ਬਠਿੰਡਾ, 13 ਮਈ(ਵੀਰਪਾਲ) – ਆਊਟਸੋਰਸਿੰਗ ਏਜੰਸੀ ਦੀ ਤਜਵੀਜ ਵਾਪਸ ਨਾ ਲੈਣ ਦੇ ਵਿਰੋਧ ’ਚ ਵਿਭਾਗ ਖਿਲਾਫ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਵੱਲੋਂ 18 ਮਈ ਤੋਂ ਸੰਘਰਸ਼ ਦਾ ਐਲਾਨ ਕੀਤਾ ਹੈ। ਯੂਨੀਅਨ ਦੇ ਪ੍ਰਧਾਨ ਅਮਨਦੀਪ ਸਿੰਘ ਲੱਕੀ, ਜਨਰਲ ਸਕੱਤਰ ਇੰਦਰਜੀਤ ਸਿੰਘ ਅਤੇ ਲਛਮਣ ਸਿੰਘ ਨੇ ਸਾਂਝੇ ਬਿਆਨ ’ਚ ਕਿਹਾ ਕਿ ਉਹ ਪਿਛਲੇ 10-15 ਸਾਲ ਤੋਂ ਠੇਕੇ ’ਤੇ ਕੰਮ ਕਰਦੇ ਆ ਰਹੇ ਹਨ, ਪਰ ਵਿਭਾਗ ਇਸ ਲਾਕਡਾਊਨ ਦਾ ਫਾਇਦਾ ਚੁੱਕਦਿਆਂ ਕਾਮਿਆਂ ਦਾ ਗਲਾ ਘੋਟ ਰਿਹਾ ਹੈ, ਜਿਸ ਤਹਿਤ ਉਹ 400 ਠੇਕਾ ਕਾਮਿਆਂ ਨੂੰ ਇੱਕ ਮਾਰੂ ਏਜੰਸੀ ਅਧੀਨ ਕਵਰ ਕਰ ਰਿਹਾ ਹੈ, ਜਿਸ ਕਰਕੇ ਠੇਕਾ ਕਾਮਿਆਂ ’ਚ ਡਰ ਅਤੇ ਰੋਸ ਭਰਿਆ ਹੋਇਆ ਹੈ। ਆਗੂਆਂ ਨੇ ਕਿਹਾ ਕਿ ਪਿਛਲੇ ਦਿਨੀਂ ਵਿਭਾਗ ਮੁਖੀ ਵੱਲੋਂ ਇੱਕ ਪੱਤਰ ਨਾਲ ਸਰਕਾਰੀ ਫੁਰਮਾਨ ਰਾਹੀਂ ਲਿਆ ਕੇ ਉਨ੍ਹਾਂ ਦੀਆਂ ਤਨਖਾਹਾਂ ਦਾ ਨਵਾਂ ਹੈਡ 00-30 ਬਣਾਇਆ ਜਾ ਰਿਹਾ ਹੈ, ਜਿਸਦਾ ਜਥੇਬੰਦੀ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਮੰਗ ਕੀਤੀ ਜਾ ਰਹੀ ਹੈ ਕਿ ਕਾਮਿਆਂ ਨੂੰ ਪਹਿਲਾਂ ਵਾਲੇ ਹੈੱਡ ਵੇਜ਼ਿਜ ’ਚੋਂ ਤਨਖਾਹਾਂ ਜਾਰੀ ਕੀਤੀਆਂ ਜਾਣ। ਉਨ੍ਹਾਂ ਕਿਹਾ ਜਥੇਬੰਦੀ ਨੇ ਸੰਘਰਸ਼ ਦੀ ਚਿਤਾਵਨੀ ਦਿੰਦਿਆਂ ਮੀਟਿੰਗ ਦਾ ਸਮਾਂ ਵੀ ਮੰਗਿਆ ਸੀ, ਪਰ ਮੈਨੇਜ਼ਮੈਂਟ ਵੱਲੋਂ ਅਜੇ ਤੱਕ ਕੋਈ ਸਮਾਂ ਜਾਂ ਮਾਰੂ ਪਾਲਿਸੀ ਉੱਪਰ ਰੋਕ ਨਹੀਂ ਲਗਾਈ ਗਈ, ਜਿਸਦੇ ਵਿਰੋਧ ’ਚ ਜਥੇਬੰਦੀ ਵੱਲੋਂ 18 ਮਈ ਨੂੰ ਸਮੁੱਚੀ ਮੈਨੇਜ਼ਮੈਂਟ ਦਾ ਪੁਤਲੇ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।