ਨਵੀਂ ਦਿੱਲੀ – ਦਿੱਲੀ ‘ਚ ਭਾਰਤੀ ਜਨਤਾ ਪਾਰਟੀ ਦੇ ਮੁੱਖ ਦਫ਼ਤਰ ਵਿਚ ਭਾਜਪਾ ਦੇ ਬੁਲਾਰੇ ਅਤੇ ਰਾਜ ਸਭਾ ਮੈਂਬਰ ਜੀ.ਵੀ.ਐਲ. ਨਰਸਿਮ੍ਹਾ ਵੱਲੋਂ ਭੋਪਾਲ ਸੀਟ ਤੋਂ ਸਾਧਵੀ ਪ੍ਰਗਯਾ ਸਿੰਘ ਨੂੰ ਉਮੀਦਵਾਰ ਬਣਾਏ ਜਾਣ ਦੇ ਸੰਬੰਧ ‘ਚ ਪ੍ਰੈੱਸ ਕਾਨਫ਼ਰੰਸ ਕੀਤੀ ਜਾ ਰਹੀ ਸੀ।ਇਸ ਦੌਰਾਨ ਓਥੇ ਮੌਜੂਦ ਇੱਕ ਵਿਅਕਤੀ ਨੇ ਭਾਜਪਾ ਦੇ ਬੁਲਾਰੇ ਜੀ.ਵੀ.ਐਲ. ਨਰਸਿਮ੍ਹਾ ਤੇ ਜੁੱਤੀ ਸੁੱਟ ਕੇ ਹਮਲਾ ਕਰ ਦਿੱਤਾ।ਇਸ ਘਟਨਾ ਮਗਰੋਂ ਉੱਥੇ ਮੌਜੂਦ ਸੁਰੱਖਿਆ ਕਰਮਚਾਰੀਆਂ ਨੇ ਦੋਸ਼ੀ ਵਿਅਕਤੀ ਨੂੰ ਫੜ ਲਿਆ ਹੈ ਅਤੇ ਉਸ ਨੂੰ ਬਾਹਰ ਲੈ ਗਏ।ਦੱਸਿਆ ਜਾ ਰਿਹਾ ਹੈ ਕਿ ਜੁੱਤੀ ਮਾਰਨ ਵਾਲਾ ਵਿਅਕਤੀ ਉੱਤਰ ਪ੍ਰਦੇਸ਼ ਦੇ ਕਾਨਪੁਰ ਜ਼ਿਲ੍ਹੇ ਦਾ ਹੈ।ਉਸ ਵਿਅਕਤੀ ਦਾ ਨਾਂ ਸ਼ਕਤੀ ਭਾਰਗਵ ਦੱਸਿਆ ਜਾ ਰਿਹਾ ਹੈ।ਪੁਲਿਸ ਵੱਲੋਂ ਦੋਸ਼ੀ ਨੂੰ ਹਿਰਾਸਤ ‘ਚ ਲੈ ਕੇ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਬੀਜੇਪੀ ਨੇ ਇਸ ਘਟਨਾ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਇਹ ਬੇਹੱਦ ਦੁਖਦਾਈ ਅਤੇ ਨਿੰਦਣਯੋਗ ਹੈ।