Menu

ਸਾਹਿਤਕ ਤੇ ਰੂਹਾਨੀ ਗੀਤਾਂ ਦਾ ਰਚੇਤਾ- ਗੁਰਨਾਮ ਗਾਮਾਂ ..!

ਮੋਗੇ ਜ਼ਿਲ੍ਹੇ ਦੇ ਪਿੰਡ ਧੂੜਕੋਟ ਰਣਸੀਂਹ ਵਿੱਚ ਪੈਦਾ ਹੋਇਆ ਗੁਰਨਾਮ ਸਿੰਘ ਗਾਮਾਂ, ਪਿਛਲੇ ਮਹੀਨੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ। ਚੜ੍ਹਦੀ ਜਵਾਨੀ ਵਿੱਚ ਕਬੱਡੀ ਅਤੇ ਗੀਤਕਾਰੀ ਦੋਹਾਂ ਹੀ ਖੇਤਰਾਂ ਵਿੱਚ ਉਸਨੇ ਬੁਲੰਦੀਆਂ ਨੂੰ ਛੋਹਿਆ। ਉਸਦੀ ਕਪਤਾਨੀ ਥੱਲੇ ਜਲੰਧਰ ਸਪੋਰਟਸ ਸਕੂਲ ਨੇ ਸੰਨ 1994 ਵਿੱਚ ਆਲ ਇੰਡੀਆ ਇੰਟਰ ਵਰਸਟੀ ਵਿੱਚੋਂ ਗੋਲ਼ਡ ਮੈਡਲ ਜਿੱਤਿਆ। ਪੰਜਾਬੀ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਨੇ “ਬਾਕੀ ਦੀਆਂ ਗੱਲਾਂ ਬਾਅਦ ‘ਚ ਪਹਿਲਾਂ ਸਿਹਤ ਜ਼ਰੂਰੀ ਹੈ” ਆਪਣੇ ਇਸ ਗੀਤ ਵਿੱਚ ਗਾਮੇਂ ਦਾ ਮਿਹਨਤ ਕਰਦੇ ਦਾ ਕਲਿੱਪ ਵਿਖਾਇਆ। ਕਬੱਡੀ ਨੈਸ਼ਨਲ ਸਟਾਈਲ ਅਤੇ ਪੰਜਾਬ ਸਟਾਈਲ ਦੋਹਾਂ ਵਿੱਚ ਹੀ ਉਹ ਸੁਪਰ ਸਟਾਰ ਸੀ। ਕਬੱਡੀ ਜਗਤ ਵਿੱਚ ਇਹਨਾਂ ਪ੍ਰਾਪਤੀਆਂ ਕਰਕੇ ਗਾਮੇਂ ਬਾਰੇ ਹੋਰ ਲਿਖਣ ਲਈ ਕੁਝ ਰਹਿ ਨਹੀਂ ਜਾਂਦਾ।
ਲਿਖਣ ਦਾ ਰੱਬੀ ਤੋਹਫ਼ਾ ਉਸਨੂੰ ਪਰਿਵਾਰ ਵਿੱਚੋਂ ਹੀ ਮਿਲਿਆ ਸੀ। ਉਸਦਾ ਕਵੀ ਹਿਰਦਾ ਇੱਕ ਰੱਬੀ ਦਾਤ ਸੀ। ਮੈਂ ਕਈ ਵਾਰ ਉਸਨੂੰ ਉਸ ਵੱਲੋਂ ਲਿਖੇ ਹੋਏ ਗੀਤ ਅਤੇ ਉਸ ਦੁਆਰਾ ਟੀਵੀ ਚੈਨਲਾਂ ਤੇ ਕੀਤੀਆਂ ਗੱਲਾਂ ਬਾਤਾਂ ਨੂੰ ਧਿਆਨ ਨਾਲ ਸੁਣਿਆ, ਉਸ ਤੋ ਬਾਅਦ ਮੇਰੇ ਮਨ ਵਿੱਚ ਗਾਮੇਂ ਪ੍ਰਤੀ ਲਿਖਣ ਲਈ ਤੜਪ ਪੈਦਾ ਹੋਈ । ਜਦੋਂ ਵੀ ਉਸਨੇ ਗੀਤ ਲਿਖੇ ਹੋਣਗੇ, ਉਸਦੇ ਅਹਿਸਾਸ ਦੇ ਪੱਧਰ ਦੇ ਨੇੜੇ ਜਾਣਾ ਮੇਰੇ ਵੱਸ ਦੀ ਗੱਲ ਨਹੀਂ, ਉਦਾਸ ਮਨ ਨਾਲ ਉਸ ਵੱਲੋਂ ਲਿਖੇ ਹੋਏ ਗੀਤਾਂ ਦੀ ਕਲਪਨਾਂ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ।
ਬਲਕਾਰ ਸਿੱਧੂ ਵੱਲੋਂ ਗਾਇਆ ਗਿਆ ਗੀਤ “ਐਨਾਂ ਤੈਨੂੰ ਪਿਆਰ ਕਰਾਂ” ਰੱਬੀ ਸੁੰਦਰਤਾ ਨੂੰ ਪਹਿਚਾਨਣ ਵਾਲੀ ਕਲਮ ਹੀ ਇਸ ਤਰਾਂ ਦਾ ਪਿਆਰ ਭਰਿਆ ਗੀਤ ਲਿਖ ਸਕਦੀ ਹੈ। ਉਸਦੇ ਗੀਤ ਦਾ ਮੁਹੱਬਤ ਭਰਿਆ ਪੈਗ਼ਾਮ ਕੁਦਰਤੀ ਰੰਗ ਵਿੱਚ ਰੰਗਿਆ ਸੀ। ਜਿਵੇਂ ਚੰਨ-ਚਕੋਰ, ਮਛਲੀ-ਮਾਨਸਰੋਵਰ, ਕੰਢੇ-ਲਹਿਰਾਂ, ਢਲਦੀਆਂ-ਦੁਪਿਹਰਾਂ, ਦੀਵਾ-ਲੋਅ, ਰਾਂਝਾ-ਮਜਨੂੰ ਤੇ ਸਾਗਰ ਦਾ ਪਾਣੀ ਆਦਿ ਇਹ ਰੱਬੀ ਸੁਗਾਤਾਂ ਉਸਦੇ ਮਨ ਵਿੱਚ ਸਮੋਈਆਂ ਹੋਈਆਂ ਸਨ। ਉਸ ਦੀਆਂ ਅੱਖਾਂ ਵਿੱਚ ਪੂਰਨ ਪਿਆਰ ਨੂੰ ਵੇਖਣ ਦੀ ਇੱਕ ਲਿਸ਼ਕ ਸੀ। ਉਸਦਾ ਪਿਆਰ ਅਤੇ ਉਸਦਾ ਇਸ਼ਕ ਕੁਦਰਤੀ ਸੋਮਿਆਂ ਵਿੱਚ ਸੀ। ਇਸ ਮੁਹੱਬਤ ਭਰੇ ਗੀਤ ਨੂੰ ਲਿਖਣ ਵੇਲੇ ਉਸਦੇ ਮਨ ਦਾ ਸਫ਼ਰ ਤਾਂ ਓਹੀ ਦੱਸ ਸਕਦਾ ਸੀ। ਇਹਨਾਂ ਦਿਨਾਂ ਵਿੱਚ ਅਚਾਨਕ ਹੀ ਗਾਮੇਂ ਦੇ ਸਰੀਰ ਤੇ ਗਹਿਰੀ ਸੱਟ ਲੱਗ ਗਈ, ਉਸਨੂੰ ਹੋਸ਼ ਆਉਣ ਤੋਂ ਬਾਅਦ ‘ਚ ਹੀ ਇਸ ਗੀਤ ਦੇ ਹਿੱਟ ਹੋਣ ਦਾ ਪਤਾ ਲੱਗਿਆ। ਇਸ ਗੀਤ ਨੇ ਗਾਮੇਂ ਦੇ ਟੁੱਟੇ ਹੋਏ ਜਿਸਮ  ਨੂੰ ਤਾਕਤ ਦਿੱਤੀ। ਉਸ ਵਕਤ ਦੀ ਮਸ਼ਹੂਰ ਕੰਪਨੀ “ਫਾਈਨਟੱਚ” ਦੇ ਮਾਲਕ ਰੁਪਿੰਦਰ ਸਿੰਘ ‘ਰੂਬੀ’ ਇਸ ਹੀਰੇ ਨੂੰ ਪਹਿਚਾਣਕੇ ਅਮ੍ਰਿਤਸਰ ਲੈ ਗਈ।  ਫੇਰ ਉਸ ਦੀ ਕਲਮ ਨੇ ਸ਼ਬਦਾਂ ਨਾਲ ਖੇਡਣਾ ਸ਼ੁਰੂ ਕਰ ਦਿੱਤਾ।
ਪੰਜਾਬ ਦੇ ਕਲਾਕਾਰਾਂ ਦਾ ਇੱਕ ਤਰਾਂ ਨਾਲ ਸੁਨਹਿਰੀ ਯੁਗ ਚੱਲਿਆ ਤੇ ਧੜਾਧੜ ਕੈਸਟਾਂ ਹਿੱਟ ਹੋਈਆਂ। ਪੰਜਾਬ ਦੇ ਅਨੇਕਾਂ ਕਲਾਕਾਰਾਂ ਨੂੰ ਸਟਾਰ ਬਣਾਉਣ ਲਈ ਗਾਮੇਂ ਦੀ ਕਲਮ ਦਾ ਅਹਿਮ ਯੋਗਦਾਨ ਰਿਹਾ। ਉਹ ਖੁਸ਼ੀਆਂ ਭਰਿਆ ਸਮਾਂ ਚਾਰ ਚੁਫੇਰੇ ਡੁੱਲ-ਡੁੱਲ ਪੈਂਦਾ ਸੀ, ਅਚਾਨਕ ਹੀ ਵਕਤ ਵਿੱਚ ਬਦਲਾਅ ਆਇਆ, ਸੀਡੀਆਂ ਅਤੇ ਕੈਸਟਾਂ ਦਾ ਜ਼ਮਾਨਾਂ ਖਤਮ ਹੋਣ ਲੱਗਾ, ਕਮਾਈ ਦੇ ਸਾਧਨ ਬਦਲ ਗਏ,ਅਤੇ ਹੌਲੀ ਹੌਲੀ ਆਮਦਨ ਵਿੱਚ ਖੜੋਤ ਆਉਣੀ ਸ਼ੁਰੂ ਹੋ ਗਈ, ਅਤੇ ਖੁਸ਼ੀਆਂ ‘ਤੇ ਧੂੜ੍ਹ ਪੈਣ ਲੱਗ ਪਈ।
ਗਾਮੇਂ ਨੂੰ ਸੋਨੇ ਦੀਆਂ ਡੱਬੀਆਂ ਅਤੇ ਸੁਪਨਿਆਂ ‘ਚ ਜਹਾਜ਼ਾਂ ਦੇ ਝੂਟੇ ਦਵਾਉਣ ਵਾਲੇ ਕਲਾਕਾਰ ਉਸਤੋਂ ਕਿਨਾਰਾ ਕਰ ਗਏ। ਉਸਦਾ ਭਰੋਸਾ ਸੜਕੇ ਸਵਾਹ ਹੋ ਗਿਆ, ਉਸਦੇ ਸਜੇ ਸੁਪਨਿਆਂ ਦੀ ਮੌਤ ਹੋ ਗਈ। ਬਹੁਤ ਹੀ ਬਰੀਕ ਬੁੱਧੀ ਵਾਲਾ ਮਨੁੱਖ ਆਪਣੇ ਹੱਥੋਂ ਹੀ ਸੱਟ ਖਾ ਗਿਆ। ਕਈ ਵਾਰ ਆਰਥਿਕ ਥਕਾਵਟ ਕਵੀ ਦੀ ਕਲਪਨਾਂ ਦੀ ਸੰਘੀ ਘੁੱਟ ਦਿੰਦੀ ਹੈ, ਪਰ ਉਸਨੇ ਆਪਣੀ ਕਲਮ ਦਾ ਸਫ਼ਰ ਨਿਰੰਤਰ ਜਾਰੀ ਰੱਖਿਆ। ਉਸਨੇ ਬੇਲੋੜਾ ਸੋਚਣਾ ਬੰਦ ਕਰ ਦਿੱਤਾ, ਉਹ ਆਪਣੇ ਵਿਸਮਾਦ ਵਿੱਚ ਰਹਿਣ ਲੱਗ ਪਿਆ। ਉਦਾਸੀ ਨੇ ਉਸਨੂੰ ਹੋਰ ਵੀ ਗੰਭੀਰ ਬਣਾ ਦਿੱਤਾ, ਉਹ ਸਾਰਾ ਸਾਰਾ ਦਿਨ ਵਾਜੇ ਤੇ ਬੈਠਾ ਗਾਉਂਦਾ ਰਹਿੰਦਾ ਸੀ। ਇੱਕ ਕਲਮ, ਇੱਕ ਕਾਪੀ, ਕੁਝ ਕੁ ਕਿਤਾਬਾਂ ਅਤੇ ਭਗਤਾਂ ਦੀ ਬਾਣੀ ਉਸਦੀ ਦੀ ਮਨ ਖ਼ੁਰਾਕ ਸੀ। ਉਸਦੀ ਰੂਹ ਮਸਤ ਹਵਾਵਾਂ ਵਿੱਚ ਝੂਲਦੀ ਸੀ। ਉਸਨੇ ਸੱਚ ਦੀ ਪਾਉੜੀ ਦੇ ਟੰਬੇ ਤੇ ਖੜਕੇ ਸੰਸਾਰ ਦੀਆਂ ਉਲਝਣਾਂ ਨੂੰ ਬਹੁਤ ਹੀ ਬਾਰੀਕੀ ਨਾਲ ਵੇਖਿਆ। ਉਸਨੂੰ ਦੂਰੋਂ ਚਮਕਦੀਆਂ ਚੀਜ਼ਾਂ ਵਿੱਚ ਖੋਟ ਵਿਖਾਈ ਦਿੱਤੀ। ਇਹਨਾਂ ਹਾਲਾਤਾਂ ਵਿੱਚ ਉਸ ਫ਼ੱਕਰ ਸੁਭਾ ਦੇ ਕਵੀ ਦੀ ਕਲਮ ‘ਚੋਂ ਨਿਕਲੇ ਗੀਤ ਡ੍ਰਾਮਾਂ ‘ਤੇ ਕਲਯੁਗ, ਇਹ ਗੀਤ ਨਹੀਂ ਨਸੀਂਹਤ ਹਨ। ਮੇਰੀ ਸੋਚ ਮੁਤਾਬਿਕ ਗਾਮੇਂ ਨੇ ਗੀਤ ਲਿਖੇ ‘ਤੇ ਗੁਲਾਮ ਜੁਗਨੀ ਨੇ ਗਾਏ ਇਹ ਵੀ ਇੱਕ ਰੱਬੀ ਸਬੱਬ ਸੀ। ਇਹਨਾਂ ਗੀਤਾਂ ਦੀ ਖ਼ਾਸੀਅਤ ਵੀ ਇਹੀ ਸੀ ਕਿ ਜਿਸ ਤਰਾਂ ਦੇ ਲਫ਼ਜ਼ ਆਏ ਓਸੇ ਤਰਾਂ ਦੀ ਤਰਜ਼ ਆਈ। ਉਸਨੂੰ ਆਪਣੇ ਯਾਰਾਂ ਦੇ ਸਿਦਕ ਕੱਚੇ ਲੱਗੇ, ਯਾਰ ਪਿਆਰ, ਸਤਿਕਾਰ ਅਤੇ ਇਤਬਾਰ ਜਿਹੇ ਸ਼ਬਦ ਬੜੇ ਹੀ ਬੇਕਾਰ ਲੱਗੇ। ਕਿਰਦਾਰ ਸ਼ਬਦ ਬੰਦੇ ਦੀ ਸ਼ਖ਼ਸੀਅਤ ਦਾ ਇੱਕ ਨਗ ਹੈ। ਉਸਨੇ ਬੰਦੇ ਦੇ ਸੰਸਾਰ ਦੀ ਅਮੀਰੀ ਦਾ ਸਿਹਰਾ ਉਸਦੇ ਕਿਰਦਾਰ ਨੂੰ ਦਿੱਤਾ। “ਕਾਲੀਆਂ ਕਾਲੀਆਂ ਰੂਹਾਂ, ਚਿੱਟੇ ਸ਼ਬਦਾਂ ਵਾਲਾ ਜਾਮਾਂ” ਉਸਨੂੰ ਬੰਦੇ ਦੇ ਅੰਦਰਲੀ ਕਾਲੀ ਤਸਵੀਰ ਸੋਨੇ ਦੀਆਂ ਤਾਰਾਂ ਵਿੱਚ ਲਿਪਟੀ ਦਿਸੀ । ਇਨਸਾਨ ਦੀ ਕਿਰਤ ਹੋਰ ਹੈ, ਨੀਤ ਹੋਰ ਹੈ, ਅਤੇ ਦਿਖਾਵਾ ਹੋਰ ਹੈ। ਉਸਨੂੰ ‘ਕਲਯੁਗ’ ਗੀਤ ਵਿੱਚ ਵੀ ਮਨੁੱਖ, ‘ਮਨੁੱਖ ਨਾਲ਼ੋਂ ਟੁੱਟਾਂ ਲੱਗਾ। ਅੱਜ ਉਹ ਸਰਵਣ ਪੁੱਤਰ ਨਹੀਂ ਰਹੇ, ਜਿਸ ਦੇ ਮੋਢੇ ਉੱਪਰ ਹੱਥ ਰੱਖਕੇ ਬਾਪੂ ਦੀਆਂ ਅੱਖਾਂ ਵਿੱਚ ਨੂਰ ਆ ਜਾਂਦਾ ਸੀ। ਨਾਂ ਹੀ ਓਹੋ ਧੀਆਂ ਰਹੀਆਂ ਜਿੰਨਾ ਦਾ ਬਾਪ ਇੱਕ ਰੁਪਏ ਨਾਲ ਰਿਸ਼ਤਾ ਕਰ ਆਉਂਦਾ ਸੀ। ਉਹ ਪੁਰਾਣੇ ਸਮੇਂ ਦੇ ਸੁਨਹਿਰੀ ਸੱਚ ਤੇ ਮਾਣ ਕਰਦਾ ਸੀ। ਮੌਜੂਦਾ ਸਮੇਂ ਦੀ ਹਨੇਰ ਗਰਦੀ ਨੂੰ ਵੇਖਕੇ ਉਸਦੇ ਮਨ ਵਿੱਚ ਚੀਸ ਪੈਂਦੀ ਸੀ। ਉਸਦੇ ਪੱਲੇ ਸੱਚ ਦਾ ਸਰਮਾਇਆ ਸੀ, ਕਲਮ ਦੀ ਤਾਕਤ ਸੀ। ਉਸਦੇ ਗੀਤਾਂ ਨੇ ਸਮਾਜ ਦੀ ਭੁੱਖ ਨੂੰ ਨੰਗਿਆਂ ਕੀਤਾ। ਉਸਦੀ ਕਲਮ ਵਿੱਚ ਅਹਿਸਾਸ ਅਤੇ ਜਜ਼ਬਾਤ ਡੁੱਲ੍ਹ ਡੁੱਲ੍ਹ ਪੈਂਦਾ ਸੀ। ਉਸਨੇ ਜ਼ਿੰਦਗੀ ਦੇ ਨਿਚੋੜ ਲਿਖਕੇ ਲੋਕਾਂ ਦੀ ਤਲੀ ਤੇ ਰੱਖ ਦਿੱਤੇ। ਉਹ ਆਪਣੇ ਪੁੱਤਾਂ ਵਰਗੇ ਸ਼ਾਗਿਰਦ ਗੁੱਗੂ ਨੂੰ ਰਮਜ਼ਾਂ ਰਾਹੀਂ ਅਨੇਕਾਂ ਹੀ ਰਹੱਸ ਸਮਝਾ ਗਿਆ। ਇਹ ਉਸਦੀ ਕਲਮ ਦਾ ਕਿੰਨਾ ਕੁ ਹਮਸਫ਼ਰ ਬਣੇਗਾ ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ..? ਉਹ ਇਮਾਨ ਦੇ ਨੂਰ ਨਾਲ ਖੁਦਾ ਨੂੰ ਢੂੰਡਦਾ ਹੋਇਆ ਇਸ ਧਰਤੀ ਤੋ ਚਲਾ ਗਿਆ। ਉਹ ਮਾਇਆ ਦੇ ਢੇਰ ਛੱਡਣ ਦੀ ਬਜਾਏ ਆਪਣੇ ਪਿੱਛੇ ਬਹੁਤ ਹੀ ਕੀਮਤੀ ਸਰਮਾਇਆ ਛੱਡ ਗਿਆ। ਪੰਜਾਬ ਦੇ ਕਲਾਕਾਰਾਂ ਵਿੱਚੋਂ ਸਿਰਫ ਉਸਦੀ ਹਕੀਕਤ ਦਾ ਗਿਆਤਾ “ਇੰਦਰਜੀਤ ਸਿੰਘ ਨਿੱਕੂ” ਹੀ ਉਸਦੀ ਅੰਤਿਮ ਰਸਮ ਤੇ ਪਹੁੰਚਿਆ, ਪੰਜਾਬ ਦੇ ਬਹੁਤ ਸਾਰੇ ਲੋਕਾਂ ਨੇ ਗਾਮੇਂ ਨੂੰ ਵੇਖਿਆ ਹੋਣਾ, ਪਰ ਸਮਝਿਆ ਕਿਸੇ ਵਿਰਲੇ ਨੇ ਹੀ ਹੋਣਾ। ਉਹਨਾਂ ਵਿੱਚੋਂ ਮੈਨੂੰ ਸ਼ਾਇਦ “ਇੰਦਰਜੀਤ ਨਿੱਕੂ”  ਲਗਦਾ, ਜਿਸ ਨੇ ਭਰੀਆਂ ਅੱਖਾਂ ਨਾਲ ਉਸ ਮਹਾਨ ਗੀਤਕਾਰ ਨੂੰ ਅੰਤਿਮ ਵਿਦਾਇਗੀ ਦਿੱਤੀ। ਆਓ ਆਪਾ ਸਾਰੇ ਰਲਕੇ ਉਸ ਗੀਤਕਾਰ ਦੀ ਆਤਮਾਂ ਦੀ ਸ਼ਾਂਤੀ ਲਈ ਅਰਦਾਸ ਕਰੀਏ, ਅਤੇ ਉਸ ਵੱਲੋਂ ਖਿਲਾਰੇ ਸ਼ਾਇਰੀ ਰੂਪੀ ਫੁੱਲਾਂ ਦੀ ਸੁਗੰਧੀ ਮਾਣੀਏ।
ਲੇਖਕ- ਅਮਰਜੀਤ ਸਿੰਘ ਦੌਧਰ
          ਫਰਿਜ਼ਨੋ, ਕੈਲੇਫੋਰਨੀਆਂ
          ਫ਼ੋਨ – (559) 824-6887

Listen Live

Subscription Radio Punjab Today

Our Facebook

Social Counter

  • 16188 posts
  • 0 comments
  • 0 fans

Log In