ਨਵੀਂ ਦਿੱਲੀ,30 ਜਨਵਰੀ – ਨਿਰਭੈਆ ਸਮੂਹਿਕ ਜਬਰ ਜਨਾਹ ਤੇ ਹੱਤਿਆ ਮਾਮਲੇ ਵਿਚ ਫਾਂਸੀ ਦੀ ਸਜ਼ਾ ਪਾ ਚੁੱਕੇ ਸਾਰੇ ਦੋਸ਼ੀ ਆਪਣੇ ਆਪ ਬਚਾਉਣ ਲਈ ਹਰ ਦਾਅ ਪੇਚ ਅਪਣਾ ਰਹੇ ਹਨ। ਹੁਣ ਸੁਪਰੀਮ ਕੋਰਟ ਨੇ ਦੋਸ਼ੀ ਅਕਸ਼ੇ ਦੀ ਅਰਜ਼ੀ ਖ਼ਾਰਜ ਕਰ ਦਿੱਤੀ ਹੈ ਤੇ ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਅਰਜ਼ੀ ਵਿਚ ਕਿਉਰੇਟਿਵ ਕੇਸ ਨਹੀਂ ਬਣਦਾ ਹੈ।ਜਾਣਕਾਰੀ ਅਨੁਸਾਰ ਇੱਕ ਦੋਸ਼ੀ ਵਿਨੇ ਸ਼ਰਮਾ ਨੇ ਜਿੱਥੇ ਬੁੱਧਵਾਰ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਕੋਲ ਰਹਿਮ ਦੀ ਪਟੀਸ਼ਨ ਦਾਇਰ ਕੀਤੀ ਸੀ, ਉੱਥੇ ਹੀ ਇੱਕ ਹੋਰ ਦੋਸ਼ੀ ਅਕਸ਼ੇ ਠਾਕੁਰ ਨੇ ਵੀ ਸੁਪਰੀਮ ਕੋਰਟ ਵਿੱਚ ਕਿਊਰੇਟਿਵ ਪਟੀਸ਼ਨ ਦਾਇਰ ਕਰ ਦਿੱਤੀ ਸੀ ,ਜਿਸ ਨੂੰ ਸੁਪਰੀਮ ਕੋਰਟ ਨੇ ਅੱਜ ਰੱਦ ਕਰ ਦਿੱਤਾ ਹੈ।
ਹੇਠਲੀ ਅਦਾਲਤ ਨੇ ਚਾਰੇ ਦੋਸ਼ੀਆਂ , ਮੁਕੇਸ਼ ਕੁਮਾਰ , ਪਵਨ ਗੁਪਤਾ, ਵਿਨੇ ਕੁਮਾਰ ਸ਼ਰਮਾ ਤੇ ਅਕਸ਼ੇ ਕੁਮਾਰ ਸਿੰਘ ਨੂੰ ਇੱਕ ਫ਼ਰਵਰੀ ਨੂੰ ਸਵੇਰੇ 6 ਵਜੇ ਫਾਂਸੀ ’ਤੇ ਲਟਕਾਉਣ ਲਈ 17 ਜਨਵਰੀ ਨੂੰ ਦੂਜੀ ਵਾਰ ਡੈਥ ਵਾਰੰਟ ਜਾਰੀ ਕੀਤਾ ਸੀ। ਅਦਾਲਤ ਨੇ ਇਸ ਤੋਂ ਪਹਿਲਾਂ ਸੱਤ ਜਨਵਰੀ ਨੂੰ ਡੈੱਥ ਵਾਰੰਟ ਜਾਰੀ ਕਰਕੇ ਉਨ੍ਹਾਂ ਨੂੰ ਮੌਤ ਦੀ ਸਜ਼ਾ ਦੇਣ ਲਈ 22 ਜਨਵਰੀ ਦੀ ਤਰੀਕ ਨਿਰਧਾਰਤ ਕੀਤੀ ਸੀ।