ਫ਼ਿਰੋਜ਼ਪੁਰ – ‘ਬੇਟੀ ਬਚਾਓ ਬੇਟੀ ਪੜ੍ਹਾਓ’ ਮੁਹਿੰਮ ਨੂੰ ਹੁਲਾਰਾ ਦੇਣ ਲਈ ਹਲਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫ਼ਿਰੋਜ਼ਪੁਰ ਸ਼ਹਿਰ ਦੀ 6ਵੀਂ ਜਮਾਤ ਦੀ ਵਿਦਿਆਰਥਣ ਖ਼ੁਸ਼ੀ ਸਪੁੱਤਰੀ ਬਾਊ ਲਾਲ ਨੂੰ ਅੱਜ ਇੱਕ ਦਿਨ ਲਈ ਸਕੂਲ ਦੀ ਪ੍ਰਿੰਸੀਪਲ ਬਣਾਇਆ ਗਿਆ। ਖ਼ੁਸ਼ੀ ਦਾ ਇਹ ਸੁਪਨਾ ਹੈ ਕਿ ਉਹ ਵੱਡੀ ਹੋ ਕੇ ਸਕੂਲ ਦੀ ਪ੍ਰਿੰਸੀਪਲ ਬਣੇ ਅਤੇ ਅੱਜ ਹਲਕਾ ਵਿਧਾਇਕ ਪਿੰਕੀ ਨੇ ਉਸ ਦਾ ਇਹ ਸੁਪਨਾ ਪੂਰਾ ਕੀਤਾ। ਇੱਥੇ ਇਹ ਦੱਸ ਦਈਏ ਕਿ ਖ਼ੁਸ਼ੀ ਵਿਸ਼ੇਸ਼ ਲੋੜਾਂ ਵਾਲੀ ਬੱਚੀ ਹੈ, ਜੋ ਇੱਕ ਗੰਭੀਰ ਬਿਮਾਰੀ ਤੋਂ ਪੀੜਤ ਹੋਣ ਕਰਕੇ 11 ਸਾਲ ਦੀ ਉਮਰ ‘ਚ ਵੀ 3 ਕੁ ਫੁੱਟ ਕੱਦ ਦੀ ਮਾਲਕ ਹੈ। ਇੰਨਾ ਹੀ ਨਹੀਂ, ਉਸ ਦੇ ਸਿਰ ‘ਤੇ ਪਿਤਾ ਦਾ ਸਾਇਆ ਨਹੀਂ ਹੈ ਅਤੇ ਉਸ ਦੀ ਮਾਤਾ ਵਲੋਂ ਹੀ ਦਿਹਾੜੀ-ਮਜ਼ਦੂਰੀ ਕਰਕੇ ਆਪਣੀਆਂ ਦੋ ਧੀਆਂ ਨੂੰ ਪੜ੍ਹਾਇਆ ਜਾ ਰਿਹਾ ਹੈ । ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਅੱਜ ਖ਼ੁਸ਼ੀ ਦੇ ਪ੍ਰਿੰਸੀਪਲ ਬਣਨ ‘ਤੇ ਜਿੱਥੇ ਉਸ ਨੂੰ ਅੱਗੇ ਪੜ੍ਹਨ ਲਈ ਵਿੱਤੀ ਸਹਾਇਤਾ ਵਜੋਂ 51 ਹਜ਼ਾਰ ਰੁਪਏ ਦੀ ਐੱਫ. ਡੀ. ਬਣਾ ਕੇ ਦਿੱਤੀ, ਉੱਥੇ ਉਨ੍ਹਾਂ ਵਲੋਂ ਸਕੂਲ ਦੇ ਸਮੂਹ ਬੱਚਿਆਂ ਲਈ ਲੰਗਰ ਵੀ ਲਗਾਇਆ ਗਿਆ।