ਬਠਿੰਡਾ, 22 ਜਨਵਰੀ – ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਦੇ ਫਾਰਮਾਸਿਊਟੀਕਲ ਸਾਇੰਸਜ਼ ਅਤੇ ਟੈਕਨਾਲੋਜੀ ਵਿਭਾਗ ਦੇ ਤਿੰਨ ਖੋਜ ਵਿਦਿਆਰਥੀਆਂ ਗਗਨਦੀਪ ਜੈਸਵਾਲ, ਅਬਦੁੱਲ ਕਾਦਿਰ ਅਤੇ ਮਿਸ ਕਾਜਲ ਨੇ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਸਰਬੋਤਮ ਪੁਰਸਕਾਰ ਜਿੱਤ ਕੇ ਯੂਨੀਵਰਸਿਟੀ ਦਾ ਨਾਮ ਰੋਸ਼ਨ ਕੀਤਾ ਹੈ।
“ਗਲੋਬਲ ਕਲੀਨਿਕਲ ਅਤੇ ਫਾਰਮੇਸੀ ਪ੍ਰੈਕਟਿਸ ਵਿੱਚ ਮੌਜੂਦਾ ਰੁਝਾਨ” ਵਿਸ਼ੇ ਦੇ ਨਾਲ ਹਾਲ ਹੀ ਵਿੱਚ ਇਹ ਕਾਨਫਰੰਸ ਐਸੋਸੀਏਸ਼ਨ ਆਫ਼ ਫਾਰਮਾਸਿਊਟੀਕਲ ਟੀਚਰਜ਼ ਆਫ਼ ਇੰਡੀਆ (ਏ.ਪੀ.ਟੀ.ਆਈ.), ਪੰਜਾਬ ਅਤੇ ਆਦੇਸ਼ ਯੂਨੀਵਰਸਿਟੀ ਦੇ ਸਹਿਯੋਗੀ ਕਾਲਜਾਂ ਦੇ ਸਹਿਯੋਗ ਨਾਲ ਆਦੇਸ਼ ਮੈਡੀਕਲ ਯੂਨੀਵਰਸਿਟੀ ਵਿਖੇ ਆਯੋਜਿਤ ਕੀਤੀ ਗਈ ਸੀ। ਇਸ ਕਾਨਫਰੰਸ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਬਹੁਤ ਸਾਰੇ ਨਾਮਵਰ ਵਿਗਿਆਨੀਆਂ ਦੁਆਰਾ ਫਾਰਮਾਸਿਊਟੀਕਲ ਸਾਇੰਸ ਅਤੇ ਫਾਰਮੇਸੀ ਪ੍ਰੈਕਟਿਸ ਬਾਰੇ ਆਪਣੇ ਭਾਸ਼ਣ ਸੈਸ਼ਨਾਂ ਰਾਹੀਂ ਚਾਨਣਾ ਪਾਇਆ ਗਿਆ। ਪ੍ਰੋਗਰਾਮ ਵਿੱਚ ਵੱਖ-ਵੱਖ ਰਾਜਾਂ ਦੀਆਂ ਸਰਕਾਰੀ ਅਤੇ ਨਿੱਜੀ ਯੂਨੀਵਰਸਿਟੀਆਂ ਦੇ ਖੋਜ ਵਿਦਿਆਰਥੀਆਂ ਵਲੋਂ ਵਿਗਿਆਨਿਕ ਖੋਜ਼ ਪੱਤਰ ਪੇਸ਼ ਕੀਤੇ ਗਏ।
ਖੋਜ ਵਿਦਿਆਰਥੀ ਗਗਨਦੀਪ ਜੈਸਵਾਲ ਅਤੇ ਅਬਦੁੱਲ ਕਾਦਿਰ ਨੇ ਪ੍ਰੋ. ਪੁਨੀਤ ਕੁਮਾਰ ਦੀ ਰਹਿਨੁਮਾਈ ਹੇਠ ਮੌਖਿਕ ਪੇਸ਼ਕਾਰੀ ਅਤੇ ਪੋਸਟਰ ਪੇਸ਼ਕਾਰੀ ਵਿੱਚ ਸਰਬੋਤਮ ਖੋਜ ਅਵਾਰਡ ਪ੍ਰਾਪਤ ਕੀਤਾ। ਇਸ ਦੇ ਨਾਲ ਹੀ ਮਿਸ ਕਾਜਲ ਨੇ ਪ੍ਰੋ. ਰਾਹੁਲ ਦੇਸ਼ਮੁਖ ਦੀ ਅਗਵਾਈ ਹੇਠ ਮੌਖਿਕ ਪੇਸ਼ਕਾਰੀ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ।
ਗਗਨਦੀਪ ਨੇ ਮਿਰਗੀ ਦੇ ਇਲਾਜ ਬਾਰੇ ਹਾਲੀਆ ਫਾਰਮਾਕੋਲੋਜੀਕਲ ਖੋਜ ਪੇਸ਼ ਕੀਤੀ ਜਿਸ ਵਿੱਚ ਲੀਰਾਗਲੁਟਾਈਡ ਦੇ ਬਚਾਅ ਪ੍ਰਭਾਵ ਦੀ ਜਾਂਚ ਕੀਤੀ ਗਈ, ਜਿੱਥੇ ਜੱਜ ਪੈਨਲ ਨੇ ਉਸ ਦੀ ਪੇਸ਼ਕਾਰੀ ਦੀ ਪ੍ਰਸ਼ੰਸਾ ਕੀਤੀ। ਅਬਦੁੱਲ ਨੇ ਹੰਟਿੰਗਟਨ ਰੋਗ ਵਿਚ ਬਰਬਰਿਨ ਦਾ ਬਚਾਅ ਪੱਖ ਪੇਸ਼ ਕੀਤਾ ਅਤੇ ਸਭ ਦੀ ਵਾਹ-ਵਾਹ ਖੱਟੀ। ਮਿਸ ਕਾਜਲ ਨੇ ਪਾਰਕਿੰਸਨ ਰੋਗ, ਦਿਮਾਗ ਦੀ ਬਿਮਾਰੀ ਵਿਚ ਹਾਲ ਹੀ ਵਿੱਚ ਕੀਤੇ ਗਏ ਖੋਜ ਕਾਰਜ ਪੇਸ਼ ਕਰਕੇ ਸਾਰਿਆਂ ਨੂੰ ਪ੍ਰਭਾਵਤ ਕੀਤਾ।
ਇਸ ਮੌਕੇ ਪ੍ਰੋ. (ਡਾ.) ਮੋਹਨ ਪਾਲ ਸਿੰਘ ਈਸ਼ਰ, ਵਾਈਸ–ਚਾਂਸਲਰ, ਐਮ.ਆਰ.ਐਸ.ਪੀ.ਟੀ.ਯੂ. ਅਤੇ ਪ੍ਰੋਫੈਸਰ (ਡਾ.)ਆਸ਼ੀਸ਼ ਬਾਲਦੀ, ਰਜਿਸਟਰਾਰ, ਐਮ.ਆਰ.ਐਸ.ਪੀ.ਟੀ.ਯੂ. ਨੇ ਜੇਤੂਆਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ। ਵਿਭਾਗ ਦੇ ਸੀਨੀਅਰ ਫੈਕਲਟੀ ਮੈਂਬਰਾਂ ਡਾ. ਉੱਤਮ ਕੁਮਾਰ ਮੰਡਲ ਅਤੇ ਡਾ. ਅਮਿਤ ਭਾਟੀਆ ਨੇ ਵੀ ਇਸ ਪ੍ਰਾਪਤੀ ਲਈ ਜੇਤੂਆਂ ਨੂੰ ਵਧਾਈ ਦਿੱਤੀ।