ਆਰਥਿਕ ਸੁਸਤੀ ਨੂੰ ਲੈ ਕੇ ਕੇਂਦਰ ਦੀ ਮੋਦੀ ਸਰਕਾਰ ਵਿਰੋਧੀ ਧਿਰ ਦੇ ਨਿਸ਼ਾਨੇ ‘ਤੇ ਹੈ। ਇਸੇ ਵਿਚਾਲੇ ਅੱਜ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇੱਕ ਵਾਰ ਫਿਰ ਪ੍ਰੈੱਸ ਕਾਨਫ਼ਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਹਾਊਸਿੰਗ ਸੈਕਟਰ ਲਈ ਕਈ ਵੱਡੇ ਐਲਾਨ ਕੀਤੇ। ਵਿੱਤ ਮੰਤਰੀ ਸੀਤਾਰਮਨ ਨੇ ਕਿਹਾ ਕਿ ਹਾਊਸਿੰਗ ਸੈਕਟਰ ਨੂੰ ਰਫ਼ਤਾਰ ਦੇਣ ਲਈ ਸਰਕਾਰ 10 ਹਜ਼ਾਰ ਕਰੋੜ ਰੁਪਏ ਦੇਵੇਗੀ। ਇਹ ਫ਼ੰਡ 60 ਫ਼ੀਸਦੀ ਪੂਰੇ ਹੋ ਗਏ ਅਤੇ ਲਟਕੇ ਪ੍ਰਾਜੈਕਟਾਂ ਲਈ ਹੋਵੇਗਾ। ਹਾਲਾਂਕਿ ਇਸ ‘ਚ ਸ਼ਰਤ ਇਹ ਹੈ ਕਿ ਇਹ ਪ੍ਰਾਜੈਕਟ ਐੱਨ. ਪੀ. ਏ ਅਤੇ ਐੱਨ. ਸੀ. ਐੱਲ. ਟੀ. ‘ਚ ਨਾ ਹੋਣ। ਸਰਕਾਰ ਦੇ ਇਸ ਐਲਾਨ ਨਾਲ ਦਿੱਲੀ-ਐੱਨ. ਸੀ. ਆਰ. ‘ਚ ਆਪਣੇ ਘਰ ਦਾ ਇੰਤਜ਼ਾਰ ਕਰ ਰਹੇ ਹਜ਼ਾਰਾਂ ਨਿਵੇਸ਼ਕਾਂ ਨੂੰ ਲਾਭ ਮਿਲ ਸਕਦਾ ਹੈ। ਵਿੱਤ ਮੰਤਰੀ ਨੇ ਕਿਹਾ ਕਿ ਘਰ ਖ਼ਰੀਦਣ ਲਈ ਜ਼ਰੂਰੀ ਵਿੰਡੋ ਬਣਾਈ ਜਾਵੇਗੀ। ਇਸ ‘ਚ ਮਾਹਰ ਲੋਕ ਕੰਮ ਕਰਨਗੇ। ਲੋਕਾਂ ਨੂੰ ਘਰ ਲੈਣ ‘ਚ ਆਸਾਨੀ ਹੋਵੇਗੀ ਅਤੇ ਆਸਾਨੀ ਨਾਲ ਲੋਨ ਲਿਆ ਜਾ ਸਕੇਗਾ। ਐਕਸਟਰਨਲ ਕਮਰਸ਼ੀਅਲ ਗਾਈਡ ਲਾਈਨ ਫ਼ਾਰ ਅਫੋਰਡੇਬਲ ਹਾਊਸਿੰਗ ‘ਚ ਰਾਹਤ ਦਿੱਤੀ ਜਾਵੇਗੀ। ਵਿੱਤ ਮੰਤਰੀ ਨੇ ਕਿਹਾ ਕਿ ਬਜਟ ‘ਚ ਕਈ ਕਦਮ ਉਠਾਏ ਗਏ ਹਨ। ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ 1.95 ਕਰੋੜ ਲੋਕਾਂ ਨੂੰ ਫ਼ਾਇਦਾ ਹੋਇਆ ਹੈ ।