ਬਠਿੰਡਾ, 22 ਅਪ੍ਰੈਲ (ਗੁਰਜੀਤ)- ਜਿ਼ਲ੍ਹਾ ਬਠਿੰਡਾ ਵਿਚ ਕਣਕ ਦੀ ਸਰਕਾਰੀ ਖਰੀਦ ਤੇਜੀ ਨਾਲ ਜਾਰੀ ਹੈ। ਮੰਗਲਵਾਰ ਤੱਕ ਜਿ਼ਲ੍ਹੇ ਵਿਚ 1,57,398 ਮੀਟ੍ਰਿਕ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਇਹ ਜਾਣਕਾਰੀ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਨੇ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੀਤੀ ਬਿਹਤਰ ਯੋਜਨਾਬੰਦੀ ਕਾਰਨ ਪਿੱਛਲੇ ਸਾਲ ਨੂੰ ਇਸੇ ਮਿਤੀ ਤੱਕ ਕੀਤੀ ਖਰੀਦ ਦੇ ਮੁਕਾਬਲੇ ਇਸ ਵਾਰ ਕਈ ਗੁਣਾ ਜਿਆਦਾ ਖਰੀਦ ਹੋ ਚੁੱਕੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਸਾਲ ਖਰੀਦ ਕੇਂਦਰਾਂ ਦੀ ਗਿਣਤੀ 442 ਕਰ ਦਿੱਤੀ ਗਈ ਹੈ। ਇਸ ਨਾਲ ਲਗਭਗ ਹਰ ਪਿੰਡ ਦੇ ਨੇੜੇ ਹੀ ਖਰੀਦ ਕੇਂਦਰ ਬਣਾਇਆ ਗਿਆ ਹੈ। ਇਸੇ ਕਾਰਨ ਪਿੱਛਲੇ ਸਾਲਾਂ ਨਾਲੋਂ ਵੀ ਜਿਆਦਾ ਤੇਜੀ ਨਾਲ ਖਰੀਦ ਹੋ ਰਹੀ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜਿ਼ਲ੍ਹਾ ਫੂਡ ਸਪਲਾਈ ਕੰਟਰੋਲਰ ਸ: ਮਨਦੀਪ ਸਿੰਘ ਮਾਨ ਨੇ ਦੱਸਿਆ ਕਿ ਬੀਤੇ ਸਿਰਫ ਇਕ ਦਿਨ ਵਿਚ 40343 ਟਨ ਕਣਕ ਦੀ ਖਰੀਦ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਪਨਗ੍ਰੇਨ ਨੇ ਹੁਣ ਤੱਕ 39717 ਟਨ, ਮਾਰਕਫੈਡ ਵੱਲੋਂ 47773 ਟਨ, ਪਨਸਪ ਵੱਲੋਂ 35970 ਟਨ, ਪੰਜਾਬ ਸਟੇਟ ਵੇਅਰ ਹਾਉਸਿੰਗ ਕਾਰਪੋਰੇਸ਼ਨ 23450 ਟਨ, ਐਫਸੀਆਈ ਵੱਲੋਂ 10488 ਟਨ ਕਣਕ ਦੀ ਖਰੀਦ ਕੀਤੀ ਗਈ ਹੈ।
ਜਿ਼ਲ੍ਹਾ ਮੰਡੀ ਅਫ਼ਸਰ ਸ: ਕੰਵਰਪ੍ਰੀਤ ਸਿੰਘ ਬਰਾੜ ਨੇ ਦੱਸਿਆ ਕਿ ਮੰਡੀਆਂ ਵਿਚ ਕਿਸਾਨਾਂ ਲਈ ਹੱਥ ਧੋਣ, ਪੀਣ ਦੇ ਪਾਣੀ, ਰੌਸ਼ਨੀ ਆਦਿ ਦੇ ਵੀ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ।