ਨਵੀਂ ਦਿੱਲੀ, 2 ਜੂਨ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ‘ਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਪਰ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਅਸੀ ਇਲਾਜ ਦੇ ਸਾਰੇ ਪ੍ਰਬੰਧ ਭਾਵ ਪੀੜਤ ਲੋਕਾਂ ਦੇ ਆਈ.ਸੀ.ਯੂ, ਬੈੱਡ ਅਤੇ ਵੈਂਟੀਲੇਟਰ ਦਾ ਇੰਤਜ਼ਾਮ ਕੀਤਾ ਹੋਇਆ ਹੈ। ਇਸ ਦੇ ਨਾਲ ਹੀ ਕੇਜਰੀਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਦਿੱਲੀ ‘ਚ ਕੋਰੋਨਾ ਨਾਲ ਸੰਬੰਧਿਤ ਜਾਣਕਾਰੀ ਦੇਣ ਦੇ ਲਈ ਐੱਪ ਵੀ ਲਾਂਚ ਕੀਤੀ ਹੈ।
ਮੁੱਖ ਮੰਤਰੀ ਨੇ ਦੱਸਿਆ ਕਿ ਦਿੱਲੀ ‘ਚ ਅੱਜ 6731 ਬੈੱਡ ਹਨ। ਲੋਕ ਜਾਂਦੇ ਹਨ ਤਾਂ ਉਨ੍ਹਾਂ ਨੂੰ ਪਤਾ ਨਹੀਂ ਹੁੰਦਾ ਕਿ ਉਨ੍ਹਾਂ ਨੂੰ ਕਿਹੜੇ ਹਸਪਤਾਲ ‘ਚ ਬੈੱਡ ਮਿਲੇਗਾ। ਕਿੱਥੇ ਆਕਸੀਜ਼ਨ ਮਿਲੇਗੀ। 4100 ਬੈੱਡ ਖਾਲੀ ਪਏ ਹਨ। ਇਸ ਲਈ ਅੱਜ ਅਸੀਂ ਇਹ ਐਪ ਲਾਂਚ ਕਰ ਰਹੇ ਹਾਂ। ਇਹ ਤੁਹਾਨੂੰ ਸਰਕਾਰੀ ਤੇ ਪ੍ਰਾਈਵੇਟ ਸਾਰੇ ਹਸਪਤਾਲਾਂ ਬਾਰੇ ਦੱਸੇਗਾ ਕਿ ਇਸ ਸਮੇਂ ਕਿਹੜੇ ਹਸਪਤਾਲ ‘ਚ ਕਿੰਨੇ ਬੈੱਡ ਖਾਲੀ ਹਨ ਤੇ ਕਿੰਨੇ ਭਰੇ ਹੋਏ ਹਨ।
ਸੀਐੱਮ ਕੇਜਰੀਵਾਲ ਨੇ ਕਿਹਾ ਕਿ ਕੋਰੋਨਾ ਦੇ ਕੇਸ ਲੱਗਾਤਾਰ ਵੱਧ ਰਹੇ ਹਨ ਪਰ ਸਰਕਾਰ ਨੇ ਇੰਨਾ ਇੰਤਜ਼ਾਮ ਕੀਤਾ ਹੋਇਆ ਕਿ ਤੁਹਾਡੇ ਘਰ ‘ਚ ਜੇ ਕੋਈ ਬਿਮਾਰ ਹੁੰਦਾ ਹੈ ਤਾਂ ਉਸ ਲਈ ਬੈੱਡ, ਆਕਸੀਜ਼ਨ ਤੇ ਆਈਸੀਯੂ ਸਭ ਦਾ ਇੰਤਜ਼ਾਮ ਹੈ। ਕੇਜਰੀਵਾਲ ਨੇ ਜਨਤਾ ਨੂੰ ਭਰੋਸਾ ਦਿਵਾਉਂਦੇ ਦੱਸਿਆ ਕਿ ਦਿੱਲੀ ‘ਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ।