ਬਠਿੰਡਾ – ਮਾਲਵੇ ਦੀ ਉੱਘੀ ਸੰਸਥਾ ਮਾਲਵਾ ਹੈਰੀਟੇਜ਼ ਅਤੇ ਸੱਭਿਆਚਾਰਕ ਫਾਊਂਡੇਸ਼ਨ ਵੱਲੋਂ ਇਸ ਵਾਰ 15ਵਾਂ ਵਿਰਾਸਤ ਮੇਲਾ ਜਲਿਆਂਵਾਲੇ ਬਾਗੇ ਦੇ ਖੂਨੀ ਸਾਕੇ ਦੀ ਸੌ ਸਾਲਾ ਯਾਦ ਵਿੱਚ 22, 23 ਅਤੇ 24 ਫਰਵਰੀ ਨੂੰ ਸੰਸਥਾ ਦੇ ਪ੍ਰਧਾਨ ਭਾਈ ਹਰਵਿੰਦਰ ਸਿੰਘ ਖਾਲਸਾ ਦਾ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ। ਸਵੇਰੇ 11 ਵਜੇ ਵਿਰਾਸਤੀ ਕਾਫਲਾ ਗੁਰਦੁਆਰਾ ਹਾਜੀਰਤਨ ਵਿਖੇ ਅਰਦਾਸ ਕਰਨ ਉਪਰੰਤ ਦਰਗਾਹ ਹਾਜੀਰਤਨ ਤੇ ਚਾਦਰ ਚੜਾਉਣ ਉਪਰੰਤ ਸ਼ੁਰੂ ਹੋਵੇਗਾ ਅਤੇ ਇਹ ਕਾਫਲਾ ਸ਼ਹਿਰ ਵਿੱਚੋਂ ਦੀ ਹੁੰਦਾ ਹੋਇਆ ਸ਼ਾਮ ਨੂੰ ਵਿਰਾਸਤੀ ਪਿੰਡ ਜੈਪਾਲਗੜ ਵਿਖੇ ਪਹੁੰਚੇਗਾ। ਸ਼ਾਮ ਨੂੰ 7 ਤੋਂ 8 ਵਜੇ ਤੱਕ ਐਸਐਸਡੀ ਕਾਲਜ ਬਰਨਾਲਾ ਵੱਲੋਂ ਪੰਜਾਬੀ ਨਾਟਕ ‘ਬੁੱਕਲ ਦੀ ਅੱਗ’ ਖੇਡਿਆ ਜਾਵੇਗਾ। ਉਸ ਤੋਂ ਉਪਰੰਤ ਰਾਤ 8 ਵਜੇ ਤੋਂ 9 ਵਜੇ ਤੱਕ ਨਿਰਦੇਸ਼ਕ ਹਰਕੇਸ਼ ਚੌਧਰੀ ਲੋਕ ਕਲਾ ਮੰਚ ਮੁੱਲਾਂਪੁਰ ਵੱਲੋਂ ਪੰਜਾਬ ਸੰਗੀਤ ਨਾਟਕ ਅਕੈਡਮੀ ਚੰਡੀਗੜ ਦੇ ਸਹਿਯੋਗ ਨਾਲ ਨਾਟਕ ‘ਸੂਰਜ ਛਿਪਣ ਤੋਂ ਪਹਿਲਾਂ’ ਖੇਡਿਆ ਜਾਵੇਗਾ। 23 ਫਰਵਰੀ ਦਿਨ ਸ਼ਨੀਵਾਰ ਨੂੰ ਸਵੇਰੇ 12 ਵਜੇ ਤੋਂ ਨਾਰਥ ਜੋਨ ਕਲਚਰ ਦੀ ਅਗਵਾਈ ਹੇਠ ਵੱਖ ਵੱਖ ਰਾਜਾਂ ਦੇ ਲੋਕ ਨਾਚ, ਭੰਡ, ਜੋਗੀ, ਨਚਾਰ ਆਦਿ ਵੱਲੋਂ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਸ਼ਾਮ 3 ਵਜੇ ਤੋਂ 5 ਵਜੇ ਤੱਕ ਬਾਲ ਗਾਇਕੀ ਦਾ ਪ੍ਰੋਗਰਾਮ ਹੋਵੇਗਾ ਅਤੇ 5 ਵਜੇ ਤੋਂ ਰਾਤ 8 ਵਜੇ ਤੱਕ ਪੰਜਾਬੀ ਲੋਕ ਗਾਇਕ ਆਪਣਾ ਪ੍ਰੋਗਰਾਮ ਪੇਸ਼ ਕਰਨਗੇ। ਰਾਤ 8 ਵਜੇ ਪ੍ਰਸਿੱਧ ਪੰਜਾਬੀ ਲੋਕ ਗਾਇਕ ਗਿੱਲ ਹਰਦੀਪ ਵੱਲੋਂ ਰੰਗ ਬੰਨਿਆ ਜਾਵੇਗਾ। ਮੇਲੇ ਦੇ ਆਖਰੀ ਦਿਨ 23 ਫਰਵਰੀ ਨੂੰ ਸਵੇਰੇ 12 ਵਜੇ ਤੋਂ 3 ਵਜੇ ਤੱਕ ਰੱਸਾ ਕੱਸੀ, ਦੇਸੀ ਘੋਲ, ਬਾਜੀ ਆਦਿ ਰਵਾਇਤੀ ਖੇਡਾਂ ਪੇਸ਼ ਕੀਤੀਆਂ ਜਾਣਗੀਆਂ, ਸ਼ਾਮ 3 ਤੋਂ 4 ਵਜੇ ਤੱਕ ਨਾਰਥ ਜੋਨ ਕਲਚਰ ਦੇ ਕਲਾਕਾਰਾਂ ਵੱਲੋਂ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਅਤੇ ਸ਼ਾਮ 4 ਵਜੇ ਤੋਂ 7 ਵਜੇ ਤੱਕ ਪੰਜਾਬ ਦੇ ਨਾਮਵਰ ਪੰਜਾਬੀ ਗਾਇਕ ਆਪਣੀ ਕਲਾ ਦੇ ਜੌਹਰ ਦਿਖਾਉਣਗੇ। ਸ਼ਾਮ 6:30 ਵਜੇ ਤੋਂ 8 ਵਜੇ ਤੱਕ ਸੂਫੀ ਗਾਇਕ ਸਰਦਾਰ ਅਲੀ ਅਤੇ 8 ਵਜੇ ਤੋਂ ਦੇਰ ਰਾਤ ਤੱਕ ਉੱਘੇ ਪੰਜਾਬੀ ਲੋਕ ਗਾਇਕ ਅਮਰਿੰਦਰ ਬੋਬੀ ਵੱਲੋਂ ਖੁੱਲਾ ਅਖਾੜਾ ਲਗਾਇਆ ਜਾਵੇਗਾ। ਇਸ ਮੌਕੇ ਵੱਖ ਵੱਖ ਰਾਜਨੀਤਿਕ, ਸਮਾਜਿਕ ਅਤੇ ਜਿਲਾ ਪ੍ਰਸਾਸ਼ਨ ਦੇ ਅਧਿਕਾਰੀ ਸਾਰੇ ਪ੍ਰੋਗਰਾਮਾਂ ਵਿੱਚ ਆਪਣੀ ਹਾਜਰੀ ਭਰਨਗੇ।