ਇਸਲਾਮਾਬਾਦ – ਪਾਕਿਸਤਾਨ ਦੇ ਬਾਲਾਕੋਟ ਵਿਚ ਭਾਰਤੀ ਹਵਾਈ ਫੌਜ ਵੱਲੋਂ ਕੀਤੇ ਹਮਲੇ ਤੋਂ ਬਾਅਦ ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਆਖਿਆ ਹੈ ਕਿ ਪਾਕਿਸਾਤਨ ਭਾਰਤ ਉਤੇ ਜਵਾਬੀ ਕਾਰਵਾਈ ਕਰੇਗਾ। ਕੁਰੈਸ਼ੀ ਨੇ ਆਖਿਆ ਕਿ ਇਹ ਪਾਕਿਸਤਾਨ ਉਤੇ ਹਮਲਾ ਹੈ ਤੇ ਉਹ ਭਾਰਤ ਨੂੰ ਇਸ ਦਾ ਜਵਾਬ ਦੇਣਗੇ। ਭਾਰਤ ਨੇ ਐਲਓਸੀ ਦਾ ਉਲੰਘਣ ਕੀਤਾ ਹੈ ਤੇ ਇਸ ਲਈ ਪਾਕਿਸਤਾਨ ਨੂੰ ਜਵਾਬੀ ਕਾਰਵਾਈ ਕਰਨ ਦਾ ਅਧਿਕਾਰ ਹੈ।ਭਾਰਤ ਦੀ ਏਅਰ ਸਟ੍ਰਾਈਕ ਮਗਰੋਂ ਭਾਵੇਂ ਪਾਕਿਸਤਾਨ ਆਪਣੇ ਖੇਤਰ ਵਿਚ ਕਿਸੇ ਵੀ ਕਿਸਮ ਦੇ ਜਾਨੀ ਮਾਲੀ ਨੁਕਸਾਨ ਤੋਂ ਇਨਕਾਰ ਕਰ ਰਿਹਾ ਹੈ ਪਰੰਤੂ ਉਸ ਦਾ ਕਹਿਣਾ ਹੈ ਕਿ ਉਹ ਭਾਰਤ ਦੇ ਹਮਲੇ ਦਾ ਜਵਾਬ ਆਪਣੇ ਚੁਣੇ ਹੋਏ ਸਮੇਂ ਤੇ ਸਥਾਨ ‘ਤੇ ਦੇਵੇਗਾ। ਭਾਰਤ ਦੇ ਹਵਾਈ ਹਮਲੇ ਮਗਰੋਂ ਕੌਮੀ ਸੁਰੱਖਿਆ ਕਮੇਟੀ ਨੇ ਜਲਦ ਮੀਟਿੰਗ ਕੀਤੀ, ਜਿਸ ਵਿਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਆਪਣੀਆਂ ਫ਼ੌਜਾਂ ਤੇ ਲੋਕਾਂ ਨੂੰ ਹਰ ਤਰ੍ਹਾਂ ਦੇ ਹਾਲਾਤ ਲਈ ਤਿਆਰ ਰਹਿਣ ਲਈ ਕਿਹਾ।