ਲਖਨਊ, 9 ਮਈ – ਸਾਈਕਲ ਰਾਹੀਂ ਛੱਤੀਸਗੜ੍ਹ ਜਾਣ ਵਾਲੇ ਪਰਿਵਾਰ ਲਈ ਸਾਈਕਲ ਯਾਤਰਾ ਘਾਤਕ ਸਾਬਤ ਹੋਈ । ਪਤੀ ਅਤੇ ਪਤਨੀ ਬੁੱਧਵਾਰ ਨੂੰ ਲਖਨਊ ਤੋਂ ਛੱਤੀਸਗੜ੍ਹ ਦੇ ਬੇਮੇਤਰਾ ਲਈ ਰਵਾਨਾ ਹੋਏ, ਪਰ ਵੀਰਵਾਰ ਨੂੰ ਇਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਗਨੀਮਤ ਇਹ ਰਹੀ ਕਿ ਇਸ ਹਾਦਸੇ ਵਿੱਚ ਉਨ੍ਹਾਂ ਦੇ ਦੋ ਬੱਚਿਆਂ ਦੀ ਜਾਨ ਬਚ ਗਈ।
ਪੇਸ਼ੇ ਤੋਂ ਮਜ਼ਦੂਰ 45 ਸਾਲਾ ਕ੍ਰਿਸ਼ਨਾ ਸਾਹੂ ਪੈਸੇ ਦੀ ਸਮੱਸਿਆ ਕਾਰਨ ਸਾਈਕਲ ਰਾਹੀਂ 750 ਕਿਲੋਮੀਟਰ ਦੀ ਯਾਤਰਾ ਕਰਨ ਨਿਕਲ ਪਿਆ। ਉਹ ਬੁੱਧਵਾਰ ਨੂੰ ਆਪਣੀ ਪਤਨੀ ਅਤੇ ਦੋ ਬੱਚਿਆਂ ਨਾਲ ਲਖਨਊ ਤੋਂ ਛੱਤੀਸਗੜ੍ਹ ਦੇ ਬੇਮੇਤਰਾ ਲਈ ਰਵਾਨਾ ਹੋਇਆ ਸੀ।ਇਸ ਹਾਦਸੇ ‘ਚ ਪਤਨੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦੂਸਰੇ ਜ਼ਖਮੀਆਂ ਨੂੰ ਪੁਲਿਸ ਨੇ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ ‘ਚ ਦਾਖਲ ਕਰਵਾਇਆ। ਜਿਥੇ ਕ੍ਰਿਸ਼ਨ ਸਾਹੂ ਇਲਾਜ ਦੌਰਾਨ ਦਮ ਤੋੜ ਗਿਆ। ਇਸ ਸਮੇਂ ਉਨ੍ਹਾਂ ਦੇ ਦੋਵੇਂ ਬੱਚਿਆਂ ਨੂੰ ਇਲਾਜ਼ ਕਰਵਾ ਕੇ ਉਨ੍ਹਾਂ ਦੇ ਚਾਚੇ ਕੋਲ ਲਖਨਊ ਭੇਜਿਆ ਗਿਆ ਹੈ।
ਪੁਲਿਸ ਨੇ ਦੱਸਿਆ ਕਿ ਲਾਸ਼ਾਂ ਪੋਸਟ ਮਾਰਟਮ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ ਜਾਣਗੀਆਂ। ਫਿਲਹਾਲ ਪੁਲਿਸ ਇਸ ਕੇਸ ਦੀ ਜਾਂਚ ਕਰ ਰਹੀ ਹੈ।