰਗੇ ਅਸੰਵੇਦਨਸ਼ੀਲ ਲੀਡਰਾਂ ਹੱਥ ਕਿਰਸਾਨੀ ਦਾ ਭਵਿੱਖ ਤੈਅ ਕਰਨ ਦੀ ਜ਼ਿੰਮੇਵਾਰੀ ਲੱਗ ਗਈ ਹੈ। ਤੁਸੀਂ ਬੇਸ਼ੱਕ ਕਿੰਨੇ ਵੀ ਚੁਸਤ-ਚਲਾਕ ਕਿਉਂ ਨਾ ਹੋਵੋ, ਪ੍ਰੰਤੂ ਇੱਕ ਅਨਪੜ੍ਹ ਕਿਸਾਨ ਤੇ ਖੇਤ ਮਜ਼ਦੂਰ ਵੀ ਆਪਣੀ ਫ਼ਸਲ ‘ਤੇ ਹੋਏ ਕੁੱਲ ਖ਼ਰਚ ਅਤੇ ਆਮਦਨੀ ਦਾ ਹਿਸਾਬ-ਕਿਤਾਬ ਆਪਣੀਆਂ ਉਗਲਾਂ ‘ਤੇ ਹੀ ਤੁਹਾਡੇ ਪੜੇ ਲਿਖੇ ਗਵਾਰ ਮਾਹਿਰਾਂ ਨਾਲੋਂ ਜ਼ਿਆਦਾ ਤਰਕਸੰਗਤ ਅਤੇ ਵਧੀਆਂ ਕਰ ਲੈਂਦਾ ਹੈ। ਇਸ ਲਈ ਅੰਨਦਾਤਾ ਨੂੰ ਆਪਣੇ ਲੱਛੇਦਾਰ ਅੰਕੜਿਆਂ ਰਾਹੀਂ ਬੇਵਕੂਫ਼ ਬਣਾਉਣ ਦੀ ਨੀਚ ਕੋਸ਼ਿਸ਼ ਨਾ ਕਰੋ।”
ਭਗਵੰਤ ਮਾਨ ਨੇ ਮੋਦੀ ਸਰਕਾਰ ‘ਚ ਭਾਈਵਾਲ ਬਾਦਲ ਪਰਿਵਾਰ ਨੂੰ ਚੁਨੌਤੀ ਦਿੱਤੀ ਕਿ ਉਹ ਕੇਂਦਰ ਵੱਲੋਂ ਝੋਨੇ ਦੇ ਮੁੱਲ ‘ਚ ਕੀਤੇ 53 ਰੁਪਏ ਪ੍ਰਤੀ ਕਵਿੰਟਲ ਦੇ ਐਲਾਨ ਦਾ ਸਵਾਗਤ ਕਰਕੇ ਦਿਖਾਉਣ ਅਤੇ ਸਾਬਤ ਕਰਨ ਕਿ ਕੀ ਸੱਚਮੁੱਚ ਕਿਸਾਨਾਂ ਨੂੰ ਉਨ੍ਹਾਂ ਦੀ ਲਾਗਤ ਉੱਪਰ 50 ਤੋਂ 83 ਪ੍ਰਤੀਸ਼ਤ ਜ਼ਿਆਦਾ ਕੀਮਤ ਮਿਲੇਗੀ? ਮਾਨ ਨੇ ਕਿਹਾ ਕਿ ਝੋਨੇ ਉੱਪਰ ਪਿਛਲੀ ਕੀਮਤ ਦੇ ਮੁਕਾਬਲੇ ਮਹਿਜ਼ 3 ਪ੍ਰਤੀਸ਼ਤ ਵਾਧਾ ਕੀਤਾ ਗਿਆ ਹੈ। ਜੇਕਰ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਕਰਜ਼ ਦੇ ਭੰਨੇ ਪੰਜਾਬ ਦੇ ਅੰਨਦਾਤਾ ਦੀ ਰੱਤੀ ਭਰ ਵੀ ਪ੍ਰਵਾਹ ਹੁੰਦੀ ਤਾਂ ਮੋਦੀ ਵਜ਼ਾਰਤ ਵੱਲੋਂ ਕਿਸਾਨਾਂ ਨਾਲ ਐਨਾ ਕੋਝਾ ਮਜ਼ਾਕ ਨਾ ਕਰਨ ਦਿੰਦੀ ਅਤੇ ਲੋੜ ਪੈਣ ‘ਤੇ ਤੁਰੰਤ ਆਪਣਾ ਅਸਤੀਫ਼ਾ ਦੇਣ ਦੀ ਜੁਰਅਤ ਦਿਖਾਉਂਦੇ।
ਭਗਵੰਤ ਮਾਨ ਨੇ ਦੱਸਿਆ ਕਿ ਪੰਜਾਬ ਦੇ ਮਾਹਿਰਾਂ ਵੱਲੋਂ ਕੁੱਲ ਲਾਗਤ ਖ਼ਰਚਿਆਂ ਦੇ ਹਿਸਾਬ ਨਾਲ 2902 ਰੁਪਏ ਪ੍ਰਤੀ ਕਵਿੰਟਲ ਦੀ ਸਿਫ਼ਾਰਿਸ਼ ਕੇਂਦਰ ਨੂੰ ਭੇਜੀ ਗਈ ਸੀ। ਇੱਥੋਂ ਤੱਕ ਕਿ ਖੇਤੀਬਾੜੀ ਲਾਗਤ ਅਤੇ ਕੀਮਤਾਂ ਬਾਰੇ ਕਮਿਸ਼ਨ (ਸੀਏਸੀਪੀ) ਵੱਲੋਂ ਤੈਅ ਮਾਪਦੰਡ ਸੀ-2 ਅਨੁਸਾਰ ਇਸ ਸਾਉਣੀ ਦੇ ਝੋਨੇ ਦੀ ਪ੍ਰਤੀ ਕਵਿੰਟਲ ਕੀਮਤ 1665 ਰੁਪਏ ਕੱਢੀ ਗਈ ਸੀ, ਜੇਕਰ ਇਸ ਲਾਗਤ ਖ਼ਰਚ ਉੱਪਰ ਮੋਦੀ ਸਰਕਾਰ ਕਿਸਾਨਾਂ ਨੂੰ 50 ਪ੍ਰਤੀਸ਼ਤ ਮੁਨਾਫ਼ਾ ਦਿੰਦੀ (ਸਵਾਮੀਨਾਥਨ ਫ਼ਾਰਮੂਲੇ ਅਨੁਸਾਰ) ਤਾਂ ਵੀ ਨਵੀਂ ਕੀਮਤ 2497 ਰੁਪਏ ਪ੍ਰਤੀ ਕਵਿੰਟਲ ਤੈਅ ਹੁੰਦੀ, ਜਦਕਿ ਕੀਤੀ ਸਿਰਫ਼ 1868 ਰੁਪਏ ਹੈ, ਜੋ ਲੇਬਰ ਦੀਆਂ ਵਧੀਆਂ ਕੀਮਤਾਂ (ਲਗਭਗ 300 ਰੁਪਏ ਪ੍ਰਤੀ ਕਵਿੰਟਲ) ਦੀ ਵੀ ਪੂਰਤੀ ਨਹੀਂ ਕਰਦੀ, ਜਦਕਿ ਕੋਰੋਨਾ ਵਾਇਰਸ ਕਾਰਨ ਅਗਲੇ 6 ਮਹੀਨਿਆਂ ‘ਚ ਮਹਿੰਗਾਈ ਹੋਰ ਵਿਕਰਾਲ ਰੂਪ ਧਾਰੇਗੀ ਅਤੇ ਵਿੱਤੀ ਸੰਕਟ ਹੋਰ ਗਹਿਰਾ ਹੋਵੇਗਾ। ਭਗਵੰਤ ਮਾਨ ਨੇ ਕਿਹਾ ਕਿ ਜੇਕਰ ਮੋਦੀ ਸਰਕਾਰ ਦੂਰਦਰਸੀ ਸੋਚ ਰੱਖਣ ਦੇ ਕਾਬਲ ਹੁੰਦੀ ਤਾਂ ਖੇਤੀਬਾੜੀ ਖੇਤਰ ਨੂੰ ਤਕੜਾ ਰੱਖਣ ਲਈ ਫ਼ਸਲਾਂ ਦੀਆਂ ਕੀਮਤਾਂ ਅਸਲੀਅਤ ‘ਚ ਸਵਾਮੀਨਾਥਨ ਸਿਫ਼ਾਰਿਸ਼ਾਂ ਮੁਤਾਬਿਕ ਵਧਾਉਂਦੀ, ਕਿਉਂਕਿ ਅੱਜ ਵੀ ਭਾਰਤੀ ਆਰਥਿਕਤਾ ਦੀਆਂ ਨੀਂਹਾਂ ਖੇਤੀਬਾੜੀ ਖੇਤਰ ‘ਤੇ ਨਿਰਭਰ ਹਨ।
ਭਗਵੰਤ ਮਾਨ ਨੇ ਫ਼ਸਲਾਂ ਦੇ ਮੁੱਲ ‘ਚ ਕੀਤੇ ਇਸ ਵਾਧੇ ਨੂੰ ਸਿਰੇ ਤੋਂ ਖ਼ਾਰਜ ਕਰਦੇ ਹੋਏ ਕਿਹਾ ਕਿ ਮਹਿੰਗਾਈ ਦੀਆਂ ਦਰਾਂ, ਖਾਂਦਾ ਦੀ ਸਬਸਿਡੀ ‘ਚ ਕੀਤੀ ਕਟੌਤੀ, ਡੀਜ਼ਲ-ਪੈਟਰੋਲ ਦੇ ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਲਗਾਏ ਜਾ ਰਹੇ ਅੰਧਾਧੁੰਦ ਵੈਟ (ਟੈਕਸ) ਸਮੇਤ ਲੇਬਰ ਦੇ ਮੌਜੂਦਾ ਸੰਕਟ ਦੇ ਮੱਦੇਨਜ਼ਰ ਇਹ ਵਾਧਾ ਕਿਸੇ ਵੀ ਪੈਮਾਨੇ ‘ਤੇ ਖਰਾ ਨਹੀਂ ਉੱਤਰਦਾ।

Listen Live

Subscription Radio Punjab Today

Our Facebook

Social Counter

  • 16136 posts
  • 0 comments
  • 0 fans

Log In