ਚੰਡੀਗੜ੍ਹ ਦੇ ਸੈਕਟਰ 1 ‘ਚ ਸਥਿਤ ਪੰਜਾਬ ਸਿਵਲ ਸਕੱਤਰੇਤ ਦੀ 6ਵੀਂ ਮੰਜ਼ਲ ਤੋਂ ਅੱਜ ਇੱਕ ਵਿਅਕਤੀ ਨੇ ਛਾਲ ਮਾਰ ਦਿੱਤੀ। ਛਾਲ ਮਾਰੇ ਜਾਣ ਕਾਰਨ ਉਹ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਸੈਕਟਰ 16 ਦੇ ਹਸਪਤਾਲ ‘ਚ ਲਿਜਾਇਆ ਗਿਆ, ਜਿੱਥੇ ਕਿ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਸੈਕਟਰ 3 ਦੀ ਪੁਲਿਸ ਮੁਤਾਬਕ ਮ੍ਰਿਤਕ ਦਾ ਨਾਂ ਪਰਮਜੀਤ ਸਿੰਘ ਸੀ ਅਤੇ ਉਹ ਵਿੱਤ ਕਮਿਸ਼ਨਰ ਦਫ਼ਤਰ ਦੇ ਰਿਕਾਰਡ ਬਰਾਂਚ ਦਾ ਸੁਪਰਵਾਈਜ਼ਰ ਸੀ। ਮ੍ਰਿਤਕ ਕੋਲੋਂ ਇੱਕ ਸੁਸਾਈਡ ਨੋਟ ਵੀ ਮਿਲਿਆ ਹੈ, ਜਿਸ ‘ਚ ਉਸ ਨੇ ਬਿਮਾਰੀ ਤੋਂ ਪੀੜਤ ਹੋਣ ਦਾ ਜ਼ਿਕਰ ਕੀਤਾ ਹੈ। ਇੰਨਾ ਹੀ ਨਹੀਂ, ਉਸ ਨੇ ਸੁਸਾਈਡ ਨੋਟ ‘ਚ ਅਧਿਕਾਰੀਆਂ ਕੋਲ ਅਪੀਲ ਵੀ ਕੀਤੀ ਹੈ ਕਿ ਉਸ ਦੀ ਪੈਨਸ਼ਨ ਦਾ ਸਾਰਾ ਪੈਸਾ ਉਸ ਦੇ ਪਰਿਵਾਰ ਨੂੰ ਦਿੱਤਾ ਜਾਵੇ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਸਰਕਾਰੀ ਹਸਪਤਾਲ ‘ਚ ਰਖਵਾ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।