ਨਵੀਂ ਦਿੱਲੀ, 11 ਜਨਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਓਮਾਨ ਦੇ ਸੁਲਤਾਨ ਕਾਬੂਸ ਬਿਨ ਸੈਦ ਅਲ ਸੈਦ ਦੇ ਦੇਹਾਂਤ ‘ਤੇ ਦੁੱਖ ਪ੍ਰਗਟਾਉਂਦਿਆਂ ਉਨ੍ਹਾਂ ਨੂੰ ‘ਭਾਰਤ ਦਾ ਸੱਚਾ ਦੋਸਤ’ ਦੱਸਿਆ ਹੈ। ਮੋਦੀ ਨੇ ਟਵੀਟ ਕਰਕੇ ਕਿਹਾ, ”ਮੈਂ ਸੁਲਤਾਨ ਕਾਬੂਸ ਬਿਨ ਸੈਦ ਅਲ ਸੈਦ ਦੇ ਦੇਹਾਂਤ ਬਾਰੇ ਸੁਣ ਕੇ ਬਹੁਤ ਦੁਖੀ ਹਾਂ। ਉਹ ਖਿਆਲੀ ਅਤੇ ਅਨੁਭਵੀ ਨੇਤਾ ਸਨ, ਜਿਨ੍ਹਾਂ ਨੇ ਓਮਾਨ ਨੂੰ ਇੱਕ ਆਧੁਨਿਕ ਅਤੇ ਖ਼ੁਸ਼ਹਾਲ ਰਾਸ਼ਟਰ ‘ਚ ਬਦਲਿਆ। ਉਹ ਸਾਡੇ ਖੇਤਰ ਅਤੇ ਵਿਸ਼ਵ ਲਈ ਸ਼ਾਂਤੀ ਦੇ ਦੂਤ ਸਨ।” ਜ਼ਿਕਰਯੋਗ ਹੈ ਕਿ ਓਮਾਨ ਦੇ ਸੁਲਤਾਨ ਕਾਬੂਸ ਬਿਨ ਸੈਦ ਅਲ ਸੈਦ ਦਾ ਬੀਤੀ ਦੇਰ ਰਾਤ ਦੇਹਾਂਤ ਹੋ ਗਿਆ। ਉਹ 79 ਸਾਲਾਂ ਦੇ ਸਨ।