ਜ਼ਿਲ੍ਹਾ ਫਰੀਦਕੋਟ ਦੀ ਪੁਲਿਸ ਵੱਲੋਂ ਇੱਕ ਨੌਜਵਾਨ ਨੂੰ ਅਗਵਾ ਕਰਕੇ ਕਤਲ ਕੀਤੇ ਜਾਣ ਦਾ ਮਾਮਲਾ ਅਜੇ ਠੰਡਾ ਨਹੀਂ ਹੋ ਰਿਹਾ ਹੈ ਕਿ ਬਠਿੰਡਾ ਪੁਲਿਸ ਵੱਲੋਂ ਵੀ ਇੱਕ ਨੌਜਵਾਨ ਦੀ ਬੇਰਿਹਮੀ ਨਾਲ ਕੁੱਟਮਾਰ ਕਰਕੇ ਉਸ ਦੇ ਗੁਪਤ ਅੰਗ ਅਤੇ ਰੀੜ ਦੀ ਹੱਡੀ ਨੂੰ ਨੁਕਸਾਨ ਪਹੁੰਚਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਥਾਣਾ ਨੇਹੀਆਂਵਾਲਾ ਅਧੀਨ ਪੈਂਦੀ ਪੁਲਿਸ ਚੌਕੀ ਕਿਲੀ ਨਿਹਾਲ ਸਿੰਘ ਵਾਲਾ ਵਿੱਚ ਵਾਪਰੀ ਹੈ ਜਿੱਥੇ ਚੌਕੀ ਇੰਚਾਰਜ਼ ਕੌਰ ਸਿੰਘ ਨੇ ਨੌਜਵਾਨ ਉੱਪਰ ਅੰਨਾ ਜ਼ਬਰ ਢਾਹਿਆ ਹੈ। ਪੀੜਤ ਨੌਜਵਾਨ ਨੂੰ ਬਠਿੰਡਾ ਦੇ ਨਿੱਜੀ ਹਸਪਤਾਲ ਤੋਂ ਜਵਾਬ ਮਿਲਣ ਬਾਅਦ ਇਲਾਜ ਲਈ ਮੈਡੀਕਲ ਕਾਲਜ ਫਰੀਦਕੋਟ ਵਿਖੇ ਦਾਖਲ ਕਰਵਾਇਆ ਗਿਆ ਹੈ। ਇਸ ਸਾਰੇ ਮਾਮਲੇ ਦੀ ਸ਼ੋਸ਼ਲ ਮੀਡੀਆ ਉੱਪਰ ਇੱਕ ਵੀਡੀਓ ਵੀ ਵਾਇਰਲ ਹੋਈ ਹੈ, ਜਿਸ ਵਿੱਚ ਕੁੱਟਮਾਰ ਦਾ ਸ਼ਿਕਾਰ ਨੌਜਵਾਨ ਤੜਫ ਰਿਹਾ ਹੈ ਤੇ ਉਸ ਦੇ ਵਾਰਸ ਚੌਕੀ ਇੰਚਾਰਜ਼ ਨਾਲ ਬਹਿਸਦੇ ਨਜ਼ਰ ਆ ਰਹੇ ਹਨ ਅਤੇ ਇੰਚਾਰਜ਼ ‘ਤੇ ਰਾਜੀਨਾਮੇ ਬਦਲੇ 35 ਹਜ਼ਾਰ ਰੁਪਏ ਲੈਣ ਦੇ ਦੋਸ਼ ਵੀ ਲਾ ਰਹੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲਾ ਫਰੀਦਕੋਟ ਦੇ ਪਿੰਡ ਨਵਾਂ ਕਿਲਾ ਦਾ ਨੌਜਵਾਨ ਮਨਵੀਰ ਸਿੰਘ ਪੁੱਤਰ ਸੱਜਣ ਸਿੰਘ ਬਠਿੰਡਾ ਦੇ ਪਿੰਡ ਮਹਿਮਾ ਸਵਾਈ ਵਿਖੇ ਵਿਆਹੀ ਹੋਈ ਆਪਣੀ ਪ੍ਰੇਮਿਕਾ ਨੂੰ ਵਰਗਲਾ ਕੇ ਲੈ ਗਿਆ ਸੀ, ਜਿਸ ਦੀ ਲੜਕੀ ਦੇ ਵਾਰਸਾਂ ਨੇ ਪੁਲਿਸ ਚੌਕੀ ਕਿਲੀ ਨਿਹਾਲ ਸਿੰਘ ਵਾਲਾ ਕੋਲ ਸ਼ਿਕਾਇਤ ਕੀਤੀ ਸੀ। ਪੁਲਿਸ ਨੇ ਕਥਿੱਤ ਦੋਸ਼ੀ ਦੀ ਪੈੜ ਨੱਪਦੇ ਹੋਏ ਉਸ ਦਾ ਥਹੁ-ਪਤਾ ਲੱਭ ਲਿਆ ਸੀ, ਪਰ ਨਵਾਂ ਕਿਲਾ ਪਿੰਡ ਦੀ ਪੰਚਾਇਤ ਵੱਲੋਂ ਬੀਤੇ ਕੱਲ ਉੱਕਤ ਨੌਜਵਾਨ ਤੇ ਉਸ ਦੀ ਪ੍ਰੇਮਿਕਾ ਨੂੰ ਕਿਲੀ ਪੁਲਿਸ ਕੋਲ ਪੇਸ਼ ਕਰ ਦਿੱਤਾ ਗਿਆ। ਉੱਕਤ ਨੌਜਵਾਨ ਦੇ ਭਰਾ ਗੁਰਪਿਆਰ ਸਿੰਘ ਨੇ ਚੌਕੀ ਇੰਚਾਰਜ਼ ਕੌਰ ਸਿੰਘ ‘ਤੇ ਦੋਸ਼ ਲਾਉਂਦੇ ਕਿਹਾ ਕਿ ਇਸ ਮੌਕੇ ਤੈਸ਼ ‘ਚ ਆਏ ਚੌਕੀ ਇੰਚਾਰਜ਼ ਨੇ ਮਨਵੀਰ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ, ਜਿਸ ਦੌਰਾਨ ਉਸ ਦੇ ਗੁਪਤ ਅੰਗ ਅਤੇ ਰੀੜ ਦੀ ਹੱਡੀ ‘ਤੇ ਗੰਭੀਰ ਸੱਟਾਂ ਲੱਗੀਆਂ। ਪੀੜਤ ਦੇ ਵਾਰਸਾਂ ਵੱਲੋਂ ਉਸ ਨੂੰ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੋਂ ਡਾਕਟਰਾਂ ਨੇ ਉਸ ਦੀ ਹਾਲਤ ਨੂੰ ਦੇਖਦੇ ਮੈਡੀਕਲ ਕਾਲਜ ਫਰੀਦਕੋਟ ਭੇਜ ਦਿੱਤਾ।
ਇਸ ਸੰਬੰਧੀ ਜਦੋਂ ਚੌਕੀ ਇੰਚਾਰਜ਼ ਏ.ਐਸ.ਆਈ. ਕੌਰ ਸਿੰਘ ਦਾ ਪੱਖ ਜਾਨਣ ਲਈ ਉਨ੍ਹਾਂ ਨਾਲ ਵਾਰ-ਵਾਰ ਉਨ੍ਹਾਂ ਦੇ ਸਰਕਾਰੀ ਮੋਬਾਇਲ ਨੰਬਰ ‘ਤੇ ਸੰਪਰਕ ਕੀਤਾ ਗਿਆ, ਪਰ ਖਬਰ ਲਿਖੇ ਜਾਣ ਤੱਕ ਉਨ੍ਹਾਂ ਦਾ ਮੋਬਾਇਲ ਫੋਨ ਬੰਦ ਸੀ।
ਥਾਣਾ ਮੁਖੀ ਇੰਸਪੈਕਟਰ ਰਾਜੇਸ਼ ਕੁਮਾਰ ਦਾ ਕਹਿਣਾ ਹੈ ਮਾਮਲਾ ਤਾਂ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਅਤੇ ਪੀੜਤ ਵਿਅਕਤੀ ਦੀ ਐਮ.ਐਲ.ਆਰ. ਵੀ ਮਿਲ ਚੁੱਕੀ ਹੈ, ਪਰ ਅਜੇ ਤੱਕ ਕਿਸੇ ਵੀ ਵਿਅਕਤੀ ਨੇ ਉਨ੍ਹਾਂ ਕੋਲ ਬਿਆਨ ਦਰਜ ਨਹੀਂ ਕਰਵਾਏ ਹਨ। ਉਨ੍ਹਾਂ ਕਿਹਾ ਕਿ
ਬਿਆਨ ਦਰਜ ਹੋਣ ਬਾਅਦ ਹੀ ਅਗਲੇਰੀ ਕਰਵਾਈ ਕੀਤੀ ਜਾਵੇਗੀ।
ਓਧਰ ਮਹਿਮਾ ਸਵਾਈ ਦੇ ਸਰਪੰਚ ਜਸਵੰਤ ਸਿੰਘ ਬਰਾੜ ਅਤੇ ਗ੍ਰਾਮ ਪੰਚਾਇਤ ਨੇ ਚੌਕੀ ਇੰਚਾਰਜ਼ ਕੌਰ ਸਿੰਘ ਦੇ ਹੱਕ ਵਿੱਚ ਖੜਦੇ ਹੋਏ ਸਪੱਸ਼ਟ ਕੀਤਾ ਕਿ ਪੁਲਿਸ ਹਿਰਾਸਤ ਵਿੱਚ ਉੱਕਤ ਨੌਜਵਾਨ ਦੀ ਕੋਈ ਕੁੱਟਮਾਰ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਕਥਿੱਤ ਦੋਸ਼ੀ ਪੁਲਿਸ
‘ਤੇ ਦਬਾਅ ਪਾਉਣ ਲਈ ਝੂਠੀ ਸਾਜਿਸ਼ ਘੜ ਰਹੇ ਹਨ, ਜੋ ਕਾਮਯਾਬ ਨਹੀਂ ਹੋਣ ਦਿੱਤੀ ਜਾਵੇਗੀ।