Menu

ਪਾਕਿਸਤਾਨ ਨੇ ਖੜੇ ਪੈਰ ਲਿਆ ਯੂ-ਟਰਨ, ਕਰਤਾਰਪੁਰ ਸਾਹਿਬ ਆਉਣ ਲਈ ਪਾਸਪੋਰਟ ਦੀ ਸ਼ਰਤ ਕੀਤੀ ਲਾਗੂ

ਇਸਲਾਮਾਬਾਦ , 7 ਨਵੰਬਰ – ਸਿੱਖ ਖੇਮੇ ਨੂੰ ਉਸ ਵੇਲੇ ਬੜੀ ਹੈਰਾਨੀ ਹੋਈ ਜਦੋਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੀ ਸਿੱਖ ਸੰਗਤ ਲਈ ਪਾਕਿਸਤਾਨੀ ਫ਼ੌਜ ਨੇ ਆਪਣੇ ਹੀ ਦੇਸ਼ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਫ਼ੈਸਲੇ ਨੂੰ ਪਲਟ ਦਿੱਤਾ । ਪਾਕਿਸਤਾਨੀ ਫ਼ੌਜ ਦੇ ਬੁਲਾਰੇ ਮੇਜਰ ਜਨਰਲ ਆਸਿਫ਼ ਗਫ਼ੂਰ ਮੁਤਾਬਕ ਹੁਣ ਸਿੱਖ ਤੀਰਥ ਯਾਤਰੀਆਂ ਨੂੰ ਕਰਤਾਰਪੁਰ ਸਾਹਿਬ ਲਾਂਘੇ ਦੀ ਵਰਤੋਂ ਕਰਨ ਲਈ ਭਾਰਤੀ ਪਾਸਪੋਰਟ ਦੀ ਜ਼ਰੂਰਤ ਹੋਵੇਗੀ।

ਚੇਤੇ ਰਹੇ ਕਿ ਹਾਲੇ ਕੁਝ ਦਿਨ ਪਹਿਲਾਂ ਹੀ ਪ੍ਰਧਾਨ ਮੰਤਰੀ ਸ੍ਰੀ ਇਮਰਾਨ ਖ਼ਾਨ ਨੇ ਐਲਾਨ ਕੀਤਾ ਸੀ ਕਿ ਭਾਰਤੀ ਸ਼ਰਧਾਲੂਆਂ ਨੂੰ ਪਵਿੱਤਰ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਲਈ ਸਿਰਫ਼ ਕਿਸੇ ਇੱਕ ਵੈਧ ਸ਼ਨਾਖ਼ਤੀ ਕਾਰਡ ਦੀ ਜ਼ਰੂਰਤ ਹੋਵੇਗੀ।

ਪਾਕਿਸਤਾਨ ਦੇ ਪ੍ਰਸਿੱਧ ਅਖ਼ਬਾਰ ‘ਡੌਨ’ ਨੇ ‘ਹਮ’ ਨਿਊਜ਼ ਚੈਨਲ ਦੇ ਹਵਾਲੇ ਨਾਲ ਦੱਸਿਆ ਹੈ ਕਿ ਮੇਜਰ ਜਨਰਲ ਗਫ਼ੂਰ ਨੇ ਬੁੱਧਵਾਰ ਨੂੰ ਦੱਸਿਆ ਕਿ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਕਰਤਾਰਪੁਰ ਸਾਹਿਬ ਲਾਂਘੇ ਦੀ ਵਰਤੋਂ ਕਰਨ ਲਈ ਪਾਸਪੋਰਟ ਵਿਖਾਉਣਾ ਲਾਜ਼ਮੀ ਹੋਵੇਗਾ।

ਫ਼ੌਜੀ ਅਧਿਕਾਰੀ ਨੇ ਕਿਹਾ ਕਿ ਸੁਰੱਖਿਆ ਕਾਰਨਾਂ ਕਰ ਕੇ ਪਾਸਪੋਰਟ ਦੇ ਆਧਾਰ ’ਤੇ ਪਛਾਣ ਹੋਣ ਤੋਂ ਬਾਅਦ ਇਸ ਲਾਂਘੇ ਦੀ ਵਰਤੋਂ ਕੋਈ ਭਾਰਤੀ ਸਿੱਖ ਸ਼ਰਧਾਲੂ ਜਾਂ ਕੋਈ ਹੋਰ ਕਰ ਸਕੇਗਾ।

ਬੀਤੀ ਇੱਕ ਨਵੰਬਰ ਨੂੰ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਮੁਕੰਮਲ ਹੋਣ ਮੌਕੇ ਟਵਿਟਰ ’ਤੇ ਐਲਾਨ ਕਰਦਿਆਂ ਆਖਿਆ ਸੀ ਕਿ ਉਨ੍ਹਾਂ ਨੇ ਦੋ ਸ਼ਰਤਾਂ ਮਾਫ਼ ਕਰ ਦਿੱਤੀਆਂ ਹਨ। ਇਨ੍ਹਾਂ ਵਿੱਚੋਂ ਇੱਕ ਪਾਸਪੋਰਟ ਨਾਲ ਜੁੜੀ ਸ਼ਰਤ ਸੀ; ਜਦ ਕਿ ਦੂਜੀ ਸ਼ਰਤ ਭਾਰਤ ਤੋਂ ਕਰਤਾਰਪੁਰ ਸਾਹਿਬ ਤੀਰਥ–ਯਾਤਰਾ ਲਈ ਆਉਣ ਵਾਲੇ ਸਿੱਖਾਂ ਵੱਲੋਂ 10 ਦਿਨ ਪਹਿਲਾਂ ਰਜਿਸਟ੍ਰੇਸ਼ਨ ਕਰਵਾਉਣ ਨਾਲ ਜੁੜੀ ਸੀ।

ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਆਖਿਆ ਸੀ ਕਿ ਭਾਰਤ ਦੇ ਸਿੱਖ ਸ਼ਰਧਾਲੂਆਂ ਨੂੰ ਕਰਤਾਰਪੁਰ ਸਾਹਿਬ ਆਉਣ ਲਈ ਪਾਸਪੋਰਟ ਦੀ ਨਹੀਂ, ਸਗੋਂ ਇੱਕ ਵੈਧ ਸ਼ਨਾਖ਼ਤੀ ਕਾਰਡ ਦੀ ਜ਼ਰੂਰਤ ਹੋਵੇਗੀ। ਇਸ ਤੋਂ ਇਲਾਵਾ ਉਦਘਾਟਨ ਸਮਾਰੋਹ ਲਈ ਆਉਂਦੀ 12 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਇਤਿਹਾਸਕ ਗੁਰਪੁਰਬ ਮੌਕੇ ਸ਼ਰਧਾਲੂਆਂ ਤੋਂ 20 ਡਾਲਰ ਦੀ ਸਰਵਿਸ ਫ਼ੀਸ ਵੀ ਨਹੀਂ ਵਸੂਲੀ ਜਾਵੇਗੀ।

Listen Live

Subscription Radio Punjab Today

Our Facebook

Social Counter

  • 14201 posts
  • 0 comments
  • 0 fans

Log In