
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਫਰੀਦਕੋਟ ਡਾ.ਰਜਿੰਦਰ ਕੁਮਾਰ ਨੇ ਦੱਸਿਆ ਕਿ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਸਮੂਹ ਸਿਹਤ ਵਿਭਾਗ ਮੈਡੀਕਲ,ਪੈਰਾ-ਮੈਡੀਕਲ ਅਤੇ ਮਾਸ ਮੀਡੀਆ ਸਟਾਫ ਨੂੰ ਇਹ ਆਦੇਸ਼ ਜਾਰੀ ਕੀਤੇ ਗਏ ਹਨ ਕਿ ਪੰਜਾਬ ਵਾਸੀਆਂ ਨੂੰ ਕੋਰੋਨਾ ਵਾਇਰਸ ਦੇ ਖਤਰੇ ਬਾਰੇ ਹਰ ਪੱਧਰ ‘ਤੇ ਜਾਗਰੂਕ ਕੀਤਾ ਜਾਵੇ ਤਾਂ ਜੋ ਇਸ ਵਾਇਰਸ ਨੂੰ ਘਰ ਅੰਦਰ ਆਉਣ ਤੋਂ ਰੋਕ ਸਕੀਏ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਸੌਰਭ ਰਾਜ ਆਈ.ਏ.ਐਸ ਵਲੋਂ ਜਾਰੀ ਹਦਾਇਤਾਂ ਅਨੁਸਾਰ ਜਦੋਂ ਕੋਈ ਵੀ ਵਿਅਕਤੀ ਬਾਹਰੋਂ ਆਪਣੇ ਘਰ ਵਾਪਸ ਆਉਂਦਾ ਹੈ ਤਾਂ ਉਸ ਵਲੋਂ ਘਰ ਵਿਚ ਆ ਕੇ ਕਿਸੇ ਵੀ ਚੀਜ ਨੂੰ ਹੱਥ ਨਾ ਲਗਾਇਆ ਜਾਵੇ ਅਤੇ ਸੱਭ ਤੋਂ ਪਹਿਲਾਂ ਆਪਣੇ ਜੁੱਤੇ ਉਤਾਰੇ ਜਾਣ। ਜੇਕਰ ਪਾਲਤੂ ਜਾਨਵਰ ਨੂੰ ਬਾਹਰੋਂ ਸੈਰ ਕਰਵਾ ਕੇ ਆਏ ਹੋ ਤਾਂ ਉਸਦੇ ਪੰਜਿਆਂ ਨੂੰ ਵੀ ਚੰਗੀ ਤਰਾਂ ਰੋਗਾਣੂ ਮੁਕਤ ਕੀਤਾ ਜਾਵੇ।ਆਪਣੇ ਕੱਪੜਿਆਂ ਨੂੰ ਬਦਲ ਕੇ ਅਤੇ ਧੋਣ ਲਈ ਵੱਖਰੇ ਤੌਰ ‘ਤੇ ਰੱਖ ਦਿੱਤਾ ਜਾਵੇ ਜਿਸ ਉਪਰੰਤ ਬੈਗ, ਪਰਸ, ਚਾਬੀਆਂ ਆਦਿ ਨੂੰ ਘਰ ਦੀ ਐਂਟਰੀ ਤੇ ਹੀ ਕਿਸੇ ਬਕਸੇ ਵਿਚ ਪਾ ਦਿੱਤਾ ਜਾਵੇ ਤਾਂ ਜੋ ਘਰ ਦੀ ਕਿਸੀ ਅੰਦਰਲੀ ਚੀਜ਼ ਨਾਲ ਇਨਾਂ ਸੰਪਰਕ ਨਾ ਹੋ ਜਾਵੇ। ਉਨਾਂ ਦੱਸਿਆ ਨਹਾਉਣ ਨਾਲ ਤੁਸੀਂ ਰੋਗਾਣੂ ਮੁਕਤ ਹੋ ਜਾਂਦੇ ਹੋ ਇਸ ਲਈ ਨਹਾਉਣਾ ਬਹੁਤ ਜਰੂਰੀ ਹੈ ਜੇਕਰ ਤੁਸੀਂ ਕਿਸੇ ਕਾਰਣ ਨਹਾਉਣਾ ਨਹੀਂ ਚਾਹੁੰਦੇ ਤਾਂ ਘੱਟੋ ਘੱਟ ਹੱਥ, ਬਾਹਾਂ, ਗਰਦਨ ਤੇ ਨਹੁੰਆਂ ਨੂੰ ਚੰਗੀ ਤਰਾਂ ਸਾਬਣ ਨਾਲ ਸਾਫ ਕਰੋ।ਇਹ ਵੀ ਅਤੀ ਜ਼ਰੂਰੀ ਹੈ ਕਿ ਮੋਬਾਇਲ ਫੋਨ ਅਤੇ ਐਨਕਾਂ ਨੂੰ ਗਰਮ ਸਾਬਣ ਵਾਲੇ ਪਾਣੀ ਦੀ ਸਪਰੇਅ ਜਾਂ ਅਲਕੋਹਲ ਨਾਲ ਰੋਗਾਣੂ-ਮੁਕਤ ਕੀਤਾ ਜਾਵੇ ਅਤੇ ਇਸ ਤੋਂ ਇਲਾਵਾ ਬਾਹਰੋਂ ਲਿਆਂਦੀ ਕਿਸੇ ਵੀ ਵਸਤੂ ਨੂੰ ਚੰਗੀ ਤਰਾਂ ਰੋਗਾਣੂ-ਮੁਕਤ ਕਰਨ ਤੋਂ ਬਾਅਦ ਹੀ ਘਰ ਅੰਦਰ ਲਿਆਂਦਾ ਜਾਵੇ ਜਿਸ ਉਪਰੰਤ ਫਿਰ ਇਕ ਵਾਰ ਹੱਥਾਂ ਨੂੰ ਸਹੀ ਤਰੀਕੇ ਨਾਲ ਸਾਫ ਕੀਤਾ ਜਾਵੇ। ਹਰ ਚੀਜ ਨੂੰ ਰੋਗਾਣੂਮੁਕਤ ਕਰਨਾ ਸੰਭਵ ਨਹੀਂ ਹੈ ਪਰ ਅਸੀਂ ਇਨਾਂ ਹਦਾਇਤਾਂ ਦੀ ਪਾਲਣਾ ਕਰਕੇ ਕੋਰੋਨਾ ਦੇ ਖਤਰੇ ਨੂੰ ਘਟਾ ਸਕਦੇ ਹਾਂ ਅਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਵੀ ਰੱਖ ਸਕਦੇ ਹਾਂ।