ਪਟਿਆਲਾ ਜ਼ਿਲ੍ਹੇ ਦੇ ਪਿੰਡ ਚਪੜ ਵਿਖੇ ਸਥਿਤ ਓਰੀਐਂਟਲ ਬੈਂਕ ਆਫ਼ ਕਾਮਰਸ ਦੇ ਏ. ਟੀ. ਐੱਮ. ‘ਚੋਂ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਲੁੱਟ ਦੀ ਇਹ ਘਟਨਾ ਬੀਤੀ ਰਾਤ 12.45 ਵਜੇ ਦੇ ਕਰੀਬ ਵਾਪਰੀ। ਇਸ ਦੌਰਾਨ ਇੱਕ ਨਕਾਬਪੋਸ਼ ਵਿਅਕਤੀ ਏ. ਟੀ. ਐੱਮ. ਦਾ ਬਾਹਰਲਾ ਸ਼ਟਰ ਤੋੜ ਕੇ ਅੰਦਰ ਦਾਖ਼ਲ ਹੋਇਆ ਅਤੇ ਸਭ ਤੋਂ ਪਹਿਲਾਂ ਉਸ ਨੇ ਸੀ. ਸੀ. ਟੀ. ਵੀ. ਕੈਮਰੇ ਦਾ ਸੰਪਰਕ ਤੋੜ ਦਿੱਤਾ। ਇਸ ਕਾਰਨ ਲੁੱਟ ਦੀ ਪੂਰੀ ਘਟਨਾ ਕੈਮਰੇ ‘ਚ ਕੈਦ ਨਹੀਂ ਹੋ ਸਕੀ। ਬੈਂਕ ਅਧਿਕਾਰੀਆਂ ਨੇ ਦੱਸਿਆ ਕਿ ਦੋ ਛੁੱਟੀਆਂ ਹੋਣ ਕਾਰਨ ਕੱਲ੍ਹ ਭਾਵ ਕਿ ਸ਼ੁੱਕਰਵਾਰ ਨੂੰ ਏ. ਟੀ. ਐੱਮ. ‘ਚ ਵੱਡੀ ਮਾਤਰਾ ‘ਚ ਰੁਪਏ ਰੱਖੇ ਗਏ ਸਨ। ਏ. ਟੀ. ਐੱਮ. ‘ਚੋਂ ਕਰੀਬ 12 ਲੱਖ, 68 ਹਜ਼ਾਰ ਰੁਪਏ ਲੁੱਟੇ ਗਏ ਹਨ। ਇਸ ਵਾਰਦਾਤ ਦਾ ਦੇਰੀ ਨਾਲ ਪਤਾ ਲੱਗਣ ਦਾ ਕਾਰਨ ਮਹੀਨੇ ਦੇ ਦੂਜੇ ਸ਼ਨੀਵਾਰ ਨੂੰ ਬੈਂਕ ‘ਚ ਛੁੱਟੀ ਹੋਣਾ ਦੱਸਿਆ ਜਾ ਰਿਹਾ ਹੈ।