ਬਠਿੰਡਾ, 14 ਜਨਵਰੀ – ਡਿਪਟੀ ਕਮਿਸ਼ਨਰ ਸ਼੍ਰੀ ਬੀ. ਸ੍ਰੀਨਿਵਾਸਨ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਤਹਿਤ ਗੋਨਿਆਣਾ ਰੋਡ ‘ਤੇ ਸਥਿਤ ਸ਼੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੇ ਗਰਾਊਂਡ ਵਿਖੇ 15 ਤੋਂ 17 ਜਨਵਰੀ ਤੱਕ ਡਿਜੀਟਲ ਮਿਊਜ਼ੀਅਮ ਅਤੇ ਲਾਈਟ ਐਂਡ ਸਾਊਂਡ ਸ਼ੋਅ ਕਰਵਾਏ ਜਾਣਗੇ। ਇਨ੍ਹਾਂ ਸ਼ੋਆਂ ਨੂੰ ਸਫ਼ਲਤਾਪੂਰਵਕ ਨੇਪਰੇ ਚੜਾਉਣ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਇਨ੍ਹਾਂ ਸ਼ੋਆਂ ਦੌਰਾਨ ਵੱਧ ਚੜ ਕੇ ਹਿੱਸਾ ਲੈਣ ਦੀ ਅਪੀਲ ਵੀ ਕੀਤੀ।
ਡਿਪਟੀ ਕਮਿਸ਼ਨਰ ਨੇ ਇੱਥੇ ਹੋਣ ਵਾਲੇ ਤਿੰਨ ਰੋਜ਼ਾ ਡਿਜੀਟਲ ਮਿਊਜ਼ੀਅਮ ਅਤੇ ਲਾਈਟ ਐਂਡ ਸਾਊਂਡ ਸ਼ੋਅ ਬਾਰੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸ਼ੋਅ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ, ਉਦਾਸੀਆਂ ਅਤੇ ਜੀਵਨ ਫਲਸਫ਼ੇ ‘ਤੇ ਆਧਾਰਿਤ ਹੋਣਗੇ। ਸਰਕਾਰ ਵਲੋਂ ਇਨ੍ਹਾਂ ਸ਼ੋਆਂ ਨੂੰ ਦਿਖਾਉਣ ਦਾ ਮੁੱਖ ਮਕਸਦ ਆਮ ਲੋਕਾਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਅਤੇ ਸਿੱਖਿਆਵਾਂ ਬਾਰੇ ਵੱਧ ਤੋਂ ਵੱਧ ਜਾਣੂ ਕਰਵਾਕੇ ਗੁਰੂ ਸਾਹਿਬ ਦੀ ਬਾਣੀ ਨਾਲ ਜੋੜਨਾ ਹੈ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੋਬਾਈਲ ਡਿਜੀਟਲ ਮਿਊਜ਼ੀਅਮ ਦੇਖਣ ਦਾ ਸਮਾਂ ਸਵੇਰੇ 7 ਤੋਂ ਸ਼ਾਮ 5 ਵਜੇ ਤੱਕ ਹੋਵੇਗਾ ਅਤੇ ਲਾਈਟ ਐਂਡ ਸਾਊਂਡ ਸ਼ੋਅ ਦਾ ਪਹਿਲਾ ਸ਼ੋਅ ਸ਼ਾਮ 6 ਤੋਂ ਸ਼ਾਮ 6:45 ਵਜੇ ਤੱਕ ਅਤੇ ਦੂਜਾ ਸ਼ੋਅ ਸ਼ਾਮ 7:30 ਤੋਂ ਸ਼ਾਮ 8:15 ਵਜੇ ਤੱਕ ਹੋਵੇਗਾ।