ਬਗ਼ਦਾਦ – ਇਰਾਕੀ ਫੌਜ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਰਾਕ ਦੇ ਉੱਤਰੀ ਸੂਬੇ ਕਿਰਕੁਕ ‘ਚ ਇਰਾਕੀ ਹਵਾਈ ਫੌਜ ਅਤੇ ਕੌਮਾਂਤਰੀ ਗਠਜੋੜ ਵਲੋਂ ਕੀਤੇ ਹਵਾਈ ਹਮਲੇ ‘ਚ ਇਸਲਾਮਿਕ ਸਟੇਟ (ਆਈ. ਐੱਸ.) ਦੇ 9 ਅੱਤਵਾਦੀ ਮਾਰੇ ਗਏ। ਇਰਾਕ ਸੰਯੁਕਤ ਮੁਹਿੰਮ ਕਮਾਨ (ਜੇ. ਓ. ਸੀ.) ਦੇ ਇੱਕ ਬਿਆਨ ਮੁਤਾਬਕ ਖ਼ੁਫ਼ੀਆ ਰਿਪੋਰਟਾਂ ‘ਤੇ ਕਾਰਵਾਈ ਕਰਦਿਆਂ ਇਰਾਕੀ ਅਤੇ ਗਠਜੋੜ ਹਵਾਈ ਫੌਜ ਨੇ ਸੂਬੇ ਦੀ ਰਾਜਧਾਨੀ ਕਿਰਕੁਕ ਦੇ ਦੱਖਣ ‘ਚ ਬਗ਼ਦਾਦ ਤੋਂ ਲਗਭਗ 250 ਕਿਲੋਮੀਟਰ ਦੂਰ ਦੱਖਣ ‘ਚ ਵਾਡੀ ਅਬੂ ਖ਼ਨਾਜ਼ਿਰ ਇਲਾਕੇ ‘ਚ ਆਈ. ਐੱਸ. ਦੇ ਇੱਕ ਟਿਕਾਣੇ ‘ਤੇ ਬੰਬਾਰੀ ਕੀਤੀ। ਬਿਆਨ ‘ਚ ਕਿਹਾ ਗਿਆ ਹੈ ਕਿ ਇਰਾਕੀ ਬਲਾਂ ਨੇ ਨਸ਼ਟ ਕੀਤੇ ਟਿਕਾਣਿਆਂ ਦੀ ਤਲਾਸ਼ੀ ਲਈ, ਜਿੱਥੇ ਅੱਤਵਾਦੀਆਂ ਦੀਆਂ 9 ਲਾਸ਼ਾਂ ਮਿਲੀਆਂ।