Menu

ਅਕਾਲੀਆਂ ਨੇ ਆਪਣੇ ਕੁਸ਼ਾਸਨ ਦੌਰਾਨ ਨਹੀਂ ਕੀਤੀ ਗੁਰੂ ਘਰਾਂ ਦੀ ਸੰਭਾਲ – ਕੈਪਟਨ ਅਮਰਿੰਦਰ ਸਿੰਘ

ਸ੍ਰੀ ਚਮਕੌਰ ਸਾਹਿਬ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀਆਂ ’ਤੇ ਵਰ੍ਹਦਿਆਂ ਆਖਿਆ ਕਿ ਇਨਾਂ ਨੇ ਆਪਣੇ 10 ਸਾਲਾਂ ਦੇ ਕੁਸ਼ਾਸਨ ਦੌਰਾਨ ਗੁਰੂ ਘਰਾਂ ਦੀ ਸੰਭਾਲ ਤੱਕ ਨਹੀਂ ਕੀਤੀ। ਇਸ ਮੌਕੇ ਉਨਾਂ ਨੇ ਸ੍ਰੀ ਚਮਕੌਰ ਸਾਹਿਬ ਨੂੰ ਮਿਊਂਸਪਲ ਕਮੇਟੀ ਦਾ ਦਰਜਾ ਦੇਣ ਦੀ ਸਿਧਾਂਤਕ ਪ੍ਰਵਾਨਗੀ ਦਿੰਦਿਆਂ ਇਲਾਕੇ ਲਈ ਕਈ ਵਿਕਾਸ ਪ੍ਰੋਜੈਕਟਾਂ ਦਾ ਐਲਾਨ ਕੀਤਾ।

ਮੁੱਖ ਮੰਤਰੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਸਕਿੱਲਜ਼ ਇੰਸਟੀਚਿਊਟ ਦਾ ਨੀਂਹ ਪੱਥਰ ਵੀ ਰੱਖਿਆ। ਇਹ ਇੰਸਟੀਚਿਊਟ ਇੰਦਰ ਕੁਮਾਰ ਗੁਜਰਾਲ ਟੈਕਨੀਕਲ ਯੂਨੀਵਰਸਿਟੀ ਦਾ ਕਾਂਸਟੀਟੂਐਂਟ ਕਾਲਜ ਹੈ। ਇਹ ਪ੍ਰੋਜੈਕਟ ਪਵਿੱਤਰ ਸ਼ਹਿਰ ਸ੍ਰੀ ਚਮਕੌਰ ਸਾਹਿਬ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਬਣਾਉਣ ਲਈ ਸਰਕਾਰ ਦੀ ਉਲੀਕੀ ਹੋਈ ਯੋਜਨਾ ਦਾ ਹਿੱਸਾ ਹੈ।

ਮੁੱਖ ਮੰਤਰੀ ਨੇ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਦੇ ਨਾਂ ’ਤੇ ਸ਼ਹਿਰ ਵਿੱਚ ਦੋ ਗੇਟ ਉਸਾਰਨ ਦਾ ਵੀ ਐਲਾਨ ਕੀਤਾ।

ਕੈਪਟਨ ਅਮਰਿੰਦਰ ਸਿੰਘ ਨੇ ਉਨਾਂ ਦੀ ਸਰਕਾਰ ਵੱਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ 40 ਮੁਕਤਿਆਂ ਦੀ ਯਾਦਗਾਰ ਅਤੇ ਫਤਹਿਗੜ ਸਾਹਿਬ ਵਿੱਚ ਚਾਰ ਗੇਟ ਬਣਾਏ ਜਾਣ ਨੂੰ ਚੇਤੇ ਕਰਦਿਆਂ ਆਖਿਆ ਕਿ ਅਕਾਲੀਆਂ ਨੇ ਆਪਣੇ ਇਕ ਦਹਾਕੇ ਦੇ ਮਾੜੇ ਸ਼ਾਸਨਕਾਲ ਦੌਰਾਨ ਸਮਾਜ ਦੇ ਕਿਸੇ ਵੀ ਤਬਕੇ ਲਈ ਕੱਖ ਨਹੀਂ ਕੀਤਾ। ਉਨਾਂ ਕਿਹਾ ਕਿ ਅਕਾਲੀਆਂ ਨੇ ਤਾਂ ਸੂਬੇ ਦੇ ਅਰਥਚਾਰੇ ਦਾ ਵੀ ਭੱਠਾ ਬਿਠਾ ਕੇ ਰੱਖ ਦਿੱਤਾ।

ਮੁੱਖ ਮੰਤਰੀ ਨੇ 15.11 ਕਰੋੜ ਦੀ ਲਾਗਤ ਵਾਲੇ ਦੋ ਹੋਰ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਵਾਈ ਜਿਨਾਂ ਵਿੱਚ 11.50 ਕਰੋੜ ਰੁਪਏ ਦੀ ਲਾਗਤ ਨਾਲ ਸੁੰਦਰੀਕਰਨ ਅਤੇ ਬਾਹਰੀ ਦਿੱਖ ਸੰਵਾਰਨ ਦਾ ਪ੍ਰੋਜੈਕਟ ਅਤੇ 3.61 ਕਰੋੜ ਰੁਪਏ ਦੀ ਲਾਗਤ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ ਨੂੰ ਮਜ਼ਬੂਤ ਬਣਾਉਣ ਅਤੇ ਅੱਪਗ੍ਰੇਡ ਕਰਨ ਦਾ ਪ੍ਰੋਜੈਕਟ ਸ਼ਾਮਲ ਹੈ।

ਮੁੱਖ ਮੰਤਰੀ ਜੋ ਇਸ ਤੋਂ ਪਹਿਲਾਂ ਸ੍ਰੀ ਚਮਕੌਰ ਸਾਹਿਬ ਵਿਖੇ ਨਤਮਸਤਕ ਹੋਏ, ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਆਲੇ-ਦੁਆਲੇ ਸੜਕਾਂ ਅਤੇ ਪਾਰਕਿੰਗ ਦੀ ਘਾਟ ਦਾ ਮਾਮਲਾ ਉਨਾਂ ਦੇ ਧਿਆਨ ਵਿੱਚ ਲਿਆਂਦਾ ਗਿਆ। ਇਸ ਮੌਕੇ ਉਨਾਂ ਨੇ ਗਲਿਆਰਾ ਸਕੀਮ ਲਈ ਪਹਿਲਾਂ ਹੀ ਪ੍ਰਵਾਨਿਤ ਕੀਤੇ 11 ਕਰੋੜ ਰੁਪਏ ਤੋਂ ਇਲਾਵਾ ਚਾਰ ਕਰੋੜ ਰੁਪਏ ਹੋਰ ਦੇਣ ਦਾ ਐਲਾਨ ਕੀਤਾ।

ਹੋਰਾਂ ਪ੍ਰਾਜੈਕਟਾਂ ਦੀ ਵਿਸਥਾਰਤ ਜਾਣਕਾਰੀ ਦਿੰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ‘ਸਵਦੇਸ਼ ਦਰਸ਼ਨ ਸਕੀਮ’ ਹੇਠ 11.50 ਕਰੋੜ ਰੁਪਏ ਦੀ ਲਾਗਤ ਨਾਲ ਇੱਥੋਂ ਦਾ ਸੁੰਦਰੀਕਰਨ ਕੀਤਾ ਜਾਵੇਗਾ। ਇਸ ਵਿੱਚ ਮੋਰਿੰਡਾ-ਬੇਲਾ ਸੜਕ ਅਤੇ ਸੰਦੌਨ ਸੜਕ ਨੂੰ ਜੋੜਦੇ ਚੌਂਕ ਦਾ ਸੁੰਦਰੀਕਰਨ ਵੀ ਸ਼ਾਮਲ ਹੈ। ਇਸ ਤੋਂ ਇਲਾਵਾ 5 ਕਰੋੜ ਦੀ ਲਾਗਤ ਨਾਲ ਮੁਢਲੀਆਂ ਸਹੂਲਤਾਂ ਨਾਲ ਪਾਰਕਿੰਗ, 5 ਕਰੋੜ ਰੁਪਏ ਦੀ ਲਾਗਤ ਨਾਲ ਗੁਰਦੁਆਰਾ ਸ੍ਰੀ ਕਤਲਗੜ ਸਾਹਿਬ ਦੇ ਸਾਹਮਣੇ ਮਾਰਕੀਟ ਅਤੇ ਖੇਤਰ ਦੇ ਵਿਕਾਸ ਅਤੇ 1.20 ਕਰੋੜ ਰੁਪਏ ਦੀ ਲਾਗਤ ਨਾਲ ਗੁਰਦੁਆਰਾ ਸ੍ਰੀ ਗੜੀ ਸਾਹਿਬ ਵਿਖੇ ਪਾਰਕਿੰਗ ਅਤੇ ਇਸ ਸਥਾਨ ਦਾ ਵਿਕਾਸ ਕਰਨ ਸ਼ਾਮਲ ਹੈ।

ਉਨਾਂ ਨੇ 3.61 ਕਰੋੜ ਰੁਪਏ ਦੀ ਲਾਗਤ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ (ਸੈਕਸ਼ਨ-ਪਿੰਡ ਸਿੰਘ ਤੋਂ ਸ੍ਰੀ ਚਮਕੌਰ ਸਾਹਿਬ) ਦਾ ਪੱਧਰ ਉੱਚਾ ਚੁਕਣ ਅਤੇ ਮਜ਼ਬੂਤ ਬਣਾਉਣ ਲਈ ਵੀ ਨੀਂਹ ਪੱਥਰ ਰੱਖਿਆ ਜਿਸ ਦਾ ਕੰਮ 8 ਮਹੀਨਿਆਂ ਵਿੱਚ ਮੁਕੰਮਲ ਹੋ ਜਾਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ 14 ਕਰੋੜ ਰੁਪਏ ਦੀ ਲਾਗਤ ਨਾਲ ਥੀਮ ਪਾਰਕ ਮੁਕੰਮਲ ਕਰੇਗੀ। ਉਨਾਂ ਕਿਹਾ ਕਿ ਇਹ ਪਾਰਕ ਉਨਾਂ ਵੱਲੋਂ ਹੀ ਸਾਲ 2006 ਵਿੱਚ ਸ਼ੁਰੂ ਕੀਤਾ ਗਿਆ ਸੀ ਪਰ ਅਕਾਲੀ ਸਰਕਾਰ ਨੇ ਇਸ ਨੂੰ ਬੰਦ ਕਰਵਾ ਦਿੱਤਾ ਸੀ।

ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕਾਂਗਰਸ ਸਰਕਾਰ ਇਸ ਖਿੱਤੇ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਇਸ ਤੋਂ ਇਲਾਵਾ ਇਸ ਖੇਤਰ ਵਿੱਚ ਸਾਰੀਆਂ ਬੁਨਿਆਦੀ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਵਿਕਾਸ ਕਾਰਜਾਂ ਨੂੰ ਖੜੋਤ ਵਿੱਚ ਲਿਆਉਣ ਦੀ ਕੋਸ਼ਿਸ਼ ਕਰਨ ਲਈ ਅਕਾਲੀਆਂ ਦੀ ਤਿੱਖੀ ਆਲੋਚਨਾ ਕਰਦੇ ਹੋਏ ਉਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਚਮਕੌਰ ਸਾਹਿਬ ਦੇ ਵਾਸਤੇ 20 ਕਰੋੜ, ਫਤਹਿਗੜ ਸਾਹਿਬ ਲਈ 20 ਕਰੋੜ ਅਤੇ ਸ੍ਰੀ ਆਨੰਦਪੁਰ ਸਾਹਿਬ ਦੇ ਲਈ 32 ਕਰੋੜ ਰੁਪਏ ਦੇ ਫੰਡ ਕੇਂਦਰ ਤੋਂ ਲਿਆਂਦੇ ਹਨ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਮੰਤਰੀ ਦੇ ਮੀਡੀਆ ਰਵੀਨ ਠੁਕਰਾਲ, ਵਿਧਾਇਕ ਦਰਸ਼ਨ ਲਾਲ ਮੰਗੂਪੂਰ ਅਤੇ ਗੁਰਪ੍ਰੀਤ ਸਿੰਘ ਜੀ.ਪੀ., ਪ੍ਰਮੁੱਖ ਸਕੱਤਰ ਤਕਨੀਕੀ ਸਿੱਖਿਆ ਡੀ.ਕੇ. ਤਿਵਾੜੀ, ਪ੍ਰਮੁੱਖ ਸਕੱਤਰ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਕਾਸ ਪ੍ਰਤਾਪ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਗੁਰਕਿਰਤ ਕਿ੍ਰਪਾਲ ਸਿੰਘ ਅਤੇ ਡਿਪਟੀ ਕਮਿਸ਼ਨਰ ਸੁਮਿਤ ਜਰੰਗਲ ਹਾਜ਼ਰ ਸਨ।

Listen Live

Subscription Radio Punjab Today

Our Facebook

Social Counter

  • 14532 posts
  • 0 comments
  • 0 fans

Log In