Menu

ਨੌਜਵਾਨਾਂ ਵਿੱਚ ਬੇਰੁਜ਼ਗਾਰੀ ‘ਤੇ ਸਿਆਸਤ

ਕਿਸੇ ਵੀ ਦੇਸ਼ ਦੀ ਖੁਸ਼ਹਾਲੀ ਅਤੇ ਤਰੱਕੀ ਦੋ ਤਰ੍ਹਾਂ ਦੇ ਪੁੰਜੀ ਸਾਧਨਾਂ ‘ਤੇ ਨਿਰਭਰ ਕਰਦੀ ਹੈ- ਮਸ਼ੀਨੀ ਪੁੰਜੀ ਅਤੇ ਮਨੁੱਖੀ ਪੁੰਜੀ।ਇਹ ਦੋਵੇਂ ਤਰ੍ਹਾਂ ਦੀ ਪੁੰਜੀ ਦੇਸ਼ ਦੀ ਆਰਥਿਕਤਾ ਦਾ ਮੁੱਢਲਾ ਅਧਾਰ ਹੁੁੰਦੀ ਹੈ। ਜਿੱਥੇ ਮਸ਼ੀਨੀ ਪੁੰਜੀ ਬਹੁਤ ਹੀ ਥੋੜੇ ਸਮੇਂ ਵਿੱਚ ਕੰਮ ਨੂੰ ਤੇਜੀ ਨਾਲ ਕਰਕੇ ਦੇਸ਼ ਦੇ ਵਿਕਾਸ ਦੀ ਗਤੀ ਨੂੰ ਤੇਜ਼ ਕਰਦੀ ਹੈ, ਉੱਥੇ ਮਨੁੱਖੀ ਪੁੰਜੀ ਇਹਨਾਂ ਮਸ਼ੀਨੀ ਸਾਧਨਾਂ ਦੀ ਸੁਯੋਗ ਵਰਤੋਂ ਕਰਨ ਲਈ ਅਤਿ ਜ਼ਰੂਰੀ ਹੈ। ਜਿਸ ਨਾਲ ਦੇਸ਼ ਵਿੱਚ ਰੁਜ਼ਗਾਰ ਦੇ ਸਾਧਨਾਂ ਦਾ ਸੰਤੁਲਨ ਬਣਿਆ ਰਹੇ। ਸੰਸਾਰ ਦੇ ਉਹ ਸਾਰੇ ਦੇਸ਼ ਅੱਜ ਵਿਕਾਸ ਦੇ ਸਿਖਰਾਂ ‘ਤੇ ਹਨ ਜਿੰਨਾ ਨੇ ਦੋਵੇਂ ਤਰ੍ਹਾਂ ਦੇ ਪੁੰਜੀ ਸਾਧਨਾਂ ਦਾ ਸੰਤੁਲਨ ਬਣਾ ਕੇ ਆਪਣੇ ਅਰਥਚਾਰੇ ਦਾ ਵਿਕਾਸ ਕੀਤਾ।ਜੇਕਰ ਗੱਲ ਕਰੀਏ ਸਾਡੇ ਭਾਰਤ ਦੇਸ਼ ਦੀ ਤਾਂ ਇੱਥੇ ਮਸ਼ੀਨੀ ਸਾਧਨਾਂ ਦੀ ਵਰਤੋਂ ਤਾਂ ਹੁੁੰਦੀ ਐ ਪ੍ਰੰਤੂ ਮਨੁੱਖੀ ਪੁੰਜੀ ਦੀ ਵਰਤੋਂ ਦਿਨੋਂ ਦਿਨ ਘਟਦੀ ਜਾ ਰਹੀ ਹੈ। ਜਿਸ ਦੇ ਸਿੱਟੇ ਵਜੋਂ ਭਾਰਤ ਦੇ ਲੱਗਭੱਗ ਹਰ ਰਾਜ ਵਿੱਚ ਬੇਰੁਜ਼ਗਾਰਾਂ ਦੀ ਗਿਣਤੀ ਦਿਨੋਂ ਦਿਨ ਚਿੰਤਾਜਨਕ ਪੱਧਰ ਤੱਕ ਪੁੱਜਦੀ ਜਾ ਰਹੀ ਹੈ। ਜਿੱਥੋਂ ਤੱਕ ਪੰਜਾਬ ਦੀ ਗੱਲ ਹੈ ਤਾਂ ਸਾਰੇ ਸੂਬਿਆਂ ਨਾਲੋਂ ਬੇਰੁਜ਼ਗਾਰੀ ‘ਚ ਪੰਜਾਬ ਪਹਿਲੇ ਨੰਬਰ ‘ਤੇ ਆਉਂਦਾ ਹੈ। ਪੰਜਾਬ ‘ਚ ਲੱਖਾਂ ਨੌਜਵਾਨ ਉੱਚ ਡਿਗਰੀਆਂ ਹਾਸਿਲ ਕਰਕੇ ਨੌਕਰੀਆਂ ਲਈ ਭਟਕ ਰਹੇ ਹਨ। ਬੇਰੁਜ਼ਗਾਰੀ ਦਾ ਮੰਜ਼ਰ ਕੁਝ ਇਸ ਤਰ੍ਹਾ ਹੈ ਕਿ ਐੱਮ.ਏ., ਬੀ.ਐੱਡ., ਐੱਮ.ਐੱਡ., ਐੱਮ.ਫਿਲ., ਪੀ.ਐੱਚ.ਡੀ., ਐੱਮ.ਟੈੱਕ., ਇੰਜੀਨੀਅਰਿੰਗ ਵਰਗੀਆਂ ਉੱਚ ਪੜ੍ਹਾਈਆਂ ਕਰਕੇ ਵੀ ਨੌਜਵਾਨ ਚਪੜਾਸੀ ਜਾਂ ਦਰਜਾ ਚਾਰ ਕਰਮਚਾਰੀਆਂ ਦੀਆਂ ਪੋਸਟਾਂ ਭਰਨ ਲਈ ਕਤਾਰਾਂ ‘ਚ ਖੜ੍ਹੇ ਆਮ ਹੀ ਦੇਖਣ ਨੂੰ ਮਿਲਦੇ ਹਨ। ਆਪਣੀ ਪੜ੍ਹਾਈ ਤੇ ਲੱਖਾਂ ਰੁਪਏ ਖਰਚ ਕਰਨ ਮਗਰੋਂ ਵੀ ਨੌਜਵਾਨਾਂ ਨੂੰ ਆਪਣਾ ਭਵਿੱਖ ਧੁੰਦਲਾ ਹੀ ਨਜ਼ਰ ਆ ਰਿਹਾ ਹੈ ਤੇ ਜਦੋਂ ਇਹ ਰੁਜ਼ਗਾਰ ਮੰਗਣ ਲਈ ਸਰਕਾਰਾਂ ਵਿਰੁੱਧ ਸੜਕਾਂ ਤੇ ਉੱਤਰਦੇ ਹਨ ਤਾਂ ਇਹਨਾ ਤੇ ਡਾਂਗਾਂ ਵਰ੍ਹਾਅ ਕੇ ਇਹ ਅਹਿਸਾਸ ਕਰਾਇਆ ਜਾਂਦਾ ਹੈ ਕਿ ਇਹ ਦੇਸ਼ ਦੇ ਨਕਾਰੇ ਹੋਏ ਅੰਗ ਹਨ। ਜਿਸ ਦੇ ਨਤੀਜੇ ਵਜੋਂ ਅੱਜ ਨੌਜਵਾਨ ਐਸੇ ਰਾਸਤੇ ਤੇ ਆ ਖੜ੍ਹੇ ਨੇ ਜਿਸ ਦੇ ਆਉਣ ਵਾਲੇ ਸਮੇਂ `ਚ ਬਹੁਤ ਹੀ ਖਤਰਨਾਕ ਸਿੱਟੇ ਨਿੱਕਲਣਗੇ।
1. ਬਹੁਤੇ ਨੌਜਵਾਨਾਂ ਨੇ ਪੰਜਾਬ ਵਿੱਚ ਆਪਣੀਆਂ ਡਿਗਰੀਆਂ ਦੇ ਅਨੁਸਾਰ ਰੁਜ਼ਗਾਰ ਨਾ ਮਿਲਦਾ ਵੇਖ ਆਪਣੇ ਭਵਿੱਖ `ਤੇ ਪੱਕੇ ਰੁਜ਼ਗਾਰ ਦੀ ਤਲਾਸ ਵਿੱਚ ਵਿਦੇਸ ਵੱਲ ਜਾਣ ਦਾ ਰੁੱਕ ਫੜ੍ਹ ਲਿਆ ਹੈ।ਜਿਸ ਦੀ ਗਵਾਹੀ ਦਿਨੋਂ ਦਿਨ ਵਧ ਰਹੇ ਆਈਲੈਟਸ ਸੈਂਟਰ ਅਤੇ ਕਾਲਜਾਂ ਦੀ ਘਟਦੀ ਗਿਣਤੀ ਭਰਦੇ ਹਨ। ਜਿਸ ਦੇ ਨਤੀਜੇ ਵਜੋਂ ਕਾਬਿਲ `ਤੇ ਤੇਜ਼ ਦਿਮਾਗ ਵਾਲੀ ਮਨੁੱਖੀ ਪੂੰਜੀ ਤਾ ਪੰਜਾਬ `ਚੋਂ ਘਟ ਹੀ ਰਹੀ ਆ, ਨਾਲ ਨਾਲ ਸਾਡੇ ਦੇਸ਼ ਦਾ ਪੈਸ਼ਾ ਵੀ ਵਿਦੇਸ਼ਾਂ ਵਿੱਚ ਜਾ ਰਿਹਾ ਹੈ। ਸੋ ਪੰਜਾਬ ਵਿਕਾਸ ਪੱਖੋਂ ਪਛੜ ਕੇ ਖਾਲੀ ਹੋ ਰਿਹਾ ਹੈ।
2. ਜਿਹੜੇ ਨੌਜਵਾਨ ਕਿਸੇ ਵਜ੍ਹਾ ਕਰਕੇ ਵਿਦੇਸ਼ ਨਹੀਂ ਜਾ ਸਕਦੇ ਉਹਨਾਂ ਵਿੱਚੋਂ ਬਹੁਤੇ ਬੇਰੁਜ਼ਗਾਰੀ ਦੇ ਅਹਿਸਾਸ ਕਰਕੇ ਦਿਨ-ਬ-ਦਿਨ ਮਾਨਸਿਕ ਨਿਰਾਸਤਾ ਵੱਲ ਜਾ ਰਹੇ ਹਨ। ਪ੍ਰਾਈਵੇਟ ਸੈਕਟਰ `ਚ ਬਹੁਤ ਘੱਟ ਤਨਖਾਹ `ਤੇ ਕੰਮ ਕਰਨਾ ਪੈਂਦਾ ਹੈ ਅਤੇ ਨੌਜਵਾਨਾਂ ਦਾ ਸ਼ੋਸ਼ਣ ਵਧ ਰਿਹਾ ਹੈ। ਕਈ ਤਾਂ ਉੱਚ ਡਿਗਰੀਆਂ ਪ੍ਰਾਪਤ ਦਿਹਾੜੀਆਂ ਵੀ ਕਰਦੇ ਆਮ ਵੇਖੇ ਜਾਂਦੇ ਹਨ।ਜਿਸ ਦੇ ਸਿੱਟੇ ਵਜੋਂ ਉਹ ਰਾਸਤੇ ਤੋਂ ਭਟਕ ਜਾਂਦੇ ਹਨ ਜਾ ਫਿਰ ਨਸ਼ਿਆਂ ਦੀ ਦਲਦਲ `ਚ ਗਰਕ ਜਾਦੇ ਹਨ। ਇਸ ਤਰ੍ਹਾਂ ਉਹਨਾਂ ਦੀ ਜ਼ਿੰਦਗੀ ਬਦ ਤੋਂ ਬਦਤਰ ਹੁੰਦੀ ਜਾਂਦੀ ਹੈ।
ਐਥੇ ਸਾਡੇ ਜ਼ਿਹਨ `ਚ ਸਵਾਲ ਉੱਠਦਾ ਹੈ ਕਿ ਆਖਿਰ ਨੌਜਵਾਨਾਂ ਦੀ ਇਹੋ ਜਹੀ ਹਾਲਤ ਲਈ ਕੌਣ ਜ਼ਿੰਮੇਵਾਰ ਹਨ…? ਕਿਤੇ ਨਾ ਕਿਤੇ ਸਾਨੂੰ ਇਹਨਾਂ ਸਵਾਲਾਂ ਦੇ ਜਵਾਬ ਜ਼ਰੂਰ ਲੱਭਣੇਂ ਚਾਹੀਦੇ ਹਨ। ਜੇਕਰ ਅਸੀਂ ਪੰਜਾਬ ਦੀ ਬੇਰੁਜ਼ਗਾਰੀ ਦੀ ਗੱਲ ਕਰੀਏ ਤਾਂ ਸਿੱਧੇ ਤੌਰ `ਤੇ ਕਹਿ ਸਕਦੇ ਹਾਂ ਕਿ ਸਾਡੀਆਂ ਨਿਕੰਮੀਆਂ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ਨੌਜਵਾਨਾਂ ਦੀ ਇਸ ਤਰਾਸਦੀ ਲਈ ਸਿੱਧੇ ਤੌਰ ਤੇ ਜ਼ਿੰਮੇਵਾਰ ਹਨ। ਸਾਡੀਆਂ ਸਰਕਾਰਾਂ ਧੜਾਧੜ ਡਿਗਰੀ ਕਾਲਜ, ਯੂਨੀਵਰਸਿਟੀਆਂ ਖੋਲ੍ਹ ਕੇ ਆਪਣੇ ਖ਼ਜਾਨੇ ਭਰਨ `ਚ ਮਸਰੂਫ ਹਨ ਪਰ ਰੁਜ਼ਗਾਰ ਦਾ ਕੋਈ ਵੀ ਪੁਖਤਾ ਪੈਮਾਨਾ ਤੈਅ ਨਹੀ ਕੀਤਾ। ਸਰਕਾਰਾਂ ਨੂੰ ਤਾਂ ਸਿਰਫ ਆਪਣੇ ਵੋਟ ਹਿੱਤ ਹੀ ਪਿਆਰੇ ਹਨ ਜਵਾਨੀ ਦੇ ਭਵਿੱਖ ਨਾਲ ਉਹਨਾਂ ਨੂੰ ਕੋਈ ਸਰੋਕਾਰ ਨਹੀਂ। ਪਹਿਲਾਂ ਤਾਂ ਸਰਕਾਰ ਆਪਣੇ ਸਾਸ਼ਨ ਕਾਲ ਦੇ ਪਹਿਲੇ ਦੋ ਤਿੰਨ ਸਾਲ ਕੋਈ ਵੀ ਸਰਕਾਰੀ ਭਰਤੀ ਨਹੀਂ ਕੱਢਦੀ, ਜੇਕਰ ਕੱਢਦੀ ਵੀ ਹੈ ਤਾਂ ਇਹਨਾਂ ਦੇ ਹਰ ਸਾਲ ਨਵੇਂ ਨਿਯਮ ਬਣਾਏ ਜਾਂਦੇ ਹਨ।ਜਿਸ ਕਾਰਨ ਲੱਖਾਂ ਦੀ ਗਿਣਤੀ `ਚ ਨੌਜਵਾਨ ਇਹਨਾਂ ਨਿਯਮਾਂ ਨੂੰ ਪੂਰਾ ਨਾ ਕਰਦੇ ਹੋਏ ਅਯੋਗ ਸਿੱਧ ਕੀਤੇ ਜਾਂਦੇ ਹਨ, ਜਾਂ ਫਿਰ ਉਹਨਾਂ ਦੀ ਯੋਗਤਾ ਨੂੰ ਪਰਖਣ ਲਈ ਬਹੁਤ ਸਾਰੇ ਕੰਪੀਟੀਸ਼ਨ ਟੈਸਟ ਲਏ ਜਾਂਦੇ ਹਨ।ਸੋ ਸਵਾਲ ਇਹ ਵੀ ਉੱਠਦਾ ਕਿ ਜੋ ਵਿਦਿਆਰਥੀ ਪੰਜਾਬ `ਚ ਯੋਗ ਨਹੀਂ ਮੰਨੇ ਜਾਂਦੇ ਉਹ ਵਿਦੇਸ਼ਾਂ `ਚ ਕਿਵੇਂ ਕਾਬਿਲ ਸਾਬਿਤ ਹੁੰਦੇ ਹਨ।
ਹਾਲੇ ਵੀ ਸਮਾਂ ਹੈ ਕਿ ਸਾਡੀਆਂ ਸਰਕਾਰਾਂ ਅਤੇ ਸਮਾਜ ਨੂੰ ਇਹਨਾਂ ਬੇਰੁਜ਼ਗਾਰਾਂ ਪ੍ਰਤੀ ਸੰਜਦੀਗੀ ਨਾਲ ਸੋਚਣਾ ਪੈਣਾ ਨਹੀਂ ਤਾਂ ਉਹ ਦਿਨ ਦੁਰ ਨਹੀਂ ਜਦੋਂ ਸਾਡੇ ਪੰਜਾਬ ਦੀ ਸਾਰੀ ਹੀ ਚੰਗੀ ਕਰੀਮ ਵਿਦੇਸ਼ਾ `ਚ ਚਲੀ ਜਾਵੇਗੀ ਅਤੇ ਇੱਥੇ ਸਿਰਫ ਨਸ਼ੇੜੀ, ਬਜ਼ੁਰਗ ਅਤੇ ਪਰਵਾਸੀ ਹੀ ਨਜ਼ਰ ਆਉਣਗੇ। ਜੇਕਰ ਅਸੀਂ ਆਪਣੇ ਪੰਜਾਬ `ਤੇ ਪੰਜਾਬੀਅਤ ਦੀ ਹੋਂਦ ਨੂੰ ਬਰਕਰਾਰ ਰੱਖਣਾ ਹੈ ਤਾ ਸਾਨੂੰ ਨੌਜਵਾਨਾਂ ਦੇ ਰੁਜ਼ਗਾਰ ਲਈ ਸਹੀ ਪੈਮਾਨੇ ਤੈਅ ਕਰਨੇ ਪੈਣਗੇ।

 

Listen Live

Subscription Radio Punjab Today

Our Facebook

Social Counter

  • 18901 posts
  • 1 comments
  • 0 fans

Log In