Menu

ਪਟਿਆਲਾ ਵਿਖੇ ਪਾਣੀ ਸੰਭਾਲ ਜਾਗਰੂਕਤਾ ਮੈਰਾਥਨ ਆਯੋਜਿਤ

ਚੰਗੀਗੜ੍ਹ/ਪਟਿਆਲਾ – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ  ਨੂੰ ਮਨਾਉਣ ਸਬੰਧੀ ਸਮਾਗਮਾਂ ਦੀ ਲੜੀ ਵਜੋਂ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਪਟਿਆਲਾ ਵਿਖੇ ਪਾਣੀ ਸੰਭਾਲ ਜਾਗਰੂਕਤਾ ਮੈਰਾਥਨ ਕਰਵਾਈ ਗਈ।

ਇਸ ਮੈਗਾ ਈਵੈਂਟ ਵਿੱਚ ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਸਮੇਤ ਸਰਕਰੀ ਸਕੂਲਾਂ ਦੇ 3,000 ਵਿਦਿਆਰਥੀਆਂ ਦੇ ਨਾਲ ਨਾਲ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਭਾਗ ਲਿਆ ਜਿਨ੍ਹਾਂ ਵਿੱਚ ਸਕੱਤਰ, ਸਿੱਖਿਆ ਸ੍ਰੀ ਕ੍ਰਿਸ਼ਨ ਕੁਮਾਰ, ਡੀ.ਪੀ.ਆਈ. ਸ੍ਰੀ ਇੰਦਰਜੀਤ ਸਿੰਘ ਅਤੇ ਪਟਿਆਲਾ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ, ਸੈਕੰਡਰੀ ਅਤੇ ਐਲੀਮੈਂਟਰੀ ਸ਼ਾਮਲ ਸਨ।

ਮੈਰਾਥਨ ਨੂੰ ਹਰੀ ਝੰਡੀ ਦਿਖਾਉਣ ਤੋਂ ਪਹਿਲਾਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਸਿੱਖਿਆ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਸਬੰਧੀ ਸੂਬਾ ਸਰਕਾਰ ਸਮਾਗਮਾਂ ਦੀ ਲੜੀ ਦਾ ਆਯੋਜਨ ਕਰ ਰਹੀ ਹੈ। ਇਨ੍ਹਾਂ ਸਮਾਗਮਾਂ ਦੀ ਕੜੀ ਵਜੋਂ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ 1 ਅਗਸਤ ਤੋਂ 14 ਅਗਸਤ ਤੱਕ ਪਾਣੀ ਸੰਭਾਲ ਪੰਦਰਵਾੜੇ ਦਾ ਆਯੋਜਨ ਕੀਤਾ ਜਿਸ ਦੇ ਆਖ਼ਰੀ ਦਿਨ ਮੈਰਾਥਨ ਕਰਵਾਈ ਗਈ। ਇਸ ਪੰਦਰਵਾੜੇ ਦੌਰਾਨ ਸੂਬੇ ਦੇ ਸਾਰੇ ਮਿਡਲ, ਸੈਕੰਡਰੀ ਅਤੇ ਹਾਈ ਸੈਕੰਡਰੀ ਸਕੂਲਾਂ ਵਿੱਚ ਪਾਣੀ ਸੰਭਾਲ ਸਬੰਧੀ ਲੇਖ ਲਿਖਣ, ਬੂਟੇ ਲਗਾਉਣ, ਕੁਇਜ਼ ਮੁਕਾਬਲੇ, ਵਨ ਐਕਟ ਪਲੇਅਜ਼, ਸਲੋਗਨ ਰਾਇਟਿੰਗ, ਗਰੁੱਪ ਵਿਚਾਰ-ਚਰਚਾ, ਚਾਰਟ ਬਣਾਉਣ ਅਤੇ ਆਬਜੈਕਟਿਵ ਸਵਾਲ-ਜਵਾਬ ਮੁਕਾਬਲੇ ਕਰਵਾਏ ਗਏ।

ਉਹਨਾਂ ਕਿਹਾ ਕਿ ਪਾਣੀ ਸੰਕਟ ਪੰਜਾਬ ਸਮੇਤ ਦੇਸ਼ ਲਈ ਗੰਭੀਰ ਸਮੱਸਿਆ ਹੈ। ਇਸ ਬਹੁਮੁੱਲੇ ਕੁਦਰਤੀ ਸੋਮੇ ਨੂੰ ਸਿਰਫ਼ ਤਾਂ ਹੀ ਬਚਾਇਆ ਜਾ ਸਕਦਾ ਹੈ ਜੇਕਰ ਸਾਡੇ ਵਿਦਿਆਰਥੀ ਜੋ ਵਾਤਾਵਰਣ ਦੇ ਵਾਰਸ ਹਨ, ਨੂੰ ਇਸਦਾ ਰਾਖਾ ਬਣਾਇਆ ਜਾਵੇ। ਵਿਦਿਆਰਥੀਆਂ ਨੂੰ ਇਸ ਬਹੁਮੁੱਲੇ ਸਰੋਤ ਦੀ ਸੰਭਾਲ ਲਈ ਆਪਣਾ ਯੋਗਦਾਨ ਦੇਣ ਲਈ ਪ੍ਰੇਰਿਤ ਕੀਤਾ ਜਾਵੇਗਾ। ਬਚਪਨ ਤੋਂ ਹੀ ਵਿਦਿਆਰਥੀਆਂ ਨੂੰ ਵਾਤਾਵਰਣ ਅਤੇ ਕੁਦਰਤੀ ਸੋਮਿਆਂ ਦੀ ਸੰਭਾਲ ਪ੍ਰਤੀ ਜਾਗਰੂਕ ਕਰਨ ਦੀ ਲੋੜ ਹੈ।

ਸਿੱਖਿਆ ਮੰਤਰੀ ਨੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਅਤੇ ਪਾਣੀ ਦੀ ਦੁਰਵਰਤੋਂ ਨੂੰ ਰੋਕਣ ਲਈ ਕਿਹਾ। ਉਹਨਾਂ ਨੇ ਇਸ ਮੁੱਦੇ ਨੂੰ ਵਿਭਾਗ ਵਲੋਂ ਗੰਭੀਰਤਾ ਨਾਲ ਲੈਣ ਲਈ ਸ਼ਲਾਘਾ ਕੀਤੀ ਅਤੇ ਇਸ ਜਾਗਰੂਕਤਾ ਪੰਦਰਵਾੜੇ ਨੂੰ 31 ਅਗਸਤ ਤੱਕ ਵਧਾਉਣ ਦੀ ਹਦਾਇਤ ਕੀਤੀ ਜਿਸ ਨਾਲ  ਵਿਦਿਆਰਥੀਆਂ ਦੇ ਨਾਲ ਨਾਲ ਹੁਣ ਉਹਨਾਂ ਦੇ ਮਾਪਿਆਂ ਨੂੰ ਵੀ ਇਸ ਜਾਗਰੂਕਤਾ ਮੁਹਿੰਮ ਵਿੱਚ ਸ਼ਾਮਿਲ ਕਰਕੇ ਇਸ ਨੂੰ ਜਾਗਰੂਕਤਾ ਮਹੀਨਾ ਬਣਾਇਆ ਜਾ ਸਕੇ।

ਇਹ ਮੈਰਾਥਨ ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ, ਸਿਵਲ ਲਾਈਨਜ਼, ਪਟਿਆਲਾ ਤੋਂ ਤਕਰੀਬਨ ਸਵੇਰੇ 6:30 ਤੋਂ ਸ਼ੁਰੂ ਕੀਤੀ ਗਈ ਅਤੇ ਸ਼ਹਿਰ ਦੇ ਵਿਭਿੰਨ ਪ੍ਰਮੁੱਖ ਮਾਰਗਾਂ ਚੋਂ ਹੁੰਦੀ ਹੋਈ ਇਹ ਮੈਰਾਥਨ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਜਾ ਕੇ ਸਮਾਪਤ ਹੋਈ।

ਇਸ ਮੈਰਾਥਨ ਦੇ ਜੇਤੂਆਂ ਨੂੰ ਵਧਾਈ ਦਿੰਦਿਆਂ, ਸਿੱਖਿਆ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਵੱਖ ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ ਜਾਵੇਗਾ।

Listen Live

Subscription Radio Punjab Today

Our Facebook

Social Counter

  • 16155 posts
  • 0 comments
  • 0 fans

Log In