ਐੱਸ.ਏ.ਐੱਸ.ਨਗਰ (ਮੋਹਾਲੀ), 30 ਦਸੰਬਰ – ਇੱਥੋਂ ਦੇ ਫ਼ੇਜ਼ 10 ਵਿਖੇ ਇੰਡੀਅਨ ਜਵੈਲਰੀ ਸ਼ਾਪ ਵਿਖੇ ਕਰੀਬ ਚਾਰ ਨਕਾਬਪੋਸ਼ਾਂ ਵੱਲੋਂ ਡਕੈਤੀ ਕੀਤੀ ਗਈ। ਜਾਣਕਾਰੀ ਅਨੁਸਾਰ, ਇਸ ਡਕੈਤੀ ਨੂੰ ਅੰਜਾਮ ਦੇਣ ਵਾਲੇ ਚਾਰ ਨਕਾਬਪੋਸ਼ ਹਥਿਆਰਬੰਦ ਕਾਰ ‘ਚ ਸਵਾਰ ਹੋ ਕੇ ਗਹਿਣਿਆਂ ਦੀ ਦੁਕਾਨ ਅੰਦਰ ਦਾਖਲ ਹੋਏ ਅਤੇ ਉਨ੍ਹਾਂ ਦੁਕਾਨ ਦੇ ਮਾਲਕ ਰਜੇਸ਼ ਅਤੇ ਅਭੈ ਨੂੰ ਬੰਦਕ ਬਣਾ ਕੇ ਸ਼ੋਅਰੂਮ ‘ਚ ਪਏ ਸਾਰੇ ਗਹਿਣੇ ਅਤੇ ਸੋਨਾ ਲੁੱਟ ਕੇ ਮੌਕੇ ਤੋਂ ਫ਼ਰਾਰ ਹੋ ਗਏ। ਇਸ ਸਬੰਧੀ ਜ਼ਿਲ੍ਹਾ ਐੱਸ.ਏ.ਐੱਸ. ਨਗਰ ਦੇ ਜਵੈਲਰ ਐਸੋਸੀਏਸ਼ਨ ਦੇ ਪ੍ਰਧਾਨ ਸਰਬਜੀਤ ਸਿੰਘ ਪਾਰਸ ਨੇ ਦੱਸਿਆ ਕਿ ਉਕਤ ਚਾਰੇ ਲੁਟੇਰਿਆਂ ਕੋਲ ਪਿਸਤੌਲ ਸਨ, ਜਿਨ੍ਹਾਂ ਨੇ ਆਉਂਦੇ ਸਾਰ ਇੱਥੇ ਮੌਜੂਦ ਲੋਕਾਂ ਨੂੰ ਪਿਸਤੌਲ ਦਿਖਾ ਕੇ ਦਹਿਸ਼ਤ ਫੈਲਾਉਂਦੇ ਹੋਏ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਉਨ੍ਹਾਂ ਦੱਸਿਆ ਕਿ ਲੁਟੇਰਿਆਂ ਵੱਲੋਂ ਕਰੀਬ 40 ਤੋਂ 50 ਲੱਖ ਰੁਪਏ ਦੀ ਕੀਮਤ ਦੇ ਸੋਨੇ ਅਤੇ ਚਾਂਦੀ ਦੇ ਗਹਿਣੇ ਲੁੱਟੇ ਗਏ ਹਨ। ਇਸ ਡਕੈਤੀ ਸਬੰਧੀ ਜਾਣਕਾਰੀ ਮਿਲਦੇ ਸਾਰ ਜ਼ਿਲ੍ਹਾ ਪੁਲਿਸ ਮੁਖੀ ਕੁਲਦੀਪ ਸਿੰਘ ਚਹਿਲ, ਡੀ. ਐੱਸ. ਪੀ. ਸਿਟੀ 2 ਰਮਨਦੀਪ ਸਿੰਘ ਸਮੇਤ ਭਾਰੀ ਪੁਲਿਸ ਫੋਰਸ ਮੌਕੇ ‘ਤੇ ਪਹੁੰਚੀ ਪੁਲਿਸ ਵੱਲੋਂ ਸ਼ਹਿਰ ਅੰਦਰ ਵੱਖ-ਵੱਖ ਥਾਵਾਂ ‘ਤੇ ਨਾਕੇਬੰਦੀ ਕਰਨ ਤੋਂ ਇਲਾਵਾ ਆਸਪਾਸ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਘਾਲੀ ਜਾ ਰਹੀ ਹੈ।