-ਹਰਮੇਲ ਪਰੀਤ
ਫ਼ਿਲਮ ਸ਼ੋਅਲੇ ਦੇਖਣ ਗਏ ਸੱਤਾਂ ਸਾਲਾਂ ਦੇ ਇੱਕ ਮੁੰਡੇ ਨੇ ਮਨ ਵਿਚ ਧਾਰ ਲਿਆ ਕਿ ਉਹ ਫ਼ਿਲਮਾਂ ਬਣਾਵੇਗਾ ਤੇ 43 ਸਾਲਾਂ ਬਾਅਦ ਉਹ ਫ਼ਿਲਮਸਾਜ਼ਾਂ ਦੀ ਕਤਾਰ ਵਿਚ ਸ਼ਾਮਲ ਹੋ ਗਿਆ। ਇਸੇ ਦੌਰਾਨ ਕਲਾ ਦੇ ਕੁੱਝ ਹੋਰ ਖੇਤਰਾਂ ਵਿੱਚ ਉਸਨੇ ਨਾਮਣਾ ਖੱਟਿਆ। ਜਿਸ ਸ਼ਖ਼ਸ ਬਾਰੇ ਦਾ ਜ਼ਿਕਰ ਹੋ ਰਿਹੈ ਉਹ ਆਪਣੇ ਬਾਰੇ ਇੱਕ ਗੀਤ ਵਿਚ ਲਿਖਦੈ :
ਪਿੰਡ ਮੇਰਾ ਵੱਡਾ ਘੋਲੀਆ,
ਮੁੰਡੇ ਕਹਿਣ ਮੈਨੂੰ ਗਿੱਲ ਬਾਈ£
ਕਾਮਰੇਡ ਸੁਰਜੀਤ ਗਿੱਲ ਦਾ ਫਰਜ਼ੰਦ ਅਮਰਦੀਪ ਸਿੰਘ ਗਿੱਲ ਬਚਪਨ ‘ਚ ਬਾਪੂ ਨਾਲ ਸਾਈਕਲ ਦੇ ਡੰਡੇ ‘ਤੇ ਬਹਿਕੇ ਸਿਨਮੇਂ ਫ਼ਿਲਮ ਦੇਖਣ ਜਾਂਦਾ ਹੁੰਦਾ ਸੀ। ਫ਼ਿਲਮ ਸ਼ੋਅਲੇ ਦੇਖੀ ਤਾਂ ਸੋਚ ਲਿਆ ‘ਮੈਂ ਵੀ ਫ਼ਿਲਮਾਂ ਬਣਾਇਆ ਕਰਾਂਗਾ।’ ਬਾਪੂ ਨੂੰ ਪੁੱਛਿਆ ਕਿ ਫ਼ਿਲਮਾਂ ਕਿਵੇਂ ਬਣਦੀਐਂ, ਕੌਣ ਬਣਾਉਂਦੈ? ਬਾਪੂ ਨੇ ਉਸਨੂੰ ਸਮਝਾਇਆ ਕਿ ਫ਼ਿਲਮਾਂ ਕਿਹੜੇ-ਕਿਹੜੇ ਪੜਾਵਾਂ ‘ਚੋਂ ਲੰਘ ਕੇ ਪਰਦੇ ਤੱਕ ਪਹੁੰਚਦੀਆਂ ਹਨ। ਇਹਨਾਂ ਲਈ ਕਹਾਣੀਕਾਰ ਕਹਾਣੀ ਲਿਖਦੈ, ਨਿਰਦੇਸ਼ਕ ਉਸ ਕਹਾਣੀ ਨੂੰ ਕਲਾਕਾਰਾਂ ਰਾਹੀਂ ਪਰਦੇ ‘ਤੇ ਉਤਾਰਦੈ। ਉਦੋਂ ਤੋਂ ਉਹ ਫ਼ਿਲਮੀਂ ਕਹਾਣੀਆਂ ਵਿਉਂਤਣ ਲੱਗ ਪਿਆ। ਪਰ ਉਸਦੀ ਪਹਿਲੀ ਪਛਾਣ ਇਕ ਸ਼ਾਇਰ ਵਜੋਂ ਬਣੀ। ਉਸ ਦੀਆਂ ਕਵਿਤਾਵਾਂ ਦੀ ਕਿਤਾਬ ‘ਅਰਥਾਂ ਦਾ ਜੰਗਲ’ ਚਰਚਾ ਵਿੱਚ ਰਹੀ। ਇੱਕ ਗੀਤ ਸੰਗ੍ਰਿਹ ‘ਸਿੱਲੀ ਸਿੱਲੀ ਹਵਾ’ ਵੀ ਪ੍ਰਕਾਸ਼ਤ ਹੋਇਆ ਹੈ। ਇਕ ਅਦਬੀ ਰਸਾਲਾ ਸੰਪਾਦਤ ਵੀ ਕਰਦਾ ਰਿਹਾ। ਉਸਦੀ ਪ੍ਰਤਿਭਾ ਦਾ ਇਕ ਹੋਰ ਰੰਗ ਉਭਰਿਆ ਗੀਤਕਾਰ ਵਜੋਂ। ਹੰਸ ਰਾਜ ਹੰਸ ਦੀ ਆਵਾਜ ‘ਚ ਉਸਦਾ ਗੀਤ ‘ਸਿੱਲੀ ਸਿੱਲੀ ਆਉਂਦੀ ਐ ਹਵਾ, ਕਿਤੇ ਕੋਈ ਰੋਂਦਾ ਹੋਵੇਗਾ’ ਰਿਕਾਰਡ ਹੋਇਆ ਤਾਂ ਸੰਗੀਤ ਪ੍ਰੇਮੀ ਉਸ ਦੀ ਲੇਖਣੀ ਵੱਲ ਖਿੱਚੇ ਗਏ। ਉਸ ਦੇ ਅਨੇਕਾਂ ਗੀਤ ਹੰਸ ਰਾਜ ਹੰਸ, ਅਮਰਿੰਦਰ ਗਿੱਲ, ਰਾਣੀ ਰਣਦੀਪ, ਲਹਿੰਬਰ ਹੁਸੈਨਪੁਰੀ, ਗੋਰਾ ਚੱਕ ਵਾਲਾ, ਰੌਸ਼ਨ ਪ੍ਰਿੰਸ, ਦਵਿੰਦਰ ਕੋਹੇਨੂਰ, ਕੁਲਦੀਪ ਰਸੀਲਾ, ਮੀਨੂੰ ਸਿੰਘ ਆਦਿ ਅਨੇਕ ਕਲਾਕਾਰਾਂ ਦੀਆਂ ਆਵਾਜ਼ਾਂ ‘ਚ ਰੀਕਾਰਡ ਹੋਏ ਤੇ ਪਸੰਦ ਕੀਤੇ ਗਏ। ਇਹਨਾਂ ਵਿਚ :
• ਇਹ ਜੋ ਸਿੱਲੀ ਸਿੱਲੀ ਆਉਂਦੀ ਏ ਹਵਾ (ਹੰਸ ਰਾਜ ਹੰਸ)
• ਕੁੜੀਆਂ ਤਾਂ ਕੁੜੀਆਂ ਨੇ (ਹੰਸ ਰਾਜ ਹੰਸ)
• ਇਹ ਪੰਜਾਬ ਵੀ ਮੇਰਾ ਏ, ਓ ਪੰਜਾਬ ਵੀ ਮੇਰਾ ਏ (ਹੰਸ ਰਾਜ ਹੰਸ)
• ਜੇ ਮਿਲੇ ਉਹ ਕੁੜੀ (ਅਮਰਿੰਦਰ ਗਿੱਲ)
• ਇਸਕੇ ਦੀ ਮਾਰ – (ਰਾਣੀ ਰਣਦੀਪ)
• ਦੁੱਖ ਬੋਲ ਜੇ ਦੱਸਿਆ (ਹੰਸ ਰਾਜ ਹੰਸ)
• ਦਿਲ ਕਚ ਦਾ (ਰਾਣੀ ਰਣਦੀਪ)
• ਕਿਹੜੇ ਪਿੰਡ ਦੀ ਤੂੰ ਨੀ (ਲਹਿੰਬਰ ਹੁਸੈਨਪੁਰੀ)
• ਕੀ ਬੀਤੀ ਸਾਡੇ ਨਾਲ (ਸਲੀਮ)
• ਮੁਹੱਬਤਾਂ ਦੇ ਘਰ (ਰਾਣੀ ਰਣਦੀਪ)
• ਨਾ ਤੂੰ ਕੁਝ ਖੱਟਿਆ (ਰੋਸਨ ਪ੍ਰਿੰਸ ਅਤੇ ਅਰਸਪ੍ਰੀਤ ਕੌਰ)
• ਆਉਂਦੀ ਕੁੜੀਏ ਜਾਂਦੀ ਕੁੜੀਏ (ਕੁਲਦੀਪ ਰਸੀਲਾ ਅਤੇ ਡੌਲੀ ਸਿੱਧੂ)
• ਮੇਰੇ ਵੀਰ ਭਗਤ ਸਿੰਘ ਸੇਰਾ ਵੇ (ਮੀਨੂ ਸਿੰਘ)
ਗਾਇਕ ਅਮਰਿੰਦਰ ਗਿੱਲ ਨੂੰ ਮਕਬੂਲ ਕਰਨ ਵਿੱਚ ਅਮਰਦੀਪ ਸਿੰਘ ਗਿੱਲ ਦੇ ਗੀਤਾਂ ਦਾ ਵੱਡਾ ਯੋਗਦਾਨ ਰਿਹੈ। ਅਮਰਿੰਦਰ ਗਿੱਲ ਦੀ ਪਹਿਲੀ ਫ਼ਿਲਮ ‘ਇੱਕ ਕੁੜੀ ਪੰਜਾਬ ਦੀ’ ਲਈ ਵੀ ਅਮਰਦੀਪ ਨੇ ਗੀਤ ਲਿਖੇ ਪਰ ਇਸ ਤੋਂ ਬਾਅਦ Àਸਦੀ ਕਿਸੇ ਫ਼ਿਲਮ ਵਿੱਚ ਗਿੱਲ ਦੇ ਗੀਤ ਨਹੀਂ ਸੁਣਾਈ ਦਿੱਤੇ।
ਫ਼ਿਲਮ ਨਿਰਦੇਸ਼ਨ ਵਿੱਚ ਉਸ ਨੇ ਲਘੂ ਫ਼ਿਲਮਾਂ ਨਾਲ ਕੀਤੀ। ਰਾਮ ਸਰੂਪ ਅਣਖੀ ਦੀ ਕਹਾਣੀ ‘ਸੁੱਤਾ ਨਾਗ’ ਤੇ ਗੁਰਬਚਨ ਸਿੰਘ ਭੁੱਲਰ ਦੀ ਕਹਾਣੀ ‘ਖੂਨ’ ‘ਤੇ ਅਧਾਰਤ ਲਘੂ ਫ਼ਿਲਮਾਂ ਬਣਾਈਆਂ। ਫ਼ਿਲਮ ‘ਯੋਧਾ’ ਦਾ ਉਹ ਸਹਿ ਲੇਖਕ ਸੀ।
ਪਿਛਲੇ ਸਾਲ ‘ਜੋਰਾ ਦਸ ਨੰਬਰੀਆ’ ਨਾਲ ਉਸਨੇ ਬਾਕਾਇਦਾ ਫ਼ਿਲਮਸਾਜੀ ਦੇ ਖੇਤਰ ਵਿੱਚ ਪ੍ਰਵੇਸ਼ ਕਰ ਲਿਆ। ਫ਼ਿਲਮ ਨੂੰ ਸਿਨੇਮਾ ਘਰਾਂ ਵਿਚ ਭਾਵੇਂ ਮੱਠਾ ਹੁੰਘਾਰਾ ਮਿਲਿਆ ਪਰ ਹੋਰ ਸਾਧਨਾਂ ਰਾਹੀਂ ਇਹ ਫ਼ਿਲਮ ਵੱਡੇ ਪੱਧਰ ‘ਤੇ ਦੇਖੀ ਤੇ ਸਲਾਹੀ ਗਈ। ਇਸੇ ਫ਼ਿਲਮ ਦਾ ਦੂਜਾ ਭਾਗ ‘ਜੋਰਾ- ਦੂਜਾ ਅਧਿਆਏ’ ਅਗਲੇ ਸਾਲ 6 ਮਾਰਚ ਨੂੰ ਰਿਲੀਜ ਹੋਵੇਗਾ।
ਅਮਰਦੀਪ ਸਿੰਘ ਗਿੱਲ ਨੇ ਦੱਸਿਆ ਕਿ ਦੂਜੇ ਭਾਗ ਜੋਰੇ ਦੇ ਰਾਜਨੀਤਕ ਜੀਵਨ ਨੂੰ ਪੇਸ਼ ਕਰੇਗੀ ਅਤੇ ਇਹ ਫ਼ਿਲਮ ਤਿੰਨ ਭਾਗਾਂ ਵਿੱਚ ਮੁਕੰਮਲ ਹੋਵੇਗੀ। ਦੂਜੇ ਭਾਗ ਵਿੱਚ ਜੋਰੇ (ਦੀਪ ਸਿੱਧੂ) ਦੇ ਮੁੱਖ ਵਿਰੋਧੀ ਦੇ ਰੂਪ ਵਿੱਚ ਗਾਇਕ ਸਿੰਗਾ ਪਰਦੇ ‘ਤੇ ਨਜ਼ਰ ਆਵੇਗਾ। ਇਸੇ ਦੌਰਾਨ ਗਿੱਲ ਨੇ ਆਪਣੀ ਅਗਲੀ ਫ਼ਿਲਮ ਮਰਜਾਣੇ ਦਾ ਐਲਾਨ ਕੀਤਾ ਹੈ। ਅਮਰਦੀਪ ਸਿੰਘ ਗਿੱਲ ਦੀ ਲਿਖੀ ਤੇ ਨਿਰਦੇਸ਼ਤ ਇਸ ਫ਼ਿਲਮ ਵਿਚ ਗਾਇਕ ਸਿੱਪੀ ਗਿੱਲ ਮੁੱਖ ਭੂਮਿਕਾ ‘ਚ ਨਜ਼ਰ ਆਵੇਗਾ ਫ਼ਿਲਮ ਅਗਲੇ ਸਾਲ ਮਈ ‘ਚ ਪਰਦਾਪੇਸ਼ ਕਰਨ ਦੀ ਯੋਜਨਾ ਹੈ।
ਛੇਤੀ ਹੀ ਅਮਰਦੀਪ ਸਿੰਘ ਗਿੱਲ ਹਿੰਦੀ ਫ਼ਿਲਮਾਂ ਬਣਾਉਣ ਵੱਲ ਵਧ ਰਿਹਾ ਹੈ। ਇਸ ਬਾਬਤ ਕੁੱਝ ਯੋਜਨਾਵਾਂ ਆਕਾਰ ਲੈ ਰਹੀਆਂ ਹਨ। ਇਸੇ ਦੌਰਾਨ ਉਸ ਦੀਆਂ ਕਵਿਤਾਵਾਂ ਤੇ ਗੀਤਾਂ ਦੀਆਂ ਕਿਤਾਬਾਂ ਦੇ ਨਵੇਂ ਐਡੀਸ਼ਨ ਵੀ ਪਾਠਕਾਂ ਦੇ ਹੱਥਾਂ ‘ਚ ਜਾਣਗੇ।
1991 ‘ਚ ਜਦੋਂ ਬਠਿੰਡੇ ਆਕਾਸ਼ਵਾਣੀ ਦਾ ਐਫ ਐਮ ਕੇਂਦਰ ਸ਼ੁਰੂ ਹੋਇਆ ਤਾਂ ਅਮਰਦੀਪ ਸਿੰਘ ਗਿੱਲ ਨੂੰ ਇਸ ਅਦਾਰੇ ਵਿੱਚ ਪੱਕੀ ਨੌਕਰੀ ਮਿਲ ਗਈ ਸੀ ਪਰ ਆਕਾਸ਼ਵਾਣੀ ਨਾਲ ਉਸਦਾ ਸਫ਼ਰ ਬਹੁਤਾ ਲੰਮਾ ਨਾ ਚੱਲਿਆ ਤੇ ਉਸ ਨੇ ਨੌਕਰੀ ਤੋਂ ਅਸਤੀਫਾ ਦੇ ਦਿੱਤਾ। ਕੁੱਝ ਵਰ•ੇ ਪਹਿਲਾਂ ਅਚਾਨਕ ਅਮਰਦੀਪ ਗਿੱਲ ਨੇ ਆਪਣੀ ਦਿੱਖ ‘ਚ ਵੱਡੀ ਤਬਦੀਲੀ ਲਿਆਂਦੀ ਥੋੜੇ ਲੰਮੇਂ ਕੱਟੇ ਵਾਲਾਂ ਵਿੱਚ ਚੀਰ ਕੱਢ ਕੇ ਰੱਖਣ ਵਾਲਾ ਅਮਰਦੀਪ ਗਿੱਲ ਦਾੜ•ੀ ਕੇਸ ਰੱਖ ਦਸਤਾਰਧਾਰੀ ਹੋ ਗਿਆ। ਨਾਂਅ ਅਮਰਦੀਪ ਗਿੱਲ ਦੀਂ ਥਾਂ ਅਮਰਦੀਪ ਸਿੰਘ ਗਿੱਲ ਹੋ ਗਿਆ। ਉਹਦਾ ਇਹ ਕਦਮ ਵੀ ਉਹਦੇ ਦੂਜੇ ਸਾਰੇ ਕਦਮਾਂ ਜਿੰਨਾ ਹੀ ਚਰਚਾ ਵਿੱਚ ਰਿਹਾ। ਅਮਰਦੀਪ ਅਨੁਸਾਰ ਉਸਦੇ ਮਾਤਾ ਪਿਤਾ ਨੂੰ ਉਹਦਾ ਵਾਲ ਕਟਵਾਉਣਾ ਪਸੰਦ ਨਹੀਂ ਸੀ ਇਸੇ ਕਰਕੇ ਉਹਨੇ ਆਪਣੀ ਦਿੱਖ ਵਿੱਚ ਬਦਲਾਅ ਲਿਆਂਦਾ।
ਅਮਰਦੀਪ ਸਿੰਘ ਗਿੱਲ ਸੁਭਾਅ ਪੱਖੋਂ ਬੜਾ ਹੀ ਜਜ਼ਬਾਤੀ ਬੰਦੈ ਪਰ ਸਿਰੜੀ ਵੀ ਸਿਰੇ ਦੈ। ਜ਼ਿੰਦਗੀ ਨੇ ਕਈ ਰੰਗ ਬਦਲੇ, ਕਈ ਕਰਵਟਾਂ ਲਈਆਂ ਪਰ ਸਭ ਰੁਕਾਵਟਾਂ ਦੀ ਹਿੱਕ ਮਿੱਧ ਕੇ ਉਹ ਆਪਣੀ ਮਿਥੀ ਮੰਜਲ ਤੱਕ ਪਹੁੰਚਣ ਲਈ ਕਰਮਸ਼ੀਲ ਹੈ। ਉਸ ਦਾ ਸਵੈ ਕਥਨ ਹੈ :
ਉਹ ਲਿਫਟ ‘ਤੇ ਆਏ ਨੇ ਮੈਂ ਪੌੜੀਆਂ ਚੜ ਕੇ ਆਇਆ ਹਾਂ!
ਬਿਖੜੇ ਰਾਹਾਂ ਵਿੱਚ ਕਿੰਨੀ ਵਾਰ ਖੜ-ਖੜ ਕੇ ਆਇਆ ਹਾਂ!
ਉਨਾਂ ਅੱਗੇ ਵਿੱਛਦੇ ਰਹੇ ਨੇ ਪਲ ਪਲ ਮੌਕੇ ਬਣ ਬਣ ਕੇ,
ਮੈਂ ਪੈਰ ਪੈਰ ਤੇ ਹਾਲਾਤਾਂ ਨਾਲ ਲੜ ਕੇ ਆਇਆ ਹਾਂ!
ਮੇਰਾ ਝੁਲਸਿਆ ਚਿਹਰਾ ‘ਤੇ ਪੈਰਾਂ ਦੇ ਛਾਲੇ ਗਵਾਹ ਮੇਰ,ੇ
ਮੈਨੂੰ ਮਾਣ ਹੈ ਯਾਰਾ ਇਹੋ ਕਿ ਮੈਂ ਰੜ ਕੇ ਆਇਆ ਹਾਂ!