ਲੁਧਿਆਣਾ, 27 ਫਰਵਰੀ – ਸੀਏਏ ਖ਼ਿਲਾਫ਼ ਚੱਲ ਰਹੇ ਵਿਰੋਧ ਪ੍ਰਦਰਸ਼ਨ ਦੌਰਾਨ ਦਿੱਲੀ ‘ਚ ਹੋਈਆਂ ਅੱਗਜ਼ਨੀ ਤੇ ਮਾਰਕੁੱਟ ਦੀਆਂ ਘਟਨਾਵਾਂ ਤੋਂ ਬਾਅਦ ਪੰਜਾਬ ‘ਚ ਵੀ ਅਲਰਟ ਕਰ ਦਿੱਤਾ ਗਿਆ ਹੈ। ਜਲੰਧਰ ਬਾਈਪਾਸ ਸਥਿਤ ਦਾਣਾ ਮੰਡੀ ‘ਚ ਚੱਲ ਰਹੇ ਸ਼ਾਹੀਨ ਬਾਗ਼ ਵਰਗੇ ਧਰਨੇ ‘ਤੇ ਨਜ਼ਰ ਹੋਰ ਵਧਾ ਦਿੱਤੀ ਗਈ ਹੈ। ਕਾਊਂਟਰ ਇੰਟੈਲੀਜੈਂਸ ਵਿਭਾਗ ਇੰਟੈਲੀਜੈਂਸ ਬਿਊਰੋ ਵੀ ਇਨਪੁੱਟ ਲੈ ਰਿਹਾ ਹੈ। ਇਹੀ ਨਹੀਂ ਮੁਸਲਿਮ ਭਾਈਚਾਰੇ ਤੇ ਹਿੰਦੂ ਨੇਤਾਵਾਂ ਦੇ ਬਿਆਨਾਂ ‘ਤੇ ਵੀ ਨਜ਼ਰ ਰੱਖੀ ਜਾ ਰਹੀ ਹੈ।
ਪੁਲਿਸ ਵਿਭਾਗ ਦੇ ਸੂਤਰਾਂ ਅਨੁਸਾਰ ਇਕ ਗੁਪਤ ਪੱਤਰ ਰਾਹੀਂ ਸੀਆਈਡੀ ਤੇ ਆਈਬੀ ਨੇ ਅਲਰਟ ਜਾਰੀ ਕੀਤਾ ਹੈ। ਸ਼ੱਕ ਹੈ ਕਿ ਦਿੱਲੀ ਦੀ ਹਿੰਸਾ ਵਾਂਗ ਦੂਜੇ ਸੂਬਿਆਂ ‘ਚ ਹਿੰਸਾ ਭੜਕ ਸਕਦੀ ਹੈ। ਉਨ੍ਹਾਂ ਸਾਰੇ ਹਿੰਦੂ ਤੇ ਮੁਸਲਿਮ ਨੇਤਾਵਾਂ ਦੀ ਲਿਸਟ ਤਿਆਰ ਕੀਤੀ ਜਾ ਰਹੀ ਹੈ ਜੋ ਕਦੇ ਵਲੀ ਕਿਸੇ ਵੀ ਘਟਨਾ ‘ਚ ਸ਼ਾਮਲ ਰਹੇ ਹਨ।
ਦੱਸ ਦਈਏ ਕਿ ਵਰਧਮਾਨ ਚੌਕ ਸਥਿਤ ਸਤਕਰਤਾਰ ਕਾਰ ਬਾਜ਼ਾਰ ‘ਚ ਬੈਠੇ ਸ਼ਿਵ ਸੇਨਾ ਨੇਤਾ ਅਮਿਤ ਅਰੋੜਾ ਦੀ ਖੜ੍ਹੀ ਕਾਰ ‘ਤੇ ਫਾਇਰ ਹੋਇਆ ਸੀ। ਇਸ ਦੇ ਲਈ ਸਟੇਟ ਫੌਰੇਂਸਿਕ ਮਾਹਰ ਦੇ ਨਾਲ-ਨਾਲ ਏਡੀਜੀਪੀ ਪੱਧਰ ਦੇ ਅਧਿਕਾਰੀ ਇਥੇ ਜਾਂਚ ਕਰ ਰਹੇ ਹਨ। ਪੁਲਿਸ ਨੇ ਬੁੱਧਵਾਰ ਨੂੰ ਮਹਾਦੇਵ ਸੇਨਾ ਦੇ ਰਾਸ਼ਟਰੀ ਪ੍ਰਧਾਨ ਸੁਸ਼ੀਲ ਕੁਮਾਰ ਲੱਕੀ ਕਪੂਰ, ਮੀਤ ਪ੍ਰਧਾਨ ਸੁਨੀਲ ਕੁਮਾਰ ਨੂੰ ਵੀ ਗਨਮੈਨ ਦੇ ਦਿੱਤੇ ਗਏ ਹਨ। ਇਸ ਤੋਂ ਇਲਾਵਾ ਸ਼ਹਿਰ ਦੇ ਅੱਧਾ ਦਰਜਨ ਹੋਰ ਹਿੰਦੂ ਨੇਤਾਵਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ। ਜਲੰਧਰ ਬਾਈਪਾਸ ‘ਤੇ ਲੱਗੇ ਧਰਨੇ ‘ਤੇ ਹਰ ਵੇਲੇ ਤਿੰਨ ਸੀਆਈਡੀ ਅਧਿਕਾਰੀ ਮੌਜੂਦ ਰਹਿੰਦੇ ਹਨ ਤੇ ਆਉਣ ਜਾਣ ਵਾਲੇ ਹਰ ਸ਼ਖ਼ਸ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਸੀਆਈਡੀ ਦੇ ਇਕ ਅਧਿਕਾਰੀ ਦਾ ਕਹਿਣਾ ਹੈ ਕਿ ਧਰਨੇ ਦੀ ਰਿਪੋਰਟ ਦੇਣਾ ਉਨ੍ਹਾਂ ਦਾ ਰੁਟੀਨ ਦਾ ਕੰਮ ਹੈ।