Menu

ਸ਼ਬਦਾਂ ਦਾ ਕਾਰੀਗਰ

ਗੁਰਦਿਆਲ ਸਿੰਘ

ਕਾਰੀਗਰੀ ਉਸ ਦਾ ਪਿਤਾ ਪੁਰਖ਼ੀ ਕਿੱਤਾ ਸੀ। ਸਕੂਲ ਦੀ ਪੜ੍ਹਾਈ ਛੱਡ ਕੇ ਉਸ ਨੂੰ ਕੁੱਝ ਚਿਰ ਪਿਉ ਦਾਦੇ ਨਾਲ ਇਹ ਕੰਮ ਕਰਨਾ ਵੀ ਪਿਆ। ਪਰ ਉਸ ਦੀ ਅਸਲੀ ਕਾਰੀਗਰੀ ਇਹ ਲੱਕੜ/ਲੋਹੇ ਦਾ ਸਾਮਾਨ ਬਣਾਉਣ ਵਿਚ ਨਹੀਂ ਸੀ- ਸਗੋਂ ਸ਼ਬਦਾਂ ਰਾਹੀਂ ਉਜਾਗਰ ਹੋਈ। ਇਹ ਜਿਸ ਕਾਰੀਗਰ ਦੀ ਗੱਲ ਆਪਾਂ ਕਰ ਰਹੇ ਹਾਂ ਉਸ ਦਾ ਨਾਂਅ ਸਿਰਫ਼ ਪੰਜਾਬੀ ਅਦਬ ਦੇ ਖੇਤਰ ਵਿਚ ਨਹੀਂ ਸਗੋਂ ਹਿੰਦੀ ਸਮੇਤ ਕਈ ਭਾਰਤੀ ਭਾਸ਼ਾਵਾਂ ਤੋਂ ਇਲਾਵਾ ਅੰਗਰੇਜ਼ੀ ਤੇ ਰੂਸੀ ਭਾਸ਼ਾ ਵਿਚ ਸਤਿਕਾਰ ਨਾਲ ਲਿਆ ਜਾਂਦਾ ਹੈ। ਇਹ ਸ਼ਬਦਾਂ ਦਾ ਕਾਰੀਗਰ ਸੀ ਗੁਰਦਿਆਲ ਸਿੰਘ ਜਿਸ ਨੂੰ ਪੰਜਾਬੀ ਸਾਹਿਤ ਦੇ ਖੇਤਰ ਵਿਚ ਨਿਤਾਣਿਆਂ ਦੀ ਧਿਰ ਵਜੋਂ ਜਾਣਿਆਂ ਜਾਂਦਾ ਹੈ। 10 ਜਨਵਰੀ ਨੂੰ ਆਪਣੇ ਨਾਨਕਾ ਪਿੰਡ ਭੈਣੀ ਫੱਤਾ ਵਿਖੇ ਜਨਮੇ ਗੁਰਦਿਆਲ ਸਿੰਘ ਦਾ ਮੁੱਢਲਾ ਜੀਵਨ ਬੜੇ ਉਤਰਾਵਾਂ ਚੜਾਵਾਂ ਵਾਲਾ ਰਿਹਾ ਹੈ। ਬਾਰਾਂ ਤੇਰਾਂ ਸਾਲਾਂ ਦੀ ਉਮਰ ਵਿਚ ਘਰ ਦੀ ਹਾਲਤ ਨੇ ਉਹਨਾਂ ਨੂੰ ਸਕੂਲ ਛੱਡ ਕੇ ਪਿਉ ਦਾਦੇ ਦੇ ਤਰਖ਼ਾਣੇ/ਲੁਹਾਰੇ ਦੇ ਕੰਮ ਵਿਚ ਹੱਥ ਵਟਾਉਣਾ ਪਿਆ ਅਤੇ ਕਈ-ਕਈ ਘੰਟੇ ਲਗਾਤਾਰ ਮਿਹਨਤ ਕੀਤੀ। ਪਰ ਪੜਨ ਦੀ ਰੀਝ ਦਿਲੋਂ ਮਰੀ ਨਾ, ਆਪਣੇ ਸਕੂਲ ਅਧਿਆਪਕ ਮਦਨ ਮੋਹਨ ਦੀ ਪ੍ਰੇਰਣਾ ਨਾਲ ਉਹਨਾਂ ਸਕੂਲ ਛੱਡਣ ਦੇ ਦਸ ਸਾਲ ਬਾਅਦ ਪ੍ਰਾਈਵੇਟ ਮੈਟ੍ਰਿਕ ਪਾਸ ਕੀਤੀ।  ਗਿਆਨੀ ਕਰਕੇ ਪ੍ਰਾਇਮਰੀ ਸਕੂਲ ਅਧਿਆਪਕ ਵਜੋਂ ਨੌਕਰੀ ਦੀ ਸ਼ੁਰੂਆਤ ਕੀਤੀ ਪਰ ਜੀਵਨ ਵਿਚ ਕੁੱਝ ਕਰਨ ਤੇ ਅੱਗੇ ਵਧਣ ਦੀ ਅਜਿਹੀ ਚਿਣਗ ਸੀ ਕਿ ਤਮਾਮ ਤਰਾਂ ਦੀਆਂ ਦੁਸ਼ਵਾਰੀਆਂ ‘ਤੇ ਭਾਰੂ ਪੈਂਦਿਆਂ ਆਪਣੀ ਅਗਲੇਰੀ ਪੜ੍ਹਾਈ ਜਾਰੀ ਰੱਖੀ ਕਾਲਜ ਲੈਕਚਰਰ ਵਜੋਂ ਪਦ ਉੱਨਤ ਹੋਏ ਅਤੇ ਅੰਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਬਠਿੰਡਾ ਖੇਤਰੀ ਕੇਂਦਰ ਦੇ ਮੁਖੀ ਵਜੋਂ ਸੇਵਾਮੁਕਤ ਹੋਏ।
ਗੁਰਦਿਆਲ ਸਿੰਘ ਨੇ ਸ਼ੁਰੂ ਵਿਚ ਚਿੱਤਰਕਾਰੀ ਵੀ ਕੀਤੀ ਅਤੇ ਗੁਰਦੁਆਰੇ ਵਿਚ ਕੀਰਤਨ ਵੀ ਕਰਦੇ ਰਹੇ ਪਰ ਉਹਨਾਂ ਦੀ ਅਸਲੀ ਕਲਾਕਾਰੀ ਸ਼ਬਦਾਂ ਰਾਹੀਂ ਉੱਘੜੀ। ਗੁਰਦਿਆਲ ਸਿੰਘ ਦਾ ਸਾਹਿਤਕ ਸਫ਼ਰ ਕਹਾਣੀਕਾਰ ਦੇ ਰੂਪ ਵਿਚ ਸ਼ੁਰੂ ਹੋਇਆ। ਪਹਿਲੀ ਕਹਾਣੀ ਪ੍ਰੋ: ਮੋਹਨ ਸਿੰਘ ਰਸਾਲੇ ‘ਪੰਜ ਦਰਿਆ’ ਵਿਚ 1957 ‘ਚ ਛਪੀ ਸੀ ‘ਭਾਗਾਂ ਵਾਲੇ’। ਸਾਲ 1964 ਵਿਚ ਪਹਿਲਾ ਨਾਵਲ ਮੜ੍ਹੀ ਦਾ ਦੀਵਾ’ ਛਪਿਆ ਤਾਂ ਗੁਰਦਿਆਲ ਸਿੰਘ ਨੂੰ ਪੰਜਾਬੀ ਨਾਵਲਕਾਰੀ ਦੀ ਸੱਜਰੀ ਸੰਭਾਵਨਾ ਵਜੋਂ ਦੇਖਿਆ ਜਾਣ ਲੱਗਿਆ। ਉਨਾਂ ਦੇ ਇਸੇ ਨਾਵਲ ‘ਤੇ ਬਣੀ ਫ਼ਿਲਮ ਨੂੰ ਕੌਮੀ ਐਵਾਰਡ ਮਿਲਿਆ। ਉਨਾਂ ਦੇ ਇਕ ਹੋਰ ਨਾਵਲ ਅਨ੍ਹੇਂ ਘੋੜੇ ਦਾ ਦਾਨ’ ‘ਤੇ ਬਣੀ ਫ਼ਿਲਮ ਨੇ ਵੀ ਕੌਮਾਂਤਰੀ ਪ੍ਰਸਿੱਧੀ ਖੱਟੀ। ਮੜ੍ਹੀ ਦਾ ਦੀਵਾ’ ਭਾਰਤ ਦੀਆਂ ਵੱਖ-ਵੱਖ ਭਾਸ਼ਾਵਾਂ ਤੋਂ ਬਿਨਾਂ ਰੂਸੀ ਭਾਸ਼ਾ ਵਿਚ ਵੀ ਛਪਿਆ ਤੇ ਇਸ ਦੀਆਂ ਕੋਈ ਚਾਰ ਲੱਖ ਕਾਪੀਆਂ ਵਿਕੀਆਂ।
ਆਪਣੇ ਸਾਹਿਤਕ ਸਫ਼ਰ ਵਿਚ ਗੁਰਦਿਆਲ ਸਿੰਘ ਦਸ ਨਾਵਲ ਮੜ੍ਹੀ ਦਾ ਦੀਵਾ, ਅਣਹੋਏ, ਰੇਤੇ ਦੀ ਇੱਕ ਮੁੱਠੀ, ਕੁਵੇਲਾ, ਅੱਧ ਚਾਂਣਨੀ ਰਾਤ, ਆਥਣ ਉੱਗਣ, ਅੰਨੇ ਘੋੜੇ ਦਾ ਦਾਨ, ਪਹੁ ਫੁਟਾਲੇ ਤੋਂ ਪਹਿਲਾਂ, ਪਰਸਾ ਅਤੇ ਆਹਣ ਲਿਖੇ। ਕੋਈ ਏਨੇ ਕੁ ਹੀ ਕਹਾਣੀ ਸੰਗ੍ਰਹਿ ਵੀ ਉਨਾਂ ਅਦਬੀ ਪਾਠਕਾਂ ਦੀ ਝੋਲੀ ਪਾਏ ਜਿੰਨਾਂ ਵਿਚ ਸੱਗੀ ਫੁੱਲ, ਚੰਨ ਦਾ ਬੂਟਾ, ਓਪਰਾ ਘਰ, ਕੁੱਤਾ ਤੇ ਆਦਮੀ, ਮਸਤੀ ਬੋਤਾ, ਰੁੱਖੇ ਮਿੱਸੇ ਬੰਦੇ, ਬੇਗਾਨਾ ਪਿੰਡ, ਪੱਕਾ ਟਿਕਾਣਾ, ਕਰੀਰ ਦੀ ਢਿੰਗਰੀ, ਮੇਰੀਆਂ ਚੋਣਵੀਆਂ ਕਹਾਣੀਆਂ ਤੇ ਮੇਰੀ ਪ੍ਰਤੀਨਿਧ ਰਚਨਾ ਸ਼ਾਮਲ ਹਨ। ਗੁਰਦਿਆਲ ਸਿੰਘ ਨੇ ਫ਼ਰੀਦਾ ਰਾਤੀਂ  ਵੱਡੀਆਂ, ਵਿਦਾਇਗੀ ਤੋਂ ਪਿੱਛੋਂ ਤੇ ਨਿੱਕੀ ਮੋਟੀ ਗੱਲ ਤਿੰਨ ਨਾਟਕ ਵੀ ਲਿਖੇ। ਗੁਰਦਿਆਲ ਸਿੰਘ ਨੇ ਪ੍ਰੌੜ ਪਾਠਕਾਂ ਦੇ ਨਾਲ ਨਾਲ ਬੱਚਿਆਂ ਲਈ ਉਚੇਚੇ ਤੌਰ ‘ਤੇ ਲਿਖਿਆ। ਬਾਲ ਸਾਹਿਤ ਵਿਚ ਉਨਾਂ ਨੇ ਬਕਲਮ ਖੁਦ, ਟੁੱਕ ਖੋਹ ਲਏ ਕਾਵਾਂ, ਲਿਖਤੁਮ ਬਾਬਾ ਖੇਮਾ, ਗੱਪੀਆਂ ਦਾ ਪਿਉ, ਮਹਾਂਭਾਰਤ, ਧਰਤ ਸੁਹਾਵੀ, ਤਿੰਨ ਕਦਮ ਧਰਤੀ, ਖੱਟੇ ਮਿੱਠੇ ਲੋਕ, ਕਾਲੂ ਕੌਤਕੀ,  ਜੀਵਨ ਦਾਤੀ ਗੰਗਾ ਭਾਗ ਪਹਿਲਾ ਅਤੇ ਦੂਜਾ ਆਦਿ ਕਿਤਾਬਾਂ ਦੀ ਰਚਨਾਂ ਕੀਤੀ।
ਮੌਲਕ ਲੇਖਣ ਦੇ ਨਾਲ-ਨਾਲ ਗੁਰਦਿਆਲ ਸਿੰਘ ਨੇ ਹੋਰ ਜੁਬਾਨਾਂ ਤੋਂ ਚੰਗੇਰੇ ਸਾਹਿਤ ਦਾ ਪੰਜਾਬੀ ਵਿਚ ਅਨੁਵਾਦ ਵੀ ਕੀਤਾ। ਅਨੁਵਾਦ ਦੀਆਂ ਪੰਜ ਕਿਤਾਬਾਂ ਗੋਰਕੀ ਦੀ ‘ਮੇਰਾ ਬਚਪਨ’, ਭਗਵਤੀ ਚਰਨ ਵਰਮਾ ਦੀ ‘ਭੁੱਲੇ ਵਿੱਸਰੇ’, ਵਰਿੰਦਾਵਨ ਲਾਲ ਸ਼ਰਮਾ ਦੀ ‘ਮ੍ਰਿਗਨੈਣੀ’,  ਕ੍ਰਿਸ਼ਨਾ ਸੋਬਤੀ ਦੀ ‘ਜ਼ਿੰਦਗੀਨਾਮਾ’ ਅਤੇ ਸ਼ਰਤ ਚੰਦਰ ਦੀ ‘ਬਿਰਾਜ ਬਹੂ’ ਹਨ।  ਵਾਰਤਕ ਵਿਚ ਗੁਰਦਿਆਲ ਸਿੰਘ ਨੇ ਪੰਜਾਬ ਦੇ ਮੇਲੇ ਅਤੇ ਤਿਉਹਾਰ,  ਦੁਖੀਆ ਦਾਸ ਕਬੀਰ ਹੈ, ਸਤਯੁਗ ਦੇ ਆਉਣ ਤੱਕ, ਡਗਮਗ ਛਾਡਿ  ਰੇ ਮਨ ਬਉਰਾ, ਲੇਖਕ ਦਾ ਅਨੁਭਵ ਤੇ ਸਿਰਜਣ ਪ੍ਰਕਿਰਿਆ ਤੇ ਬੰਬਈ ਸਹਿਰ ਕਹਿਰ ਸਵਾ ਪਹਿਰ ਤੋਂ ਇਲਾਵਾ ਆਪਣੀ ਆਤਮ ਕਥਾ ਵੀ ਲਿਖੀ ਜਿਸ ਦਾ ਪਹਿਲਾ ਭਾਗ ਨਿਆਣ ਮੱਤੀਆਂ ਤੇ ਦੂਜਾ ਭਾਗ ਦੂਜੀ ਦੇਹੀ ਦੇ ਅਨੁਵਾਨ ਥੱਲੇ ਛਪਿਆ ਹੈ। ਉਨਾਂ ਦੇ ਨਾਵਲਾਂ ਦਾ ਕਈ ਭਾਰਤੀ ਭਾਸ਼ਾਵਾਂ ਵਿਚ ਅਨੁਵਾਦ ਹੋਗਿਆ। ਹਿੰਦੀ ਵਿਚ ਉਨਾਂ ਆਪਣੇ ਨਾਵਲ ਆਪ ਹੀ ਅਨੁਵਾਦ ਕੀਤੇ। ਗੁਰਦਿਆਲ ਸਿੰਘ ਨੂੰ ਪੰਜਾਬੀ ਵਾਂਗ ਹੀ ਹਿੰਦੀ ਵਿਚ ਹੀ ਤਵੱਜੋਂ ਨਾਲ ਪੜਿਆ ਤੇ ਵਿਚਾਰਿਆ ਗਿਆ।
ਗੁਰਦਿਆਲ ਸਿੰਘ ਨੇ ਆਪਣੀਆਂ ਲਿਖਤਾਂ ਵਿਚ  ਸਮਾਜ ਦੇ ਦੱਬੇ ਕੁਚਲੇ, ਹਾਸ਼ੀਏ ‘ਤੇ ਧੱਕੇ, ਥੁੜਾਂ ਮਾਰੇ ਲੋਕਾਂ ਦੀ ਗੱਲ ਕੀਤੀ ਹੈ। ਇਹ ਅਨੁਭਵ ਉਹਨਾਂ ਨਿੱਜੀ ਜ਼ਿੰਦਗੀ ਵਿਚ ਕੀਤੀ ਮੁਸ਼ੱਕਤ ਤੇ ਹੰਢਾਈ ਗੁਰਬਤ ਵਿਚੋਂ ਵੀ ਹਾਸਿਲ ਕੀਤਾ ਅਤੇ ਉਹਨਾਂ ਦਾ ਇਹੀ ਨਿੱਜੀ ਅਨੁਭਵ ਬਾਕੀ ਸਮਾਜ ਦੇ ਦਰਦ ਨੂੰ ਧੁਰ ਅੰਦਰੋਂ ਮਹਿਸੂਸ ਕਰਨ ਵਿਚ ਸਹਾਈ ਹੋਇਆ। ਡਾ. ਦਲੀਪ ਕੌਰ ਟਿਵਾਣਾ ਦਾ ਕਹਿਣਾ ਹੈ, ‘ਉਹਨਾਂ ਦੀ ਲੇਖਣੀ ਦੀ ਸਭ ਤੋਂ ਖਾਸ ਗੱਲ ਇਹ ਸੀ ਕਿ ਉਹ ਗਰੀਬ, ਮਜਬੂਰ, ਹਾਸ਼ੀਏ ‘ਤੇ ਰਹਿਣ ਵਾਲੇ ਲੋਕਾਂ ਦੀ ਗੱਲ ਆਪਣੀਆਂ ਕਹਾਣੀਆਂ ‘ਚ ਕਰਦੇ ਰਹੇ ਕਿਉਂ ਕਿ ਇਹ ਦਿਲ ਚੋਂ ਨਿੱਕਲੀ ਹੋਈ ਗੱਲ ਸੀ, ਉਹ ਖੁਦ ਮੁਸ਼ਕਿਲ ਹਾਲਾਤ ਅਤੇ ਗੁਰਬਤ ਹੰਢਾ ਚੁੱਕੇ ਸਨ।”
ਲਿਖਣ ਵੇਲੇ ਉਹ ਕਦੇ ਵੀ ਕਾਹਲ ਵਿਚ ਨਹੀਂ ਦਿਸੇ, ਇਹੀ ਕਾਰਨ ਹੈ ਕਿ ਉਨਾਂ ਦੇ ਨਾਵਲਾਂ ਵਿਚ ਇਕ –ਇਕ ਦਹਾਕੇ ਤੱਕ ਦਾ ਵਕਫ਼ਾ ਆ ਜਾਂਦਾ ਸੀ। ਉਨਾਂ ਦਾ ਕਹਿਣਾ ਸੀ ‘ਪੁਰਾਣੀਆਂ ਗੱਲਾਂ ਨੂੰ ਹੀ ਸ਼ਬਦ ਬਦਲ ਬਦਲ ਲਿਖਣ ਦਾ ਕੋਈ ਫਾਇਦਾ ਨਹੀਂ।’ ਇਸੇ ਕਰਕੇ ਆਪਣੇ ਨਾਵਲਾਂ ਉੱਤੇ ਉਹ ਦਹਾਕਿਆਂ ਤੱਕ ਕੰਮ ਕਰਦੇ ਰਹਿੰਦੇ ਸਨ।
ਆਪਣੀਆਂ ਵਡੇਰੀਆਂ ਸਾਹਿਤਕ ਸੇਵਾਵਾਂ ਬਦਲੇ ਗੁਰਦਿਆਲ ਸਿੰਘ ਕਈ ਵੱਕਾਰੀ ਸਨਮਾਨਾਂ ਨਾਲ ਸਨਾਮਾਨੇ ਗਏ। ਭਾਰਤ ਸਰਕਾਰ ਨੇ ਉਨਾਂ ਨੁੰ ਪਦਮਸ੍ਰੀ ਦੇ ਖਿਤਾਬ ਨਾਲ ਸਨਮਾਨਿਆ। ਭਾਰਤ ਵਿਚ ਸਾਹਿਤ ਦਾ ਸਭ ਤੋਂ ਗੌਰਵਸ਼ਾਲੀ ਸਨਮਾਨ ‘ਗਿਆਨਪੀਠ’ ਉਨਾਂ ਦੀ ਝੋਲੀ ਪਿਆ। ਹੁਣ ਤੱਕ ਪੰਜਾਬ ਦੀ ਧਰਤੀ ‘ਤੇ ਇਹ ਸਨਮਾਨ ਸਿਰਫ਼ ਗੁਰਦਿਆਲ ਸਿੰਘ ਦੇ ਹਿੱਸੇ ਆਇਆ। ਸੋਵੀਅਤ ਲੈਂਡ ਨਹਿਰੂ ਪੁਰਸਕਾਰ, ਨਾਨਕ ਸਿੰਘ ਪੁਰਸਕਾਰ, ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਸਾਹਿਤਕਾਰ ਪੁਰਸਕਾਰ, ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਜ਼ਿਕਰਯੋਗ ਹਨ।
16 ਅਗਸਤ 2016 ਨੂੰ ਪੰਜਾਬੀ ਅਦਬ ਜਗਤ ਦਾ ਇਹ ਅਣਥੱਕ ਕਾਮਾ ਇਸ ਜਹਾਨੋਂ ਤੁਰ ਗਿਆ। ਸਰੀਰਕ ਤੌਰ ‘ਤੇ ਭਾਵੇਂ ਗੁਰਦਿਆਲ ਸਿੰਘ ਅੱਜ ਸਾਡੇ ਵਿੱਚ ਨਹੀਂ ਹਨ ਪਰ ਆਪਣੀਆਂ ਮੁੱਲਵਾਨ ਸਾਹਿਤ ਰਚਨਾਵਾਂ ਜ਼ਰੀਏ ਉਹ ਹਮੇਸ਼ਾ ਪੰਜਾਬੀ ਮਾਨਸ ਦੇ ਅਤੇ ਖਾਸ ਕਰਕੇ ਜੁਝਾਰੂ ਧਿਰਾਂ ਲਈ ਚਾਨਣ ਮੁਨਾਰਾ ਬਣੇ ਰਹਿਣਗੇ। ਗੁਰਦਿਆਲ ਸਿੰਘ ਦੀ ਯਾਦ ਨੂੰ ਹੋਰ ਸਦੀਵੀ ਬਣਾਉਣ ਲਈ ਉਹਨਾਂ ਦੇ ਘਰ ਵਿਚਲੇ ਨਿੱਜੀ ਕਮਰੇ ਨੂੰ ਮਿਊਜ਼ੀਅਮ ਦੇ ਰੂਪ ਵਿਚ ਰਾਖਵਾਂ ਕਰ ਦਿੱਤਾ ਗਿਆ ਹੈ। ਬਠਿੰਡਾ ਵਿਖੇ ਉਹਨਾਂ ਦੀ ਯਾਦ ਵਿਚ ਹੋਰ ਵੱਡਾ ਮਿਊਜ਼ੀਅਮ ਸਥਾਪਿਤ ਕਰਨ ਦੀ ਯੋਜਨਾ ‘ਤੇ ਵੀ ਕੰਮ ਹੋ ਰਿਹਾ ਹੈ।

ਹਰਮੇਲ ਪਰੀਤ

ਬਰਾੜ ਪੈਲੇਸ ਦੇ ਪਿੱਛੇ, ਜੈਤੋ ।

Listen Live

Subscription Radio Punjab Today

Our Facebook

Social Counter

  • 15697 posts
  • 0 comments
  • 0 fans

Log In