ਬਠਿੰਡਾ-24ਮਈ(ਅਮਨ ਔਲਖ):-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇੇ ਪੰਜਾਬ ਖੇਤ ਮਜਦੂਰ ਯੂਨੀਅਨ ਵੱਲੋਂ ਪਿੰਡਾਂ ’ਚ ਪੰਜਾਬ ਸਰਕਾਰ ਦੇ ਅਰਥੀ ਸਾੜਨ ਦੇ ਦਿੱਤੇ ਸੱਦੇ ਤਹਿਤ 9 ਪਿੰਡਾਂ ਦੇ ’ਚ ਅਰਥੀ ਸਾੜ ਪ੍ਰਦਰਸਨ ਕੀਤੇ ਗਏ । ਇਹ ਸੱਦਾ ਪਿਛਲੇ ਦਿਨੀਂ ਕੇਂਦਰ ਸਰਕਾਰ ਦੀ ਨੀਤੀ ਤਹਿਤ ਕਰੋਨਾ ਮਰੀਜਾਂ ਨੂੰ ਜਿਨਾਂ ਦੇ ਬਾਹਰੀ ਲੱਛਣ ਪ੍ਰਗਟ ਨਾ ਹੋਣ ਕਰਕੇ ਘਰੇ ਭੇਜਣ ਵਿਰੁੱਧ ਦਿੱਤਾ ਗਿਆ ਸੀ। ਯੂਨੀਅਨ ਦੇ ਜਿਲਾ ਪ੍ਰਧਾਨ ਸਿੰਗਾਰਾ ਸਿੰਘ ਮਾਨ ਨੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਪਾਜਟਿਵ ਮਰੀਜਾਂ ਨੂੰ ਘਰਾਂ ’ਚ ਭੇਜ ਕੇ ਬਿਮਾਰੀ ਦੀ ਲਾਗ ਵੱਡੇ ਪੱਧਰ ’ਤੇ ਫੈਲਣ ਦੇ ਖਤਰੇ ’ਚ ਲੋਕਾਂ ਨੂੰ ਧੱਕ ਰਹੀ ਹੈ। ਬੁਲਾਰਿਆਂ ਨੇ ਦੋਸ ਲਾਉਂਦਿਆ ਕਿਹਾ ਕਿ ਜਦੋਂ ਦੇਸ ਅੰਦਰ ਮਰੀਜਾਂ ਦੀ ਗਿਣਤੀ ਨਾ ਮਾਤਰ ਸੀ ਤਾਂ ਲੋਕਾਂ ਨੂੰ ਬਿਨਾਂ ਸਮਾਂ ਦਿੰਦਿਆਂ ਦੇਸ ਅੰਦਰ ਲੌਕਡਾਊਨ ਕਰਫਿਊ ਲਗਾ ਕੇ ਘਰਾਂ ’ਚ ਬੰਦ ਕਰ ਦਿੱਤਾ ਜਿਹੜੇ ਵੱਡੀ ਗਿਣਤੀ ਲੋਕਾਂ ਨੇ ਰੋਜ ਕਮਾ ਕੇ ਖਾਣਾ ਸੀ, ਉਹ ਕੰਮ ਠੱਪ ਹੋਣ ਕਰ ਕੇ ਭੁੱਖ ਮਰੀ ਦਾ ਸ਼ਿਕਾਰ ਹੋਣ ਕਰਕੇ ਮਰਨ ਲੱਗੇ । ਵੱਡੀ ਗਿਣਤੀ ਪ੍ਰਵਾਸੀ ਮਜਦੂਰਾਂ ਦੀ ਸੈਂਕੜੇ ਮੀਲ ਜਾਨ ਤਲੀ ’ਤੇ ਧਰ ਕੇ ਪੈਦਲ ਹੀ ਆਪਣੇ ਸੈਂਕੜੇ ਪਿੰਡਾਂ ਨੂੰ ਤੁਰ ਪਏ, ਜਿਨਾਂ ਦੀ ਰਾਹਾਂ ’ਚ ਸੈਂਕੜਿਆਂ ਦੀ ਗਿਣਤੀ ’ਚ ਮੌਤ ਹੋ ਗਈ। ਕਰੋਨਾ ਸੰਕਟ ਪੈਦਾ ਹੋਏ ਤੋਂ ਬਾਅਦ ਜਿਹੜੇ ਮੂਹਰਲੀਆਂ ਕਤਾਰਾਂ ’ਚ ਉਨਾਂ ਨਾਲ ਬਿਨਾਂ ਹਥਿਆਰਾਂ ਤੋ ਜੰਗ ਲੜ ਰਹੇ ਸੀ , ਉਹ ਭਾਵੇਂ ਸਿਹਤ ਕਰਮੀ ਹੋਣ ਪੁਲਸ ਮੁਲਾਜਮ ਜਾਂ ਕਿਸੇ ਹੋਰ ਮਹਿਕਮਿਆਂ ਵਿੱਚ ਕੰਮ ਕਰਦੇ ਹੋਣ ਜਾਨ ਤਲੀ ਤੇ ਧਰ ਕੇ ਲੋਕਾਂ ਦੀ ਸੇਵਾ ਵਿੱਚ ਜੁੜੇ ਹੋਏ ਸਨ। ਜਥੇਬੰਦਕ ਆਗੂਆਂ ਨੇ ਮੰਗ ਕੀਤੀ ਪਾਜਟਿਵ ਮਰੀਜਾਂ ਨੂੰ ਹਸਪਤਾਲਾਂ ’ਚ ਦਾਖਲ ਕਰ ਕੇ ਉਨਾਂ ਦਾ ਇਲਾਜ ਅਤੇ ਖਾਣ ਪੀਣ ਦਾ ਸੁਚੱਜਾ ਪ੍ਰਬੰਧ ਕੀਤਾ ਜਾਵੇ ਅਤੇ ਮੋਹਰਲੀਆਂ ਸਫਾਂ ਲੜ ਰਹੇ ਸਾਰੇ ਹੀ ਕਰਮਚਾਰੀਆਂ ਨੂੰ ਬਿਮਾਰੀ ਤੋਂ ਰੱਖਿਆ ਲਈ ਸਾਜੋ ਸਮਾਨ ਦਿੱਤਾ ਜਾਵੇ, ਸਾਰੇ ਹੀ ਮਹਿਕਮਿਆਂ ’ਚ ਕੱਚੇ ਕਾਮੇ ਪੱਕੇ ਕੀਤੇ ਜਾਣ ਅਤੇ ਉਨਾਂ ਦੀ 50 ਲੱਖ ਦੇ ਸਿਹਤ ਬੀਮਾ ਦੀ ਗਰੰਟੀ ਦਿੱਤੀ ਜਾਵੇ। ਆਗੂਆਂ ਨੇ ਕਿਹਾ ਕਿ ਮੰਗਾਂ ਨਾ ਮੰਨਣ ਦੀ ਸੂਰਤ ਵਿਚ ਇਹ ਸੱਦਾ ਦਿੱਤਾ ਗਿਆ ਸੀ, ਪਰ ਸਰਕਾਰਾਂ ਨੇ ਇਨਾਂ ਲੋਕਾਂ ਦੀਆਂ ਹੱਕੀ ਮੰਗਾਂ ਮੰਗਣ ਦੀ ਬਜਾਏ ਅਣਗੌਲਿਆਂ ਕਰ ਦਿੱਤੀਆਂ ਹਨ । ਆਗੂਆਂ ਨੇ ਕਿਹਾ ਕਿ ਇਹ ਸਿਲਸਿਲਾ ਅਗਲੇ ਦੋ ਦਿਨ ਵੀ ਜਾਰੀ ਰਹੇਗਾ । ਉਹਨਾਂ ਸਮੂਹ ਲੋਕਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਇੰਨਾਂ ਰੋਸ ਪ੍ਰਦਰਸ਼ਨਾਂ ’ਚ ਪਰਿਵਾਰਾਂ ਸਮੇਤ ਸ਼ਾਮਲ ਹੋਣ।