ਫ਼ਾਜ਼ਿਲਕਾ, 22 ਅਪ੍ਰੈਲ(ਸੁਰਿੰਦਰਜੀਤ) – ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਜ਼ਿਲ੍ਹਾ ਵਾਸੀਆਂ ਲਈ ਸੁਖਦ ਖਬਰ ਹੈ ਕਿ ਅਜੇ ਤੱਕ ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਨਾਲ ਸਬੰਧਤ ਕੋਈ ਵੀ ਪੋਜ਼ੀਟਿਵ ਕੇਸ ਸਾਹਮਣੇ ਨਹੀਂ ਆਇਆ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਪਰ ਫਿਰ ਵੀ ਇਸ ਵਿਸ਼ਵ ਵਿਆਪੀ ਮਹਾਂਮਾਰੀ ਤੋਂ ਸਾਵਧਾਨ ਰਹਿਣ ਦੀ ਲੋੜ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਦਾ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਪਹਿਲਾਂ ਲਾਕਡਾਊਨ ਦੌਰਾਨ ਘਰਾਂ ਵਿੱਚ ਰਹਿ ਕੇ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕੀਤੀ ਗਈ ਹੈ ਉਸੇ ਤਰ੍ਹਾਂ ਸਹਿਯੋਗ ਜਾਰੀ ਰੱਖਿਆ ਜਾਵੇ, ਤਾਂ ਜੋ ਅਸੀਂ ਇਕਜੁੱਟਤਾ ਨਾਲ ਕੋਰੋਨਾ ਖਿਲਾਫ਼ ਜੰਗ ਜਿੱਤ ਸਕੀਏ। ਉਨ੍ਹਾਂ ਜ਼ਿਲੇ੍ਹ ਦੇ ਵਸਨੀਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਨਾਜ਼ੁਕ ਘੜੀ ਵਿੱਚ ਪ੍ਰਸ਼ਾਸ਼ਨ ਦਾ ਸਾਥ ਦੇਣ। ਉਨ੍ਹਾਂ ਆਸ ਪ੍ਰਗਟਾਈ ਕਿ ਜਿਸ ਤਰ੍ਹਾਂ ਜ਼ਿਲੇ੍ਹ ਵਿੱਚ ਹੁਣ ਤੱਕ ਕੋਈ ਪੋਜ਼ੀਟਿਵ ਕੇਸ ਸਾਹਮਣੇ ਨਹੀਂ ਆਇਆ, ਉਸੇ ਤਰ੍ਹਾਂ ਜ਼ਿਲ੍ਹਾ ਵਾਸੀਆਂ ਵੱਲੋਂ ਹਦਾਇਤਾਂ ਦੀ ਕੀਤੀ ਗਈ ਪਾਲਣਾ ਨਾਲ ਭਵਿੱਖ ਵਿੱਚ ਜ਼ਿਲੇ੍ਹ ਨੂੰ ਕੋਰੋਨਾ ਮੁਕਤ ਰੱਖਿਆ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਸਿਹਤ ਅਮਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਨਿਭਾਈ ਗਈ ਤਨਦੇਹੀ ਨਾਲ ਡਿਊਟੀ ਦੇ ਚੱਲਦੇ ਹੀ ਅਸੀਂ ਇਸ ਵਾਇਰਸ ਨੂੰ ਫੈਲਣ ਤੋਂ ਰੋਕ ਪਾਏ ਹਾਂ। ਉਨ੍ਹਾਂ ਨਾਲ ਹੀ ਜ਼ਿਲ੍ਹਾ ਪੁਲਿਸ ਸਮੇਤ ਫਰੰਟ ਲਾਈਨ ’ਤੇ ਕੰਮ ਕਰਨ ਵਾਲੇ ਅਧਿਕਾਰੀਆਂ, ਕਰਮਚਾਰੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜ਼ਿਲ੍ਹੇ ਦੇ ਪਿੰਡਾਂ ਨੇ ਵੀ ਅਗਾਂਹਵਧੂ ਭੂਮਿਕਾ ਨਿਭਾਈ ਹੈ, ਜਿਸ ਦੇ ਚੱਲਦੇ ਪਿੰਡਾਂ ਵਲੋਂ ਸਵੈ-ਇਕਾਂਤਵਾਸ ਨੂੰ ਅਪਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਨਾਜ਼ੁਕ ਦੌਰ ਵਿੱਚ ਪਿੰਡਾਂ ਨੇ ਪ੍ਰਸ਼ਾਸ਼ਨ ਦਾ ਸਾਥ ਦੇ ਕੇ ਕੋਰੋਨਾ ਖਿਲਾਫ਼ ਜੰਗ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
ਡਿਪਟੀ ਕਮਿਸ਼ਨਰ ਸ. ਸੰਧੂ ਨੇ ਕਿਹਾ ਕਿ ਕਿਸਾਨਾਂ ਤੇ ਲੋਕਾਂ ਵੱਲੋਂ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਆਉਣ ਵਾਲੇ ਕਿਸਾਨ ਅਤੇ ਲੇਬਰ ਕੰਮ ਕਰਦੇ ਸਮੇਂ ਆਪਸ ਵਿੱਚ ਸ਼ਰੀਰਿਕ ਫਾਸਲਾ ਬਣਾਈ ਰੱਖਣ। ਉਨ੍ਹਾਂ ਕਿਹਾ ਕਿ ਕੰਮ ਕਰਦੇ ਸਮੇਂ ਮੂੰਹ ’ਤੇ ਮਾਸਕ, ਹੱਥਾਂ ’ਚ ਦਸਤਾਨੇ ਅਤੇ ਹੱਥ ਤੇ ਮੂੰਹ ਨੂੰ ਥੋਹੜੀ-ਥੋਹੜੀ ਦੇਰ ਬਾਅਦ ਸਾਬਨ ਨਾਲ ਧੋਣੇ ਯਕੀਨੀ ਬਣਾਏ ਜਾਣ ਤਾਂ ਜੋ ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਫੈਲਣ ਤੋਂ ਰੋਕਿਆ ਜਾ ਸਕੇ।